ਬਠਿੰਡਾ ਸਿਵਲ ਹਸਪਤਾਲ ’ਚੋਂ ਚਾਰ ਦਿਨ ਦਾ ਬੱਚਾ ਚੋਰੀ

Bathinda Civil Hospital

ਨਰਸ ਬਣ ਕੇ ਆਈ ਸੀ ਬੱਚੇ ਨੂੰ ਚੋਰੀ ਕਰਨ ਵਾਲੀ ਮਹਿਲਾ

  • ਬੱਚੇ ਨੂੰ ਟੀਕੇ ਲਾਉਣ ਦਾ ਬਹਾਨਾ ਬਣਾ ਲੈ ਗਈ ਨਾਲ

(ਸੁਖਜੀਤ ਮਾਨ) ਬਠਿੰਡਾ। ਇੱਥੋਂ ਦੇ ਸਿਵਲ ਹਸਪਤਾਲ (Bathinda Civil Hospital) ’ਚ ਸਥਿਤ ਜੱਚਾ-ਬੱਚਾ ਹਸਪਤਾਲ ’ਚੋਂ ਅੱਜ 4 ਦਿਨਾਂ ਦਾ ਬੱਚਾ (ਲੜਕਾ) ਚੋਰੀ ਹੋ ਗਿਆ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਬੱਚੇ ਨੂੰ ਚੁੱਕ ਕੇ ਲਿਜਾਣ ਵਾਲੀ ਮਹਿਲਾ ਨਕਲੀ ਨਰਸ ਬਣ ਕੇ ਹਸਪਤਾਲ ਆਈ ਸੀ। ਬੱਚਾ ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਆਪਣੇ ਰਿਸ਼ਤੇਦਾਰੀ ’ਚੋਂ ਇੱਕ 20 ਸਾਲ ਦੀ ਮਹਿਲਾ ਮੁਸਕਾਨ ਨੂੰ ਬੱਚੇ ਦੀ ਦੇਖਭਾਲ ਲਈ ਹਸਪਤਾਲ ’ਚ ਕੋਲ ਰੱਖਿਆ ਸੀ। ਇਸੇ ਦੌਰਾਨ ਇੱਕ ਹੋਰ ਮਹਿਲਾ , ਜਿਸ ਨੇ ਨਰਸਾਂ ਵਾਂਗ ਚਿੱਟਾ ਕੋਟ ਪਾਇਆ ਹੋਇਆ ਸੀ ਤੇ ਮੂੰਹ ’ਤੇ ਮਾਸਕ ਸੀ, ਉਨ੍ਹਾਂ ਕੋਲ ਆਈ ਤੇ ਆ ਕੇ ਕਹਿਣ ਲੱਗੀ ਕਿ ਬੱਚੇ ਦੇ ਟੀਕੇ ਲੱਗਣੇ ਹਨ। ਬੱਚੇ ਦੀ ਸੰਭਾਲ ਕਰਨ ਵਾਲੀ ਮਹਿਲਾ ਬੱਚੇ ਨੂੰ ਚੁੱਕ ਕੇ ਨਾਲ ਲੈ ਗਈ।

ਰਸਤੇ ’ਚ ਦੂਸਰੀ ਮਹਿਲਾ, ਜੋ ਟੀਕੇ ਲਵਾਉਣ ਲਈ ਕਹਿਣ ਆਈ ਸੀ, ਉਸ ਨੇ ਬੱਚਾ ਲੈ ਕੇ ਆਈ ਮਹਿਲਾ ਨੂੰ ਕਿਹਾ ਕਿ ਆਧਾਰ ਕਾਰਡ ਵਗੈਰਾ ਵੀ ਚੁੱਕ ਲਿਆਓ ਤੇ ਬੱਚਾ ਉਸਨੇ ਫੜ੍ਹ ਲਿਆ। ਜਦੋਂ ਮਹਿਲਾ ਆਧਾਰ ਕਾਰਡ ਲੈਣ ਗਈ ਤਾਂ ਦੂਜੀ ਮਹਿਲਾ ਬੱਚੇ ਸਮੇਤ ਫਰਾਰ ਹੋ ਚੁੱਕੀ ਸੀ। ਜੱਚਾ ਬੱਚਾ ਹਸਪਤਾਲ ਦੇ ਐਸਐਮਓ ਸਤੀਸ਼ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਕੋਲ ਬਬਲੀ ਰਾਣੀ ਵਾਸੀ ਪਰਸਰਾਮ ਨਗਰ ਬਠਿੰਡਾ ਡਲਿਵਰੀ ਲਈ ਦਾਖਲ ਹੋਈ ਸੀ, ਜਿਸਦੀ 1 ਦਸੰਬਰ ਨੂੰ ਡਲਿਵਰੀ ਹੋਈ ਸੀ। ਉਨ੍ਹਾਂ ਦੱਸਿਆ ਕਿ ਅੱਜ ਕਰੀਬ ਬਾਅਦ ਦੁਪਹਿਰ 1 ਵੱਜ ਕੇ 5 ਮਿੰਟ ’ਤੇ ਮਹਿਲਾ (ਬੱਚਾ ਚੁੱਕਣ ਵਾਲੀ) ਆਈ ਸੀ, ਜੋ ਕੱਲ੍ਹ ਵੀ ਹਸਪਤਾਲ ਆਈ ਸੀ ਜਿਸ ਨੇ ਕਿਹਾ ਸੀ ਕਿ ਉਨ੍ਹਾਂ ਦਾ ਮਰੀਜ਼ ਦੂਜੇ ਵਾਰਡ ’ਚ ਦਾਖਲ ਹੈ।

  • ਬੱਚੇ ਨੂੰ ਟੀਕੇ ਲਾਉਣ ਦਾ ਬਹਾਨਾ ਬਣਾ ਲੈ ਗਈ ਨਾਲ

ਉਹ ਅੱਜ ਬੱਚੇ ਦੇ ਬੈੱਡ ਕੋਲ ਜਾ ਕੇ ਕਹਿਣ ਲੱਗੀ ਕਿ ਬੱਚੇ ਦੇ ਟੀਕੇ ਲੱਗਣੇ ਹਨ ਤਾਂ ਬੱਚੇ ਦੀ ਦੇਖਭਾਲ ਕਰਨ ਵਾਲੀ ਮਹਿਲਾ ਉਸਦੇ ਨਾਲ ਬੱਚਾ ਲੈ ਕੇ ਤੁਰ ਪਈ ਇਸ ਦੌਰਾਨ ਬੱਚਾ ਚੋਰੀ ਕਰਨ ਵਾਲੀ ਮਹਿਲਾ ਨੇ ਰਸਤੇ ’ਚ ਕਿਹਾ ਕਿ ਆਧਾਰ ਕਾਰਡ ਵੀ ਚਾਹੀਦੇ ਹਨ। ਆਧਾਰ ਕਾਰਡ ਮੰਗਣ ’ਤੇ ਬੱਚੇ ਦੀ ਸੰਭਾਲ ਕਰਨ ਵਾਲੀ ਮਹਿਲਾ ਆਧਾਰ ਕਾਰਡ ਲੈਣ ਆ ਗਈ ਤੇ ਬੱਚਾ ਉਸ ਮਹਿਲਾ ਨੂੰ ਫੜ੍ਹਾ ਦਿੱਤਾ ਜੋ ਉਸ ਤੋਂ ਬੱਚਾ ਫੜ੍ਹ ਕੇ ਹਸਪਤਾਲ ’ਚੋਂ ਚਲੀ ਗਈ। ਐਸਐਮਓ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਜੱਚਾ ਬੱਚਾ ਕੇਂਦਰ ’ਤੇ ਕੋਈ ਸੁਰੱਖਿਆ ਮੁਲਾਜ਼ਮ ਨਹੀਂ ਹੈ ਪਰ ਉਨ੍ਹਾਂ ਨੇ ਸੁਰੱਖਿਆ ਵਜੋਂ ਚੌਂਕੀਦਾਰਾਂ ਦੀ ਮੰਗ ਕੀਤੀ ਹੋਈ ਹੈ। (Bathinda Civil Hospital)

ਪੁਲਿਸ ਟੀਮਾਂ ਭਾਲ ’ਚ ਜੁਟੀਆਂ : ਡੀਐਸਪੀ

ਡੀਐਸਪੀ ਸਿਟੀ-1 ਵਿਸ਼ਵਜੀਤ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਬੱਚਾ ਚੋਰੀ ਹੋਣ ਬਾਰੇ ਸੂਚਨਾ ਮਿਲੀ ਤਾਂ ਉਹ ਮੌਕੇ ’ਤੇ ਪੁੱਜੇ ਉਨ੍ਹ੍ਹਾਂ ਵੱਲੋਂ ਸੀਸੀਟੀਵੀ ਫੁਟੇਜ਼ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੱਚਾ ਚੋਰੀ ਕਰਨ ਦਾ ਕੀ ਮਕਸਦ ਸੀ, ਕੋਈ ਰੰਜਿਸ਼ ਜਾਂ ਹੋਰ ਉਹ ਜਾਂਚ ਤੋਂ ਬਾਅਦ ਪਤਾ ਲੱਗੇਗਾ। ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ ਤੇ ਥਾਣਾ ਕੋਤਵਾਲੀ ਦੀਆਂ ਪੁਲਿਸ ਟੀਮਾਂ ਭਾਲ ’ਚ ਜੁਟ ਗਈਆਂ ਹਨ ਡੀਐਸਪੀ ਨੇ ਦੱਸਿਆ ਕਿ ਇਸ ਸਬੰਧੀ ਪੀੜਤ ਪਰਿਵਾਰ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ਼ ਕੀਤਾ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ