35ਵਾਂ ਸੁਰਜੀਤ ਹਾਕੀ ਟੂਰਨਾਮੈਂਟ; ਪੰਜਾਬ ਐਂਡ ਸਿੰਧ ਬੈਂਕ ਨੇ ਕੀਤਾ ਜੇਤੂ ਆਗਾਜ਼

ਫ਼ਸਵੇਂ ਮੁਕਾਬਲੇ ‘ਚ ਸੀਆਰਪੀਐਫ ਦਿੱਲੀ ਨੂੰ 2-1 ਨਾਲ ਹਰਾਇਆ

 
ਜਲੰਧਰ 23 ਅਕਤੂਬਰ.
ਹਰਮਨਪ੍ਰੀਤ ਸਿੰਘ ਦੇ ਦੋ ਮੈਦਾਨੀ ਗੋਲਾਂ ਦੀ ਬਦੌਲਤ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੇ ਸੀਆਰਪੀਐਫ ਦਿੱਲੀ ਨੂੰ ਸਖਤ ਮੁਕਾਬਲੇ ਮਗਰੋਂ 2-1 ਦੇ ਫਰਕ ਨਾਲ ਹਰਾ ਕੇ 35ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਉਦਘਾਟਨੀ ਮੈਚ ਵਿੱਚ ਜਿੱਤ ਦਰਜ ਕਰਕੇ ਤਿੰਨ ਅੰਕ ਹਾਸਲ ਕਰ ਲਏ ਹਨ।

 

ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਅੱਜ ਸ਼ੁਰੂ ਹੋਏ ਉਕਤ ਟੂਰਨਾਮੈਂਟ ਵਿੱਚ ਲੀਗ ਦੌਰ ਵਿੱਚ ਪੂਲ ਬੀ ਦਾ ਇਕ ਮੈਚ ਖੇਡਿਆ ਗਿਆ। ਸਾਬਕਾ ਜੇਤੂ ਪੰਜਾਬ ਐਂਡ ਸਿੰਧ ਬੈਂਕ ਅਤੇ ਆਲ ਇੰਡੀਆ ਪੁਲਿਸ ਖੇਡਾਂ ਦੀ ਜੇਤੂ ਸੀਆਰਪੀਐਫ ਦਿੱਲੀ ਦਰਮਿਆਨ ਕਾਫੀ ਰੋਮਾਂਚਕ ਰਿਹਾ। ਬੈਂਕ ਨੇ ਖੇਡ ਦੇ ਸ਼ੁਰੂਆਤੀ ਪਲਾਂ ਵਿੱਚ ਹਮਲੇ ਤਾਂ ਬੋਲੇ ਪਰ ਕੋਈ ਲਾਭ ਨਾ ਹੋਇਆ। ਖੇਡ ਦੇ 18ਵੇਂ ਮਿੰਟ ਵਿੱਚ ਸੀਆਰਪੀਐਫ ਦੇ ਮੀਰਾਬਾ ਸਿੰਘ ਨੇ ਮੈਦਾਨੀ ਗੋਲ ਕਰਕੇ ਬੈਂਕ ਤੇ ਬੜਤ ਹਾਸਲ ਕੀਤੀ। ਇਸ ਤੋਂ ਬਾਅਦ ਬੈਂਕ ਨੇ ਬਰਾਬਰੀ ਕਰਨ ਲਈ ਲਗਾਤਾਰ ਹਮਲੇ ਕੀਤੇ ਪਰ ਸੀਆਰਪੀਐਫ ਨੇ ਸ਼ਾਨਦਾਰ ਬਚਾਅ ਕੀਤੇ। ਅੱਧੇ ਸਮੇਂ ਤੱਕ ਸੀਆਰਪੀਐਫ 1-0 ਨਾਲ ਅੱਗੇ ਸੀ।

 

 
ਅੱਧੇ ਸਮੇਂ ਤੋਂ ਬਾਅਦ ਬੈਂਕ ਦੇ ਹਰਮਨਪ੍ਰੀਤ ਸਿੰਘ ਨੇ ਖੇਡ ਦੇ 48ਵੇਂ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ ਬਰਾਬਰੀ ਤੇ ਲੈ ਆਂਦਾ। ਇਸ ਤੋਂ ਬਾਅਦ ਸੀਆਰਪੀਐਫ ਨੇ ਲਗਾਤਾਰ ਤਿੰਨ ਪੈਨਲਟੀ ਕਾਰਨਰ ਗਵਾਏ। ਖੇਡ ਦੇ 52ਵੇਂ ਮਿੰਟ ਵਿੱਚ ਬੈਂਕ ਦੇ ਹਰਮਨਪ੍ਰੀਤ ਸਿੰਘ ਨੇ ਇਕ ਵਾਰ ਫਿਰ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ 2-1 ਦੀ ਲੀਡ ਦਵਾਈ।

 
ਟੂਰਨਾਮੈਂਟ ਦਾ ਉਦਘਾਟਨ ਪਦਮ ਸ੍ਰੀ ਪਰਗਟ ਸਿੰਘ ਵਿਧਾਇਕ ਜਲੰਧਰ ਕੈਂਟ ਨੇ ਕੀਤਾ। ਇਸ ਮੌਕੇ ਤੇ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੁਰਜੀਤ ਹਾਕੀ ਸੋਸਾਇਟੀ ਵਲੋਂ ਮਹਾਨ ਖਿਡਾਰੀ ਉਲੰਪੀਅਨ ਸੁਰਜੀਤ ਸਿੰਘ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ, ਉਹ ਕਾਬਲੇਤਾਰੀਫ ਹਨ। ਉਨ੍ਹਾਂ ਕਿਹਾ ਕਿ ਸੁਰਜੀਤ ਹਾਕੀ ਟੂਰਨਾਮੈਂਟ ਨੇ ਵਿਸ਼ਵ ਹਾਕੀ ਵਿੱਚ ਜੋ ਮੁਕਾਮ ਹਾਸਲ ਕੀਤਾ ਹੈ, ਉਸ ਦਾ ਕੋਈ ਸਾਨੀ ਨਹੀਂ।

 

 
ਉਦਘਾਟਨ ਤੋਂ ਪਹਿਲਾਂ ਅੰਮ੍ਰਿਤਸਰ ਵਿਖੇ ਹੋਏ ਦਰਦਨਾਕ ਰੇਲ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਨੂੰ ਸ਼ਰਧਾਜਲੀ ਭੇਂਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ। ਉਸ ਤੋਂ ਬਾਅਦ ਵੱਖ ਵੱਖ ਸਕੂਲਾਂ ਦੀਆਂ ਬੱਚੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਜਲੰਧਰ ਪੁਲਿਸ, ਵਰਿੰਦਰ ਕੁਮਾਰ ਸ਼ਰਮਾ ਡਿਪਟੀ ਕਮਿਸ਼ਨਰ ਜਲੰਧਰ, ਪਰਮਵੀਰ ਸਿੰਘ ਐਸ ਡੀ ਐਮ ਜਲੰਧਰ-2, ਤਰਲੋਕ ਸਿੰਘ ਭੁੱਲਰ, ਚਰਨਜੀਤ ਸਿੰਘ ਚੰਨੀ ਸੀਟੀ ਗਰੁੱਪ, ਮਨਵੀਰ ਸਿੰਘ, ਜਿਲ੍ਹਾ ਸਿੱਖਿਆ ਅਫਸਰ ਰਾਮਪਾਲ ਸਿੰਘ, ਅਨਿਲ ਅਵਸਥੀ, ਬਲਜਿੰਦਰ ਸਿੰਘ, ਇਕਬਾਲ ਸਿੰਘ ਸੰਧੂ, ਲਖਵਿੰਦਰ ਪਾਲ ਸਿੰਘ ਖਹਿਰਾ, ਨਰਿੰਦਰਪਾਲ ਸਿੰਘ, ਤਰਸੇਮ ਸਿੰਘ ਪੁਆਰ, ਐਲ ਆਰ ਨਈਅਰ, ਬਲਦੇਵ ਸਿੰਘ, ਰਾਮ ਪ੍ਰਤਾਪ ਅਤੇ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਹਾਜ਼ਰ ਸਨ।

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।