ਦਿਨ ਦਿਹਾੜੇ ਵਪਾਰੀ ’ਤੇ ਹਮਲਾ ਕਰਕੇ ਕਾਰ ਖੋਹੀ

ਵਪਾਰੀ ਦੇ ਡਰਾਈਵਰ ’ਤੇ ਹੀ ਪੁਲਿਸ ਨੂੰ ਸ਼ੱਕ

(ਅਮਿਤ ਗਰਗ) ਰਾਮਪੁਰਾ ਫੂਲ। ਅੱਜ ਤੜਕਸਾਰ ਹੀ ਲੁਟੇਰਿਆਂ ਵੱਲੋਂ ਆੜਤੀਏ ਦੀ ਕੁੱਟਮਾਰ ਕਰਕੇ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਵਪਾਰੀ ਪ੍ਰਸ਼ੋਤਮ ਲਾਲ ਜੋ ਕਿ ਸ਼ਾਮ ਪ੍ਰਕਾਸ਼ ਮਦਨ ਲਾਲ ਫਰਮ ਦਾ ਮਾਲਿਕ ਹੈ ਨੇ ਦੱਸਿਆ ਕਿ ਉਹ ਸਥਾਨਕ ਸ਼ਹਿਰ ਦੀ ਰੋਇਲ ਕਲੋਨੀ ਵਿਖੇ ਰਹਿੰਦਾ ਹੈ ਤੇ ਅੱਜ ਸਵੇਰ ਕਰੀਬ 5:50 ਵਜੇ ਜਦ ਉਹ ਸੈਰ ਕਰਨ ਲਈ ਘਰ ਤੋਂ ਬਾਹਰ ਕਲੌਨੀ ਦੇ ਗੇਟ ਕੋਲ ਆਇਆ ਤੇ ਕਲੌਨੀ ਦਾ ਗੇਟ ਖੋਲ੍ਹਣ ਲੱਗਾ ਤਾਂ ਪਹਿਲਾਂ ਤੋਂ ਹੀ ਸਕਿਊਰਟੀ ਗਾਰਡ ਲਈ ਬਣਾਏ ਗਏ ਕਮਰੇ ’ਚ ਲੁਕੇੇ ਬੇਠੈ ਚਾਰ ਹਮਲਾਵਰਾਂ ਨੇ ਉਸ ’ਤੇ ਹਮਲਾ ਕਰ ਦਿੱਤਾ ।

ਹਮਲਾ ਕਰਨ ਵਾਲੇ ਚਾਰ ਨੌਜਵਾਨਾਂ ਕੋਲ ਤਲਵਾਰ, ਕਿਰਚ ਆਦਿ ਹਥਿਆਰ ਸਨ ਤੇ ਉਨ੍ਹਾਂ ਨੇ ਮੇਰੇ ਮੂੰਹ ’ਚ ਰੁਮਾਲ ਫਸਾ ਦਿੱਤਾ ਤੇ ਉਸ ’ਤੇ ਹਮਲਾ ਕਰਕੇ ਜਖ਼ਮੀ ਕਰ ਦਿੱਤਾ ਪ੍ਰਸੋਤਮ ਲਾਲ ਨੇ ਦੱਸਿਆ ਕਿ ਲੜਾਈ ਦੌਰਾਨ ਉਸ ਦੇ ਮੂੰਹ ’ਚ ਫਸਿਆ ਰੁਮਾਲ ਡਿੱਗ ਪਿਆ ਤੇ ਉਸਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ । ਰੋਲੇ ਦੀ ਆਵਾਜ਼ ਸੁਣ ਕੇ ਉਸਦੇ ਗੁਆਂਢੀ ਬਾਹਰ ਆ ਗਏ ਜਿਸ ਕਾਰਨ ਲੁਟੇਰਿਆਂ ਨੂੰ ਮੌਕੇ ਤੋਂ ਭੱਜਣਾ ਪਿਆ ਤੇ ਉਹ ਜਾਂਦੇ ਜਾਂਦੇ ਮੇਰੀ ਕਰੇਟਾ ਚਿੱਟੇ ਰੰਗ ਦੀ ਕਾਰ ਪੀ ਬੀ 03 ਬੀ ਏ 5174 ਲੈ ਕੇ ਫਰਾਰ ਹੋ ਗਏ ।ਗੰਭੀਰ ਜਖ਼ਮੀ ਹਾਲਤ ’ਚ ਪ੍ਰਸੋਤਮ ਲਾਲ ਨੂੰ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ ਜਿੱਥੇ ਉਸ ਦੇ ਸਿਰ ਵਿੱਚ ਚਾਰ ਟਾਂਕੇ ਲਾਏ ਗਏ ।
ਘਟਨਾ ਨੂੰ ਲੈ ਕੇ ਸ਼ਹਿਰ ਵਾਸੀਆਂ ’ਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਪਿਛਲੀ ਦਿਨੀਂ ਮੌੜ ਮੰਡੀ ਦੇ ਇੱਕ ਵਪਾਰੀ ਤੋਂ ਲੁਟੇਰਿਆਂ ਵੱਲੋਂ ਲੱਖਾਂ ਰੁਪਏ ਦੀ ਡਿਕੈਤੀ ਕੀਤੀ ਗਈ ਸੀ ਤੇ ਸ਼ਹਿਰ ’ਚ ਵੀ ਅਕਸਰ ਚੋਰੀ ਡਕੈਤੀ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਦੀਆਂ ਰਹਿੰਦੀਆਂ ਹਨ ।

ਲੁਟੇਰਿਆਂ ਵੱਲੋਂ ਵਰਤੇ ਹਥਿਆਰ ਬਰਾਮਦ ਕੀਤੇ

ਸਿਵਲ ਹਸਪਤਾਲ ਵਿਖੇ ਪਹੁੰਚੇ ਡੀ ਐਸ ਪੀ ਰਾਮਪੁਰਾ ਫੂਲ ਆਸਵੰਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੌਕੇ ਤੋਂ ਲੁਟੇਰਿਆਂ ਵੱਲੋਂ ਵਰਤੇ ਹਥਿਆਰ ਬਰਾਮਦ ਕਰ ਲਏ ਹਨ ਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਪ੍ਰਸੋਤਮ ਲਾਲ ਦਾ ਡਰਾਈਵਰ ਇਸ ਘਟਨਾ ਵਿੱਚ ਸ਼ਾਮਲ ਹੈ ਕਿਉਂਕਿ ਕਾਰ ਦੀ ਚਾਬੀ ਤੇ ਘਰ ਵਿੱਚ ਕਿਸੇ ਹੋਰ ਵਿਆਕਤੀ ਦਾ ਨਾ ਹੋਣਾ ਉਸਨੂੰ ਭਲੀ ਭਾਂਤ ਪਤਾ ਸੀ । ਉਨ੍ਹਾਂ ਕਿਹਾ ਕਿ ਡਰਾਈਵਰ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ । ਉਨ੍ਹਾਂ ਭਰੋਸਾ ਦਵਾਇਆ ਕਿ ਮੁਲਜ਼ਮਾਂ ਨੂੰ ਜਲਦ ਪਕੜ ਲਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ