ਸਮੱਸਿਆਵਾਂ ਨਾਲ ਜੂਝਦਾ ਸਮਾਜ

ਸਮੱਸਿਆਵਾਂ ਨਾਲ ਜੂਝਦਾ ਸਮਾਜ

ਕੋਰੋਨਾ ਵਾਇਰਸ ਕਾਰਨ ਪੂਰੇ ਵਿਸਵ ’ਚ ਹਾਹਾਕਾਰ ਮੱਚੀ ਹੋਈ ਹੈ।ਜਿਸ ਕਾਰਨ ਦੇਸ਼ ਦਾ ਅਰਥਚਾਰਾ ਤੱਕ ਡਗਮਗਾ ਗਿਆ ਹੈ। ਕੋਵਿਡ-19 ਮਹਾਂਮਾਰੀ ਦੇ ਬਾਵਜੂਦ ਕਿਸਾਨ ਪੰਜਾਬ ’ਚ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ, ਫੈਸਲਿਆਂ ਵਿਰੁੱਧ ਅੰਦੋਲਨ ਕਰ ਰਹੇ ਹਨ। ਤਕਰੀਬਨ 1ਅਕਤੂਬਰ ਤੋਂ ਪੰਜਾਬ ਚ ਅਣਮਿੱਥੇ ਸਮੇਂ ਲਈ ਰੇਲ ਰੋਕੋ ਅੰਦੋਲਨ ਸੁਰੂ ਕੀਤਾ ਗਿਆ ਸੀ। ਅੱਜ ਦੇਸ ਦਾ ਅੰਨਦਾਤਾ ਕਹਿ ਰਿਹਾ ਹੈ ਕਿ ਇਹ ਬਿੱਲ ਉਨ੍ਹਾਂ ਨੂੰ ਬਰਬਾਦ ਕਰ ਦੇਣਗੇ।ਸਰਕਾਰ ਵਾਰ-ਵਾਰ ਕਹਿ ਰਹੀ ਹੈ ਕਿ ਇਨ੍ਹਾਂ ਬਿੱਲਾਂ ਨਾਲ ਕਿਸਾਨਾਂ ਦੀ ਆਰਥਿਕ ਸਥਿਤੀ ਸੁਧਰੇਗੀ ।ਵਿਚਾਰਨ ਵਾਲੀ ਗੱਲ ਹੈ ਕਿ ਜੇ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ ,ਤਾਂ ਫਿਰ ਦੇਸ ਦਾ ਅੰਨਦਾਤਾ ਅੱਜ ਸੰਘਰਸ ਦੇ ਰਾਹ ਕਿਉਂ ਪੈ ਗਿਆ ਹੈ? ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਨੂੰ ਅੱਠ ਮਹੀਨੇ ਤੋਂ ਵੱਧ ਸਮਾਂ ਹੋ ਚੁੱਕਿਆ ਹੈ। 550 ਤੋਂ ਵੱਧ ਕਿਸਾਨਾਂ ਨੇ ਸਹੀਦੀ ਵੀ ਦਿੱਤੀ ਹੈ।

ਹੁਣ ਤੱਕ ਕੇਂਦਰ ਸਰਕਾਰ ਨੇ ਆਪਣੀ ਅੜੀ ਨਹੀਂ ਛੱਡੀ ਹੈ। ਕੇਂਦਰ ਵਾਰ-ਵਾਰ ਆਪਣੀਆਂ ਪੁਰਾਣੀ ਦਲੀਲਾਂ ਨੂੰ ਦੁਹਰਾਅ ਰਿਹਾ ਹੈ। ਅੱਜ ਕਿਸਾਨ ਅੰਦੋਲਨ ਜਨ ਅੰਦੋਲਨ ਬਣ ਗਿਆ ਹੈ। ਹਰ ਇੱਕ ਤਬਕਾ ਕਿਸਾਨੀ ਅੰਦੋਲਨ ਦੀ ਹਮਾਇਤ ਕਰ ਰਿਹਾ ਹੈ। ਯੂ ਐੱਨ ਓ ਨੇ ਵੀ ਕਿਸਾਨੀ ਅੰਦੋਲਨ ਦੀ ਵਕਾਲਤ ਕੀਤੀ ਹੈ। ਫਿਲਮੀ ਅਦਾਕਾਰ ਬੁੱਧੀਜੀਵੀ ,ਲੇਖਕਾਂ ਕਲਾਕਾਰਾਂ ਸਭ ਨੇ ਕਿਸਾਨੀ ਅੰਦੋਲਨ ਵਿੱਚ ਆਪਣੀ ਹਾਜਰੀ ਲਗਵਾਈ ਹੈ। ਕਿਸਾਨਾਂ ਨੂੰ ਮੰਡੀਆਂ ਖਤਮ ਹੋਣ ਦਾ ਡਰ ਹੈ। ਕਿਸਾਨਾਂ ਦੀ ਇੱਕ ਹੀ ਮੰਗ ਹੈ ਕਿ ਐਮ ਐਸ ਪੀ ਗਾਰੰਟੀ ਨੂੰ ਕਾਨੂੰਨੀ ਜਾਮਾ ਪਹਿਨਾਇਆ ਜਾਵੇ। ਤੇ ਖੇਤੀ ਕਾਨੂੰਨ ਰੱਦ ਕਰ ਦਿੱਤੇ ਜਾਣ।ਅੱਜ ਪੰਜਾਬ ਦਾ ਕਿਸਾਨ ਖੁਦਕੁਸੀ ਦੇ ਰਾਹ ਪੈ ਗਿਆ ਹੈ। ਕਰਜੇ ਦੀ ਪੰਡ ਇੰਨੀ ਭਾਰੀ ਹੋ ਚੁੱਕੀ ਹੈ ,ਕਿ ਉਸਨੂੰ ਹੋਰ ਕੁਝ ਵੀ ਨਹੀਂ ਦਿਸਦਾ। ਜਿਵੇਂ ਤਾਲਾਬੰਦੀ ਵਿੱਚ ਛੋਟ ਦਿੱਤੀ ਗਈ, ਮਹਿੰਗਾਈ ਵਧਦੀ ਗਈ ।

ਕਰੋਨਾ ਮਹਾਂਮਾਰੀ ਨੇ ਆਰਥਿਕਤਾ ਨੂੰ ਨਪੀੜਿਆ ਹੈ। ਰੋਟੀ, ਕੱਪੜਾ ਅਤੇ ਮਕਾਨ ਹਰ ਆਦਮੀ ਦੀਆਂ ਬੁਨਿਆਦੀ ਜਰੂਰਤਾਂ ਹਨ। ਮਹਿੰਗਾਈ ਬੇਲਗਾਮ ਹੁੰਦੀ ਜਾ ਰਹੀ ਹੈ। ਸਰੋਂ ਦੇ ਤੇਲ, ਰਾਜਮਾਂਹ ,ਛੋਲੇ ਦਾਲਾਂ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ। ਪੈਟਰੋਲ-ਡੀਜਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਦੋ ਸਮੇਂ ਦੀ ਰੋਟੀ ਦਾ ਜੁਗਾੜ ਕਰਨਾ ਆਮ ਆਦਮੀ ਨੂੰ ਮੁਸਕਿਲ ਹੋ ਗਿਆ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਜੋ ਥੋੜੇ ਬਹੁਤ ਕੰਮ ਕਾਜ ਚਲੇ ਵੀ ਹਨ ,ਉਥੇ ਸੀਮਿਤ ਲੋਕਾਂ ਨੂੰ ਵੀ ਰੁਜਗਾਰ ਮਿਲਿਆ ਹੈ।ਹਾਲ ਹੀ ਵਿੱਚ ਨਸਰ ਹੋਈ ਇੱਕ ਰਿਪੋਰਟ ਮੁਤਾਬਕ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਹੈ। 40 ਫੀਸਦੀ ਪਾਣੀ ਖਰਾਬ ਹੋ ਚੁੱਕਾ ਹੈ। ਪੰਜਾਬ ਦੇ ਕਈ ਜਿਲ੍ਹੇ ਕੈਂਸਰ ਦੀ ਮਾਰ ਹੇਠ ਹਨ।

ਜੇ ਸਮਾਂ ਰਹਿੰਦਿਆਂ ਕੋਈ ਠੋਸ ਨੀਤੀ ਨਾ ਅਪਣਾਈ ਗਈ , ਤਾਂ ਜਲਦੀ ਹੀ ਪੂਰਾ ਪੰਜਾਬ ਕੈਂਸਰ ਨਾਲ ਪ੍ਰਭਾਵਿਤ ਹੋ ਜਾਵੇਗਾ।
ਅੱਜ ਬੇਰੋਜਗਾਰੀ ਕਾਰਨ ਪੰਜਾਬ ਖਾਲੀ ਹੋਣ ਲੱਗਾ ਹੈ। ਪੰਜਾਬ ਵਿੱਚ ਹਰ ਸਾਲ ਵਿਦੇਸਾਂ ਵਿਚ ਪੜਾਈ ਕਰਨ ਲਈ ਨੌਜਵਾਨ 27 ਹਜਾਰ ਕਰੋੜ ਰੁਪਏ ਖਰਚ ਕਰ ਰਹੇ ਹਨ। ਹਰ ਸਾਲ ਲੱਖਾਂ ਨੌਜਵਾਨਾਂ ਦਾ ਵਿਦੇਸ ਜਾਣਾ ਖਤਰੇ ਦੀ ਘੰਟੀ ਹੈ।ਜੇ ਇਹ ਸਿਲਸਿਲਾ ਚਲਦਾ ਰਿਹਾ ਤਾਂ ਪੰਜਾਬ ਇੱਕ ਦਿਨ ਖਾਲੀ ਹੋ ਜਾਏਗਾ। ਪੰਜਾਬ ਵਿੱਚ ਨਸਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ ।

ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਰਹੇ ਹਨ। ਡਿਗਰੀਆਂ ਹੱਥਾਂ ਵਿੱਚ ਫੜ੍ਹੀ, ਨੌਕਰੀ ਦੀਆਂ ਪ੍ਰੇਸਾਨੀ, ਮਾਪਿਆਂ ਦੀ ਉਮੀਦਾਂ ’ਤੇ ਖਰਾ ਨਾ ਉਤਰਨਾ ਨਸੇ ਨੂੰ ਗ੍ਰਹਿਣ ਕਰਨ ਦਾ ਵੱਡਾ ਕਾਰਨ ਹੈ। ਘਰਾਂ ਦੇ ਚਿਰਾਗ ਦੇ ਚਿਰਾਗ ਬੁੱਝ ਚੁੱਕੇ ਹਨ । ਕੋਈ ਦਿਨ ਅਜਿਹਾ ਹੁੰਦਾ ਹੋਣਾ ਜਦੋਂ ਅਖਬਾਰ ਵਿੱਚ ਖਬਰ ਨਾ ਛਾਪੀ ਹੋਵੇ ਕਿ ਫਲਾਣੇ ਪਿੰਡ ਦਾ ਨੌਜਵਾਨ ਚਿੱਟੇ ਦੀ ਭੇਂਟ ਨਾ ਚੜਿਆ ਹੋਵੇ। ਆਏ ਦਿਨ ਪੰਜ ਸੱਤ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਨਸ਼ੇ ਨੇ ਤਾਂ ਪੰਜਾਬ ਦੀ ਜਵਾਨੀ ਹੀ ਖਤਮ ਕਰ ਦਿੱਤੀ ਹੈ। ਆਵਾਰਾ ਕੁੱਤਿਆਂ ਦੀ ਸਮੱਸਿਆ ਇੰਨੀ ਵੱਧ ਚੁੱਕੀ ਹੈ ਕਿ ਹਰ ਕੋਈ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ਼ ਕਰਦਾ ਹੈ। ਹਾਲਾਂਕਿ ਸਰਕਾਰ ਨੇ ਕੁੱਤੇ ਮਾਰਨ ਤੇ ਪਾਬੰਦੀ ਲਗਾ ਦਿੱਤੀ ਸੀ।

ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਕੋਈ ਠੋਸ ਨੀਤੀ ਨਹੀਂ ਬਣੀ ਹੈ । ਝੁੰਡ ਦੇ ਝੁੰਡ ਬਣਾ ਕੇ ਇਹ ਅਵਾਰਾ ਕੁੱਤੇ ਸੜਕਾਂ ਤੇ ਜਾ ਰਹੇ ਰਾਹਗੀਰਾਂ ਨੂੰ ਆਪਣਾ ਨਿਸਾਨਾਂ ਬਣਾਉਂਦੇ ਹਨ। ਪਾਰਕਾਂ ਵਿਚ ਸੈਰ ਕਰਨਾ ਦੁੱਭਰ ਹੋ ਚੁੱਕਿਆ ਹੈ। ਪਿੱਛੇ ਜਿਹੇ ਖਬਰ ਪੜ੍ਹਨ ਨੂੰ ਮਿਲੀ ਕਿ 9 ਮਹੀਨੇ ਦੇ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਖਾ ਲਿਆ।

ਆਵਾਰਾ ਪਸ਼ੂਆਂ ਨੇ ਤਾਂ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਹਨ ।ਪਿੰਡਾਂ ਵਿੱਚ ਤਾਂ ਕਿਸਾਨਾਂ ਦੀਆਂ ਫਸਲਾਂ ਦਾ ਅਵਾਰਾ ਪਸ਼ੂ ਉਜਾੜਾ ਕਰ ਰਹੇ ਹਨ ।ਆਏ ਦਿਨ ਕਿਸਾਨ ਧਰਨੇ ਲਾ ਕੇ ਡੀਸੀ ਦਫ਼ਤਰਾਂ ਤੇ ਮੰਤਰੀਆਂ ਦੀ ਕੋਠੀਆਂ ਦੇ ਮੂਹਰੇ ਬੈਠਦੇ ਹਨ। ਪਹਿਲਾਂ ਤਾਂ ਲੋਕ ਇਨ੍ਹਾਂ ਪਸ਼ੂਆਂ ਦਾ ਦੁੱਧ ਪੀਂਦੇ ਹਨ। ਜਦੋਂ ਇਹ ਪਸ਼ੂ ਦੁੱਧ ਦੇਣ ਤੋਂ ਹਟ ਜਾਂਦੇ ਹਨ ਤਾਂ ਲੋਕ ਇਨ੍ਹਾਂ ਨੂੰ ਸ਼ਹਿਰਾਂ ਵੱਲ ਛੱਡ ਦਿੰਦੇ ਹਨ ।ਜਿਸ ਕਰਕੇ ਸਹਿਰਾਂ ਵਿਚ ਹਾਦਸਿਆਂ ਦਾ ਕਾਰਨ ਬਣਦੇ ਹਨ । ਅੱਜ ਪੰਜਾਬ ਦੇ ਲੋਕਾਂਂ ਨੂੰ ਇਨ੍ਹਾਂਂ ਸਮੱਸਿਆਵਾਂਂ ਚੋਂ ਨਿਕਲਣ ਲਈ ਕੋਈ ਹੱਲ ਨਹੀਂ ਲੱਭ ਰਿਹਾ।ਸਰਕਾਰਾਂ ਨੂੰ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਲਈ ਲੋਕ ਪੱਖੀ ਨੀਤੀਆਂ ਬਣਾਉਣ ਦੀ ਸਖਤ ਲੋੜ ਹੈ।
ਮੋਹਾਲੀ

ਸੰਜੀਵ ਸਿੰਘ ਸੈਣੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ