ਪਿੰਡ ਬਾਂਡੀ ‘ਚ ਅਗਿਆਤ ਬਿਮਾਰੀ ਨਾਲ ਇੱਕ ਦਰਜਨ ਪਸ਼ੂ ਮਰੇ

Bandi village

(ਮਨਜੀਤ ਨਰੂਆਣਾ) ਸੰਗਤ ਮੰਡੀ। ਪਿੰਡ ਬਾਂਡੀ (Bandi village) ਵਿਖੇ ਅਗਿਆਤ ਬਿਮਾਰੀ ਕਾਰਨ ਕਿਸਾਨਾਂ ਦੇ ਇੱਕ ਦਰਜ਼ਨ ਤੋਂ ਵੱਧ ਪਸ਼ੂਆਂ ਦੀ ਮੌਤ ਹੋ ਗਈ ਹੈ ਅਤੇ ਦਰਜ਼ਨਾਂ ਪਸ਼ੂ ਬਿਮਾਰ ਪਏ ਹਨ ਜਿਸ ਕਾਰਨ ਪਿੰਡ ‘ਚ ਸਹਿਮ ਪਾਇਆ ਜਾ ਰਿਹਾ ਹੈ ਲੋਕ ਆਪਣੇ ਪਸ਼ੂਆਂ ਦਾ ਪ੍ਰਾਈਵੇਟ ਡਾਕਟਰਾਂ ਤੋਂ ਇਲਾਜ਼ ਕਰਵਾ ਰਹੇ ਹਨ ਪ੍ਰੰਤੂ ਬਿਮਾਰੀ ਰੁਕਣ ਦਾ ਨਾਂ ਨਹੀਂ ਲੈ ਰਹੀ ਪਿੰਡ ਵਿੱਚ ਇੱਕ ਦਰਜ਼ਨ ਤੋਂ ਵੱਧ ਪਸ਼ੂਆਂ ਦੀ ਮੌਤ ਹੋ ਜਾਣ ਤੋਂ ਬਾਅਦ ਵੀ ਪਸ਼ੂ ਪਾਲਣ ਵਿਭਾਗ ਇਸ ਤੋਂ ਬੇਖ਼ਬਰ ਹੈ।

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੁਰਚਰਨ ਸਿੰਘ ਪੁੱਤਰ ਬਲਦੇਵ ਸਿੰਘ ਸੂਣ ਵਾਲੀ ਮੱਝ ਜਿਸ ਦੀ ਕੀਮਤ ਇੱਕ ਲੱਖ ਦੇ ਕਰੀਬ, ਮੱਖਣ ਸਿੰਘ ਪੁੱਤਰ ਹਰਨੇਕ ਸਿੰਘ ਦੀ ਝੋਟੀ ‘ਤੇ ਗਾਂ, ਜਗਰਾਜ ਸਿੰਘ ਪੁੱਤਰ ਬਹਾਦਰ ਸਿੰਘ ਦੇ ਚਾਰ ਪਸ਼ੂ ਅਤੇ ਬਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਦੀ ਸੂਣ ਵਾਲੀ ਮੱਝ ਮਰ ਚੁੱਕੀ ਹੈ। ਇਸ ਤੋਂ ਇਲਾਵਾ ਦਰਜ਼ਨਾਂ ਦੀ ਗਿਣਤੀ ‘ਚ ਪਸ਼ੂ ਬਿਮਾਰ ਪਏ ਹਨ ਜਿਨ੍ਹਾਂ ਦਾ ਇਲਾਜ ਕਰਵਾਉਣ ਲਈ ਲੋਕ ਆਪਣੇ ਪਸ਼ੂਆਂ ਨੂੰ ਪਿੰਡ ਬਾਦਲ ਲਿਆ ਰਹੇ ਹਨ।

ਪਿੰਡ ਵਾਸੀਆਂ ‘ਚ ਪਸ਼ੂ ਵਿਭਾਗ ਵਿਰੁੱਧ ਰੋਸ਼

ਕਿਸਾਨ ਜਗਰਾਜ ਸਿੰਘ ਨੇ ਦੱਸਿਆ ਕਿ ਉਸ ਦੇ ਚਾਰ ਪਸ਼ੂ ਮਰ ਚੁੱਕੇ ਹਨ ਅਤੇ ਚਾਰ ਪਸ਼ੂ ਬਿਮਾਰ ਪਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਪਸ਼ੂਆਂ ਦੇ ਇਲਾਜ਼ ‘ਤੇ 30 ਹਜ਼ਾਰ ਤੋਂ ਉਪਰ ਖਰਚ ਕਰ ਦਿੱਤਾ ਪ੍ਰੰਤੂ ਪਸ਼ੂਆਂ ਦੀ ਬਿਮਾਰੀ ਡਾਕਟਰਾਂ ਨੂੰ ਸਮਝ ‘ਚ ਹੀ ਨਹੀਂ ਆਈ, ਅਖੀਰ ਉਹ ਆਪਣੇ ਪਸ਼ੂਆਂ ਨੂੰ ਇਲਾਜ਼ ਲਈ ਪਿੰਡ ਬਾਦਲ ਹਸਪਤਾਲ ਲੈ ਕੇ ਗਿਆ।

ਕਿਸਾਨ ਇਸ ਨੂੰ ਮੂੰਹ ਖੋਰ ਜਾ ਗਲਘੋਟੂ ਬਿਮਾਰੀ ਕਹਿ ਰਹੇ ਹਨ ਪ੍ਰੰਤੂ ਅਸਲ ‘ਚ ਇਸ ਬਿਮਾਰੀ ਦਾ ਕੋਈ ਪਤਾ ਹੀ ਨਹੀਂ ਲੱਗ ਰਿਹਾ। ਪਿੰਡ ਵਾਸੀਆਂ ‘ਚ ਪਸ਼ੂ ਵਿਭਾਗ ਵਿਰੁੱਧ ਰੋਸ਼ ਵੀ ਦੇਖਣ ਨੂੰ ਮਿਲਿਆ, ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਤੱਕ ਇਕ ਦਰਜ਼ਨ ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਪ੍ਰੰਤੂ ਉਨ੍ਹਾਂ ਪਿੰਡ ‘ਚ ਗੇੜਾ ਤੱਕ ਮਾਰਨਾ ਸੰਭਵ ਨਹੀਂ ਸਮਝਿਆ। ਲੋਕਾਂ ਨੇ ਪਸ਼ੂ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਹ ਮਾਹਰ ਡਾਕਟਰਾਂ ਦੀ ਟੀਮ ਲੈ ਕੇ ਪਿੰਡ ‘ਚ ਪਸ਼ੂਆਂ ਦੀ ਜਾਂਚ ਕਰਕੇ ਉਨ੍ਹਾਂ ਦਾ ਇਲਾਜ਼ ਸ਼ੁਰੂ ਕਰਨ ਤਾਂ ਜੋ ਲੱਖਾਂ ਦੀ ਕੀਮਤ ਵਾਲੇ ਦੁਧਾਰੂ ਪਸ਼ੂਆਂ ਨੂੰ ਸਮੇਂ ਰਹਿੰਦੇ ਬਚਾਇਆ ਜਾ ਸਕੇ।

ਕੀ ਕਹਿੰਦੇ ਨੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ

ਜਦ ਇਸ ਪੂਰੇ ਮਸ਼ਲੇ ਬਾਰੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸ਼ੀਤਲ ਦੇਵ ਜਿੰਦਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਡਾਕਟਰ ਤੋਂ ਇਸ ਮਸਲੇ ਸਬੰਧੀ ਰਿਪੋਰਟ ਲਈ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪਸ਼ੂਆਂ ਨੂੰ ਮੂੰਹ ਖੋਰ ਦੀ ਬਿਮਾਰੀ ਹੈ। ਉਨ੍ਹਾਂ ਕਿ ਹਰ 6 ਮਹੀਨਿਆਂ ਬਾਅਦ ਮੂੰਹ ਖੋਰ ਦੀ ਵੈਕਸੀਨ ਵਿਭਾਗ ਵੱਲੋਂ ਪਿੰਡ-ਪਿੰਡ ਜਾ ਕੇ ਮੁਫ਼ਤ ਲਗਾਈ ਜਾਂਦੀ ਹੈ ਪ੍ਰੰਤੂ ਇਸ ਪਿੰਡ ਦੇ ਲੋਕਾਂ ਵੱਲੋਂ ਇਹ ਵੈਕਸੀਨ ਆਪਣੇ ਪਸ਼ੂਆਂ ਦੇ ਨਹੀਂ ਲਗਾਈ ਗਈ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਵੱਲੋਂ ਸਰਕਾਰੀ ਹਸਪਤਾਲ ‘ਚ ਇਸ ਸਬੰਧੀ ਰਿਪੋਰਟ ਨਹੀਂ ਕੀਤੀ ਗਈ ‘ਤੇ ਹੁਣ ਉਨ੍ਹਾਂ ਡਾਕਟਰਾਂ ਦੀ ਡਿਊਟੀ ਲਾ ਦਿੱਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ