ਇੱਕ ਵੱਖਰਾ ਜਿਹਾ ਵਿਆਹ ਤੱਕਿਆ

Different Wedding Sachkahoon

ਇੱਕ ਵੱਖਰਾ ਜਿਹਾ ਵਿਆਹ ਤੱਕਿਆ

ਸਮੇਂ ਦੇ ਨਾਲ ਸਾਡੀਆਂ ਬਦਲ ਰਹੀਆਂ ਸਮਾਜਿਕ ਕਦਰਾਂ-ਕੀਮਤਾਂ ਨੇ ਵਿਆਹ ਸਮਾਗਮਾਂ ਨੂੰ ਤ੍ਰਾਸਦੀ ਦਾ ਮੰਜਰ ਬਣਾ ਕੇ ਰੱਖ ਦਿੱਤਾ ਹੈ। ਅੱਜ-ਕੱਲ੍ਹ ਦੇ ਵਿਆਹਾਂ ਦੀ ਗੱਲ ਕਰਦਿਆਂ ਜਿਨ੍ਹਾਂ ਵਿੱਚ ਸ਼ਰਾਬ ਤੇ ਮਾਸਾਹਾਰ ਦੀਆਂ ਕਿਸਮਾਂ, ਆਰਕੈਸਟਰਾ ਦੇ ਰੂਪ ਵਿੱਚ ਪਰੋਸੀ ਜਾਂਦੀ ਲੱਚਰਤਾ, ਭੜਕਾਊ ਗੀਤਾਂ ਦੇ ਨਸ਼ੇ ਵਿੱਚ ਧੁੱਤ ਜਵਾਨੀ ਵੱਲੋਂ ਹਥਿਆਰ ਲਹਿਰਾਉਣ ਆਦਿ ਵਰਗੇ ਦਿ੍ਰਸ਼ ਹੀ ਘੁੰਮਣ ਲੱਗਦੇ ਹਨ। ਖਾਣੇ ਦੀਆਂ ਦਰਜਨਾਂ ਸਟਾਲਾਂ ਤਾਂ ਹੁੰਦੀਆਂ ਹਨ ਪਰ ਬਾਵਜੂਦ ਇਸਦੇ ਕੁਝ ਵੀ ਅਜਿਹਾ ਨਹੀਂ ਹੁੰਦਾ ਜੋ ਸਿਹਤ ਲਈ ਚੰਗਾ ਹੋਵੇ। ਇਹ ਸਭ ਜਾਣਦੇ ਹੋਏ ਕਿ, ਇਹ ਸਾਡੀ ਸੱਭਿਅਤਾ ਜਾਂ ਸੱਭਿਆਚਾਰ ਦਾ ਹਿੱਸਾ ਨਹੀਂ ਹੈ, ਇਸ ਦੇ ਬਾਵਜੂਦ ਵੀ ਸਿਰਫ਼ ਇਸ ਕਰਕੇ ਮਹਿਮਾਨਾਂ ਅੱਗੇ ਪਰੋਸੇ ਜਾਂਦੇ ਹਨ, ਕਿ ਲੋਕ ਕੀ ਕਹਿਣਗੇ? ਸਿਆਣੇ ਕਹਿੰਦੇ ਹਨ ਕਿ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ।

ਅੱਜ-ਕੱਲ੍ਹ ਦੇ ਵਿਆਹਾਂ ਨੂੰ ਦੇਖ ਕੇ ਤਜ਼ਰਬਾ ਇਹੀ ਕਹਿੰਦਾ ਹੈ ਕਿ ਨਾ ਕੁਝ ਪੀਓ ਤੇ ਨਾ ਕੁਝ ਖਾਓ, ਸ਼ਗਨ ਫੜਾ ਕੇ ਵਾਪਸ ਆਓ। ਅਜਿਹੇ ਦਰਜਨਾਂ ਕੌੜੇ ਤਜ਼ਰਬਿਆਂ ਨੂੰ ਆਪਣੇ ਹੱਡੀਂ ਹੰਢਾਉਂਦਿਆਂ ਵੀ ਅਸੀਂ ਇਸ ਤੋਂ ਸਬਕ ਲੈਣ ਦੀ ਕੋਸ਼ਿਸ਼ ਨਹੀਂ ਕਰਦੇ, ਕਿ ਹੋਣਾ ਕੀ ਚਾਹੀਦਾ ਹੈ ਤੇ ਅਸੀਂ ਕਰਦੇ ਕੀ ਹਾਂ। ਅੱਖਾਂ ’ਤੇ ਦਿਖਾਵੇ ਦੀਆਂ ਪੱਟੀਆਂ ਬੰਨ੍ਹ ਕੇ ਖੋਖਲੇ ਪ੍ਰਬੰਧਾਂ ਦੀ ਵਿਉਂਤਬੰਦੀ ਨਾਲ ਸਿਰ ਉੱਤੇ ਕਰਜ਼ੇ ਦੀਆਂ ਭਾਰੀਆਂ ਪੰਡਾਂ ਚੁੱਕ ਕੇ ਅਸੀਂ ਕਿਸ ਨੂੰ ਸੇਧ ਦੇਣ ਜਾ ਰਹੇ ਹਾਂ, ਅਤੇ ਇਸਦੇ ਨਤੀਜੇ ਕੀ ਨਿੱਕਲਣਗੇ, ਇਹ ਸੋਚਣ ਦੀ ਵੀ ਲੋਕਾਂ ਕੋਲ ਵਿਹਲ ਨਹੀਂ ਰਹੀ। ਕੀ ਇਸ ਤੋਂ ਵੱਖਰਾ ਜਾਂ ਵਧੀਆ ਵੀ ਕੁੱਝ ਹੋ ਸਕਦਾ ਹੈ? ਜੋ ਸਾਡੀ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਕੋਈ ਚੰਗੀ ਸੇਧ ਦੇਵੇ। ਇੱਕ-ਇੱਕ ਕਰਕੇ ਅਣਗਿਣਤ ਵਿਆਹ ਦੇਖੇ ਪਰ ਹਰ ਵਾਰ ਸੁਆਲ ਉਹੀ ਰਹਿੰਦੇ। ਮੇਰੇ ਅਜਿਹੇ ਕਈ ਸੁਆਲਾਂ ਦਾ ਜੁਆਬ ਵੀ ਮੈਨੂੰ ਆਖਰ ਇੱਕ ਵਿਲੱਖਣ ਢੰਗ ਦੇ ਵਿਆਹ ਸਮਾਗਮ ਵਿੱਚੋਂ ਲੱਭਿਆ।

ਆਪਣੇ-ਆਪ ਵਿੱਚ ਵਿਲੱਖਣ ਤੇ ਸਾਦਗੀ ਨਾਲ ਲਬਰੇਜ਼ ਇਹ ਇੱਕ ਐਸਾ ਵਿਆਹ ਸਮਾਗਮ ਸੀ, ਜਿਸ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਝਲਕ ਨਾ ਸਿਰਫ਼ ਡੁੱਲ੍ਹ-ਡੁੱਲ੍ਹ ਹੀ ਪੈਂਦੀ ਸੀ, ਸਗੋਂ ਆਉਣ ਵਾਲੀ ਪੀੜ੍ਹੀ ਲਈ ਸਿਹਤਮੰਦ ਸੇਧਾਂ ਦਿੰਦਾ ਹੋਇਆ ਵੀ ਨਜ਼ਰ ਆਇਆ। ਸਰਦਾਰ ਬਲਵੀਰ ਸਿੰਘ ਨਿਵਾਸੀ ਪਿੰਡ ਅਲੀਕਾ (ਸਰਸਾ) ਹਰਿਆਣਾ ਦਾ ਸਪੁੱਤਰ ਰਸਦੀਪ ਸਿੰਘ ਜੋ ਕਿ ਬਤੌਰ ਈ. ਟੀ. ਟੀ. ਅਧਿਆਪਕ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠੇ ਇੰਦਰ ਸਿੰਘ ਵਾਲੇ ਵਿਖੇ ਸੇਵਾ ਨਿਭਾ ਰਿਹਾ ਹੈ, ਦਾ ਵਿਆਹ ਸਰਦਾਰ ਜਸਵੰਤ ਸਿੰਘ ਨਿਵਾਸੀ ਮਸੀਤਾਂ ਦੀ ਸਪੁੱਤਰੀ ਬੀਬੀ ਰਾਜਵੀਰ ਕੌਰ ਨਾਲ ਹੋਣਾ ਤੈਅ ਹੋਇਆ ਸੀ। ਲੜਕੇ-ਲੜਕੀ ਦੀ ਜੋੜੀ ਨੇ ਆਪਣੇ ਵਿਆਹ ਦੀ ਸਮੁੱਚੀ ਰੂਪ-ਰੇਖਾ ਨਾ ਸਿਰਫ਼ ਆਪ ਉਲੀਕੀ ਸਗੋਂ ਆਪਣੇ ਦੋਵਾਂ ਪਰਿਵਾਰਾਂ ਨੂੰ ਵੀ ਇਸ ਦੇ ਲਈ ਰਾਜ਼ੀ ਕੀਤਾ ਸੀ।

ਰਸਦੀਪ ਦਾ ਨਾਂਅ ਤਾਂ ਵਿਲੱਖਣ ਸੀ ਹੀ ਉਸਨੇ ਆਪਣੇ ਵਿਆਹ ਕਾਰਡ ਵੀ ਵੱਖਰੇ ਹੀ ਢੰਗ ਦੇ ਬਣਵਾਏ। ਬਿਨਾਂ ਕਵਰ ਲਿਫਾਫੇ ਵਾਲੇ ਸਾਦੇ ਜਿਹੇ ਕਾਗਜ਼ ਨੂੰ ਰੋਲ ਕਰਕੇ ਤਿਆਰ ਕੀਤੇ ਵਿਆਹ ਕਾਰਡ ’ਤੇ ਸਭ ਤੋਂ ਉੱਪਰ ਲਿਖਿਆ ਸੀ ‘ਕੁਦਰਤ ਨਾਲੋਂ ਕੁਝ ਨਹੀਂ ਵਧਕੇ’ ਫਿਰ ਮੋਹ ਭਿੱਜੇ ਸੱਦੇ ਉਪਰੰਤ ਜਾਗੋ ਤੇ ਬਰਾਤ ਦੇ ਪ੍ਰੋਗਰਾਮ ਦੇ ਹੇਠਾਂ ਜੋ ਲਿਖਿਆ, ਉਹ ਸਾਡੇ ਬਦਲੇ ਅਜੋਕੇ ਵਿਆਹ ਢਾਂਚਿਆਂ ’ਤੇ ਕਰਾਰੀ ਚੋਟ ਕਰਨ ਵਾਲਾ ਸੀ, ਜੋ ਕਿ ਬੜੀ ਹੀ ਬੇਬਾਕੀ ਨਾਲ ਲਿਖਿਆ ਸੀ ਜਾਂ ਇਉਂ ਕਹਿ ਲਓ ਕਿ ਅਜਿਹੀਆਂ ਗੱਲਾਂ ਵਿਆਹ ਕਾਰਡ ਵਿੱਚ ਲਿਖਣ ਦੀ ਹਿੰਮਤ ਵੱਡੇ-ਵੱਡਿਆਂ ਤੋਂ ਵੀ ਨਹੀਂ ਹੁੰਦੀ। ਹੇਠਾਂ ਲਿਖਿਆ ਸੀ ਕਿ ਵਿਆਹ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਆਉਣ ਦੀ ਮਨਾਹੀ ਹੈ ਤੇ ਵਿਆਹ ਦੌਰਾਨ ਨਸ਼ਾ ਮੰਗ ਕੇ ਸਾਨੂੰ ਸ਼ਰਮਿੰਦਾ ਨਾ ਕੀਤਾ ਜਾਵੇ। ਇਹੀ ਨਹੀਂ ਡੀ.ਜੇ. ਵਾਲਿਆਂ ਤੋਂ ਭੜਕਾਊ ਗਾਣਿਆਂ ਦੀ ਫਰਮਾਇਸ਼ ਨਾ ਕਰਨ ਦੇ ਨਾਲ-ਨਾਲ ਵਿਆਹ ਵਿੱਚ ਕਿਸੇ ਵੀ ਤਰ੍ਹਾਂ ਦਾ ਹਥਿਆਰ ਲਿਆਉਣ ਤੋਂ ਵੀ ਵਰਜਿਆ ਗਿਆ ਸੀ।

ਕਾਰਡ ਪੜ੍ਹਦਿਆਂ ਪਿਛਲੇ ਕੁਝ ਸਾਲਾਂ ਅੰਦਰ ਵਿਆਹ ਸਮਾਗਮਾਂ ਦੌਰਾਨ ਨਸ਼ੇ ਵਿੱਚ ਧੁੱਤ ਬਰਾਤੀਆਂ ਦੇ ਹਥਿਆਰਾਂ ਦੀ ਫਾਇਰਿੰਗ ਨਾਲ ਹੋਈਆਂ ਕਈ ਮੌਤਾਂ ਦੀ ਫਿਲਮ ਅੱਖਾਂ ਸਾਹਮਣੇ ਚਲਾ ਦਿੱਤੀ। ਜਿਵੇਂ ਵਿਆਹ ਸੱਦੇ ਰਾਹੀਂ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਦੇ ਡਰ ਕਾਰਨ ਪਰਿਵਾਰ ਬੇਨਤੀ ਕਰ ਰਿਹਾ ਹੋਵੇ ਕਿ ਸਾਨੂੰ ਅਜਿਹੀ ਫੋਕੀ ਸ਼ੋਹਰਤ ਦੀ ਕੋਈ ਜਰੂਰਤ ਨਹੀਂ ਤੇ ਅਸੀਂ ਆਪਣੇ ਸ਼ਗਨਾਂ ਦੇ ਚਾਅ ਸ਼ਾਂਤੀ ਨਾਲ ਪੂਰੇ ਕਰਨਾ ਚਾਹੰੁਦੇ ਹਾਂ। ਕਾਰਡ ਪੜ੍ਹ ਕੇ ਵਿਆਹ ਦੇਖਣ ਪ੍ਰਤੀ ਉਤਸੁਕਤਾ ਕਾਫੀ ਵਧ ਗਈ। ਵਿਆਹ ਦੂਰ ਹੋਣ ਦੇ ਬਾਵਜੂਦ ਵੀ ਇਸ ਵਿਆਹ ਸਮਾਗਮ ’ਚ ਸ਼ਰੀਕ ਹੋਣਾ ਹੋਰ ਲਾਜ਼ਮੀ ਹੋ ਗਿਆ ਸੀ, ਨਾਲ ਹੀ ਇਹ ਵੀ ਸੋਚ ਸੀ ਕਿ ਜਿਸ ਵਿਆਹ ਦੇ ਕਾਰਡ ਵਿੱਚ ਐਨਾ ਕੁਝ ਲਿਖਿਆ ਹੈ, ਕੀ ਵਾਕਿਆ ਹੀ ਪਰਿਵਾਰ ਇਸ ’ਤੇ ਖ਼ਰਾ ਵੀ ਉੱਤਰਦਾ ਹੈ ਜਾਂ ਦੁਨਿਆਵੀ ਲੋਕ-ਲੱਜ ਦੇ ਡਰੋਂ ਜ਼ਮਾਨੇ ਦੀ ਤੋਰ ਹੀ ਤੁਰਦਾ ਹੈ।

ਅਜਿਹੇ ਕਈ ਸੁਆਲਾਂ ਦੇ ਜਵਾਬ ਲਈ ਅਸੀਂ ਵਿਆਹ ਵਾਲੇ ਦਿਨ ਰਸਦੀਪ ਸਿੰਘ ਦੇ ਘਰੇ ਪਹੁੰਚੇ ਤਾਂ ਪਤਾ ਲੱਗਾ ਕਿ ਜੋੜੀ ਅਨੰਦ ਕਾਰਜ ਲਈ ਦੋਹਾਂ ਪਰਿਵਾਰਾਂ ਦੇ ਮੈਂਬਰਾਂ ਸਮੇਤ ਰਵਾਨਾ ਹੋ ਚੁੱਕੀ ਹੈ। ਘਰ ਵਿੱਚ ਵੱਡੀ ਗਿਣਤੀ ਬਰਾਤੀਆਂ ਦੇ ਲਿਬਾਜ਼ ਨੂੰ ਦੇਖ ਕੇ ਹੋਰ ਵੀ ਹੈਰਾਨੀ ਹੋਈ, ਕਿਉਂਕਿ ਜ਼ਿਆਦਾਤਰ ਬਰਾਤੀ ਪੰਜਾਬੀ ਪਹਿਰਾਵੇ ਪਹਿਨੀ ਗਲਿਆਂ ਵਿੱਚ ਕੈਂਠੇ ਤੱਕ ਸਜਾਈ ਬੈਠੇ ਸਨ। ਇਹ ਵਿਆਹ ਭਾਵੇਂ ਹਰਿਆਣੇ ਦਾ ਸੀ ਅਤੇ ਬਰਾਤ ਨੇ ਡੱਬਵਾਲੀ ਨੇੜਲੇ ਪਿੰਡ ਅਲੀਕਾ ਤੋਂ ਨਾਲ ਲੱਗਦੇ ਪਿੰਡ ਮਟਦਾਦੂ ਦੇ ਇੱਕ ਪੈਲੇਸ ਵਿੱਚ ਜਾਣਾ ਸੀ, ਪਰ ਪੰਜਾਬੀ ਪਹਿਰਾਵੇ ਤੇ ਪੰਜਾਬੀ ਸੱਭਿਆਚਾਰ ਦਾ ਮਹੌਲ ਚਾਰੇ ਪਾਸੇ ਦੇਖ ਕੇ ਹੈਰਾਨੀ ਵੀ ਹੋਈ ਤੇ ਸ਼ਰਮ ਵੀ ਮਹਿਸੂਸ ਹੋਈ ਕਿਉਂਕਿ ਜਿਹੜੇ ਸੱਭਿਆਚਾਰ ਨੂੰ ਪੰਜਾਬੀ ਖ਼ੁਦ ਵਿਸਾਰਦੇ ਜਾ ਰਹੇ ਹਨ, ਉਸ ਦੀ ਅਜਿਹੀ ਝਲਕ ਤੇ ਉਹ ਵੀ ਕਿਸੇ ਦੂਸਰੇ ਰਾਜ ਅੰਦਰ, ਅਜਿਹਾ ਵਰਤਾਰਾ ਮੈਂ ਇਸ ਤੋਂ ਪਹਿਲਾਂ ਕਦੇ ਪੰਜਾਬ ਅੰਦਰ ਵੀ ਨਹੀਂ ਦੇਖਿਆ ਸੀ।

ਪੈਲੇਸ ਪੁੱਜੇ ਤਾਂ ਦਿ੍ਰਸ਼ ਵਿਆਹ ਦੀ ਬਜਾਏ ਕਿਸੇ ਮੇਲੇ ਵਰਗਾ ਸੀ, ਹੈਰਾਨੀ ਇਹ ਦੇਖ ਕੇ ਹੋਰ ਵਧ ਗਈ ਕਿ ਪੈਲੇਸ ਹਾਲ ਦੇ ਇੱਕ ਪਾਸੇੇ ਕਿਤਾਬਾਂ ਦੀ ਪ੍ਰਦਰਸ਼ਨੀ ਸਜੀ ਹੋਈ ਸੀ ਤੇ ਵਿਆਹ ਵਿੱਚ ਪੁੱਜੇ ਕਾਫੀ ਗਿਣਤੀ ਲੋਕ ਕਿਤਾਬਾਂ ਪੜ੍ਹ ਤੇ ਖਰੀਦ ਰਹੇ ਸਨ, ਨਾਲ ਲੱਗਦੀ ਕੁਝ ਦੂਰੀ ’ਤੇ ਹੀ ਇੱਕ ਪਾਸੇ ਪੰਜਾਬੀ ਸੱਭਿਆਚਾਰ ਦਰਸਾਉਂਦੇ ਦਰੀਆਂ, ਚਾਦਰਾਂ, ਚਰਖੇ, ਰਿੜਕਣੀਆਂ ਤੋਂ ਇਲਾਵਾ ਕਈ ਤਰ੍ਹਾਂ ਦੇ ਲੋਕ-ਸਾਜ਼ ਡਫਲੀ, ਬੁਗਚੂ, ਤੂੰਬੀ ਅਤੇ ਖੂੰਡੇ ਵਰਗੇ ਕਾਫੀ ਗਿਣਤੀ ਹੋਰਨਾਂ ਸੰਦਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਹੋਇਆ ਸੀ। ਸਾਡੇ ਤੋਂ ਪਹਿਲਾਂ ਪਹੁੰਚੇ ਕਾਫੀ ਗਿਣਤੀ ਲੋਕਾਂ ਵਿੱਚੋਂ ਕੁਝ ਕਿਤਾਬਾਂ ਦੇਖ ਰਹੇ ਸਨ ਤੇ ਕਈ ਸੱਭਿਆਚਾਰਕ ਸੰਦਾਂ ਨਾਲ ਸੈਲਫੀਆਂ ਕਰਨ ਵਿੱਚ ਮਸ਼ਰੂਫ਼ ਸਨ। ਹਾਲ ਦੇ ਬਾਹਰ ਹੀ ਦੂਸਰੇ ਕੋਨੇ ਸੌ ਦੇ ਕਰੀਬ ਸਜਾਵਟੀ ਤੇ ਛਾਂਦਾਰ ਪੌਦੇ ਰੱਖੇ ਹੋਏ ਸਨ। ਬਾਅਦ ਵਿੱਚ ਪਤਾ ਲੱਗਾ ਕਿ ਇਹ ਪੌਦੇ ਵੀ ਆਪਣੀ ਪਸੰਦ ਮੁਤਾਬਿਕ ਮੁਫ਼ਤ ਦੇੇ ਤੋਹਫੇ ਵਜੋਂ ਰੱਖੇ ਗਏ ਸਨ, ਜਿਸ ਨੂੰ ਕੋਈ ਵੀ ਆਪਣੀ ਪਸੰਦ ਮੁਤਾਬਿਕ ਮੁਫ਼ਤ ਵਿੱਚ ਲਿਜਾ ਸਕਦਾ ਸੀ।

ਹਰ ਕਦਮ ’ਤੇ ਹੈਰਾਨੀਦਾਇਕ ਆਲਮ, ਅੰਦਰ ਗਏ ਤਾਂ ਪੈਲੇਸ ਦੀ ਮੁੱਖ ਸਟੇਜ਼ ’ਤੇ ਕਾਫੀ ਗਿਣਤੀ ਸਾਜ਼ ਪਹਿਲਾਂ ਹੀ ਸੈੱਟ ਕੀਤੇ ਹੋਏ ਸੀ ਤੇ ਸਜਿੰਦੇ ਇਨ੍ਹਾਂ ਦੀ ਟੋਨ ਸੈਟਿੰਗ ਕਰਨ ਵਿੱਚ ਰੁੱਝੇ ਸਨ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਕਿਸੇ ਕਲਾਕਾਰ ਦਾ ਅਖਾੜਾ ਬੁੱਕ ਕੀਤਾ ਹੋ ਸਕਦਾ ਹੈ। ਪੰਜਾਬੀ ਲਿਬਾਸ ਦਾ ਕੁੜਤਾ, ਚਾਦਰਾ, ਜੁੱਤੀ ਪਹਿਨ ਤੇ ਸਿਰ ’ਤੇ ਤੁਰਲੇਦਾਰ ਪੱਗ ਬੰਨ੍ਹ ਲਾੜਾ ਜਦੋਂ ਲਾੜੀ ਨੂੰ ਨਾਲ ਲੈ ਕੇ ਪੈਲੇਸ ਅੰਦਰ ਦਾਖਲ ਹੋਇਆ ਦਾਂ ਜੋੜੀ ਦੀ ਟੌਹਰ ਕਿਸੇ ਸੱਭਿਆਚਾਰਕ ਪੰਜਾਬੀ ਫਿਲਮ ਵਰਗੀ ਦਿਸੀ। ਵਿਆਹੁਤਾ ਜੋੜੀ ਦੇ ਪਹੁੰਚਣ ’ਤੇ ਸਟੇਜ਼ ਸੈਕਟਰੀ ਨੇ ਕਿਸੇ ਕਲਾਕਾਰ ਦਾ ਨਾਂਅ ਅਨਾਊਂਸ ਕਰਨ ਦੀ ਬਜਾਏ ਇੱਕ ਨਾਟਕ ਮੰਡਲੀ ਨੂੰ ਸਟੇਜ਼ ’ਤੇ ਆਉਣ ਦਾ ਸੱਦਾ ਦਿੱਤਾ, ਜਿਨ੍ਹਾਂ ਵੱਲੋਂ ਇੱਕ ਨਾਟਕ ਦੀ ਪੇਸ਼ਕਾਰੀ ਕੀਤੀ ਜਾਣੀ ਸੀ।

ਨਸ਼ਿਆਂ ਦੇ ਪੈਰ ਪਸਾਰਦੇ ਦੁਰਪ੍ਰਭਾਵਾਂ ਨੂੰ ਦਰਸਾਉਂਦਾ ਸੰਵੇਦਨਸ਼ੀਲ ਨਾਟਕ ਹਾਲ ਵਿੱਚ ਮੌਜੂਦ ਦਰਸ਼ਕਾਂ ਨੂੰ ਕਾਫ਼ੀ ਪਸੰਦ ਵੀ ਆਇਆ ਤੇ ਹੈਰਾਨ ਵੀ ਕਰ ਗਿਆ, ਕਿਉਂਕਿ ਵਿਆਹ ਸਮਾਗਮ ਵਿੱਚ ਨਾਟਕ ਖੇਡਣਾ, ਇਸ ਤੋਂ ਪਹਿਲਾਂ ਦੇਖਿਆ-ਸੁਣਿਆ ਨਹੀਂ ਸੀ ਕਦੇ। ਸ਼ਗਨ ਦੀ ਰਸਮ ਸਟੇਜ਼ ਦੀ ਬਜਾਏ ਪੰਡਾਲ ਵਿੱਚ ਬੈਠ ਕੇ ਸਾਦੇ ਢੰਗ ਨਾਲ ਕੀਤੀ ਗਈ। ਹਰ ਕੋਈ ਵਿਆਹ ਪ੍ਰਬੰਧਾਂ ਤੇ ਬਦਲੇ ਸਲੀਕੇ ਦੀ ਖੱੁਲ੍ਹਦਿਲੀ ਨਾਲ ਪ੍ਰਸੰਸਾ ਕਰ ਰਿਹਾ ਸੀ। ਮੁੱਕਦੀ ਗੱਲ ਪੰਜਾਬੀ ਸੱਭਿਆਚਾਰ ਦੇ ਅਸਲੀ ਸੁਆਦ ਦਾ ਪ੍ਰਗਟਾਵਾ ਕਰਦਾ ਇਹ ਵਿਆਹ ਵੱਡੇ-ਵੱਡੇ ਬਜਟ ਦੇ ਖਰਚਿਆਂ ਵਾਲੇ ਵਿਆਹਾਂ ਨੂੰ ਟਿੱਚਰਾਂ ਕਰਦਾ ਇੰਜ ਪ੍ਰਤੀਤ ਹੋ ਰਿਹਾ ਸੀ, ਜਿਵੇਂ ਕਹਿ ਰਿਹਾ ਹੋਵੇ ਕਿ ਪੰਜਾਬੀਓ ਕਿਉਂ ਸਸਤੀ ਸ਼ੋਹਰਤ ਦੀ ਭੇਂਟ ਚੜ੍ਹ ਕੇ ਆਪਣਾ ਝੁੱਗਾ ਚੌੜ ਕਰਵਾਉਂਦੇ ਹੋ? ਆਹ ਦੇਖੋ ਸਾਦਗੀ ਵਿੱਚ ਜੋ ਅਸਲੀ ਮਜ਼ਾ ਆਉਂਦਾ ਹੈ, ਉਹ ਹੋਰ ਕਿਧਰੇ ਵੀ ਨਹੀਂ ਲੱਭਦਾ।

ਮਾ. ਰਾਜਿੰਦਰ ਸਿੰਘ ਸਟੇਟ ਐਵਾਰਡੀ
ਗੋਨਿਆਣਾ ਮੰਡੀ (ਬਠਿੰਡਾ)
ਮੋ. 94638-68877

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ