35ਵਾਂ ਸੁਰਜੀਤ ਹਾਕੀ ਟੂਰਨਾਮੈਂਟ;ਆਰਮੀ ਇਲੈਵਨ ਅਤੇ ਭਾਰਤੀ ਰੇਲਵੇ ਫਾਇਨਲ ਵਿੱਚ 

ਸੰਘਸ਼ਪੂਰਨ ਸੈਮੀਫਾਈਨਲ ਂਚ ਆਰਮੀ ਨੇ ਪੰਜਾਬ ਪੁਲਿਸ ਨੂੰ 8-7 ਨਾਲ ਅਤੇ ਰੇਲਵੇ ਨੇ ਏਅਰ ਇੰਡੀਆ ਨੂੰ 4-3 ਨਾਲ ਹਰਾਇਆ

 

ਫਾਈਨਲ ਸ਼ਾਮ 6 ਵਜੇ 

ਜਲੰਧਰ 30 ਅਕਤੂਬਰ

35ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਇਨਲ ਵਿੱਚ ਆਰਮੀ ਇਲੈਵਨ ਅਤੇ ਭਾਰਤੀ ਰੇਲਵੇ ਦੀਆਂ ਟੀਮਾਂ ਭਿੜਨਗੀਆਂ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਟੂਰਨਾਮੈਂਟ ਦੇ ਦੋਵੇਂ ਸੈਮੀਫਾਇਨਲ ਮੈਚ ਖੇਡੇ ਗਏ। ਪਹਿਲੇ ਸੈਮੀਫਾਇਨਲ ਵਿੱਚ ਆਰਮੀ ਇਲੈਵਨ ਨੇ ਪਨੈਲਟੀ ਸ਼ੂਟ ਆਊਟ ਸਡਨ ਡੈਥ ਰਾਹੀਂ ਪਿਛਲੇ ਸਾਲ ਦੀ ਜੇਤੂ ਪੰਜਾਬ ਪੁਲਿਸ ਨੂੰ 8-7 ਦੇ ਫਰਕ ਨਾਲ ਹਰਾ ਕੇ ਫਾਇਨਲ ਵਿੱਚ ਤੀਸਰੀ ਵਾਰ ਪ੍ਰਵੇਸ਼ ਕੀਤਾ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਦੋਵੇਂ ਟੀਮਾਂ 1-1 ਗੋਲ ਤੇ ਬਰਾਬਰ ਸਨ। ਇਸ ਤੋਂ ਪਹਿਲਾਂ ਆਰਮੀ ਇਲੈਵਨ 2016 ਵਿੱਚ ਫਾਇਨਲ ਵਿੱਚ ਪਹੁੰਚੀ ਸੀ ਅਤੇ ਦੂਜੇ ਸਥਾਨ ਤੇ ਰਹੀ ਸੀ।
ਦੂਜੇ ਸੈਮੀਫਾਇਨਲ ਵਿੱਚ ਭਾਰਤੀ ਰੇਲਵੇ ਨੇ ਏਅਰ ਇੰਡੀਆ ਨੂੰ 4-3 ਦੇ ਫਰਕ ਨਾਲ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ। ਫਾਇਨਲ ਮੁਕਾਬਲਾ 31 ਅਕਤੂਬਰ ਨੂੰ ਸ਼ਾਮ 6 ਵਜੇ ਖੇਡਿਆ ਜਾਵੇਗਾ।

 

ਸਡਨ ਡੈੱਥ ਨਾਲ ਹੋਇਆ ਪਹਿਲੇ ਸੈਮੀਫਾਈਨਲ ਦਾ ਫੈਸਲਾ

ਪਹਿਲੇ ਸੈਮੀਫਾਇਨਲ ਵਿੱਚ ਆਰਮੀ ਇਲੈਵਨ ਅਤੇ ਪੰਜਾਬ ਪੁਲਿਸ ਜਲੰਧਰ ਦੀਆਂ ਟੀਮਾਂ ਨੇ ਬੇਹਤਰੀਨ ਪ੍ਰਦਰਸ਼ਨ ਕੀਤਾ। ਖੇਡ ਦੇ 14ਵੇਂ ਮਿੰਟ ਵਿੱਚ ਆਰਮੀ ਦੇ ਭੁਸ਼ਣ ਖਜੂਰ ਨੇ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ 1-0 ਨਾਲ ਅੱਗੇ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਲਗਾਤਾਰ ਹਮਲੇ ਕੀਤੇ ਅਤੇ ਪਹਿਲੇ ਅੱਧ ਵਿੱਚ ਚਾਰ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਆਰਮੀ ਦੇ ਗੋਲਕੀਪਰ ਕੇ ਬੀ ਥਮਈਆ ਨੇ ਸ਼ਾਨਦਾਰ ਬਚਾਅ ਕੀਤੇ। ਅੱਧੇ ਸਮੇਂ ਦੀ ਸਮਾਪਤੀ ਤੱਕ ਸਕੋਰ 1-0 ਆਰਮੀ ਦੇ ਹੱਕ ਵਿੱਚ ਸੀ।
ਅੱਧੇ ਸਮੇਂ ਤੋਂ ਬਾਅਦ ਪੁਲਿਸ ਨੇ ਹਮਲਾ ਬਣਾਇਆ ਖੇਡ ਦੇ 52ਵੇਂ ਮਿੰਟ ਵਿੱਚ ਗਗਨਦੀਪ ਸਿੰਘ ਦੇ ਪਾਸ ਤੇ ਵਰਿੰਦਰ ਸਿੰਘ ਨੇ ਗੋਲ ਕਰਕੇ ਆਪਣੀ ਟੀਮ ਨੂੰ ਬਰਾਬਰੀ ਤੇ ਲਿਆ ਖੜ੍ਹਾ ਕੀਤਾ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਦੋਵੇਂ ਟੀਮਾਂ 1-1 ਗੋਲ ਦੀ ਬਰਾਬਰੀ ਤੇ ਰਹੀਆਂ। ਪੈਨਲਟੀ ਸ਼ੂਟ ਆਊਟ ਵਿੱਚ ਦੋਵੇਂ ਟੀਮਾਂ 3-3 ਦੀ ਬਰਾਬਰੀ ਤੇ ਰਹੀਆਂ, ਉਸ ਤੋਂ ਬਾਅਦ ਫੈਸਲਾ ਸਡਨ ਡੈਥ ਰਾਹੀਂ ਕੀਤਾ ਗਿਆ ਜਿਸ ਵਿੱਚ ਪੁਲਿਸ ਨੇ ਤਿੰਨ ਅਤੇ ਆਰਮੀ ਨੇ ਚਾਰ ਗੋਲ ਕੀਤੇ।

 

ਦੂਜਾ ਸੈਮੀਫਾਈਨਲ ਵੀ ਰਿਹਾ ਰੋਮਾਂਚ ਦੀ ਅੱਤ

ਦੂਜੇ ਸੈਮੀਫਾਇਨਲ ਵਿੱਚ ਖੇਡ ਦੇ 10ਵੇਂ ਮਿੰਟ ਵਿੱਚ ਭਾਰਤੀ ਰੇਲਵੇ ਦੇ ਅਜੀਤ ਕੁਮਾਰ ਪਾਂਡੇ ਨੇ ਮੈਦਾਨੀ ਗੋਲ ਕਰਕੇ ਖਾਤਾ ਖੋਲ੍ਹਿਆ। ਅਗਲੇ ਹੀ ਮਿੰਟ ਏਅਰ ਇੰਡੀਆ ਦੇ ਅਭਾਰਨ ਸੁਦੇਵ ਨੇ ਗੋਲ ਕਰਕੇ ਬਰਾਬਰੀ ਕੀਤੀ। ਖੇਡ ਦੇ 35ਵੇਂ ਮਿੰਟ ਵਿੱਚ ਰੇਲਵੇ ਦੇ ਬਲਜਿੰਦਰ ਜੂਨੀਅਰ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 2-1 ਕੀਤਾ। ਅੱਧੇ ਸਮੇਂ ਤੱਕ ਸਕੋਰ ਰੇਲਵੇ ਦੇ ਹੱਕ ਵਿੱਚ 2-1 ਸੀ।
ਖੇਡ ਦੇ ਦੂਜੇ ਅੱਧ ਦੇ 45ਵੇਂ ਮਿੰਟ ਵਿੱਚ ਰੇਲਵੇ ਦੇ ਅਜਮੇਰ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 3-1 ਕੀਤਾ। 48ਵੇਂ ਮਿੰਟ ਵਿੱਚ ਏਅਰ ਇੰਡੀਆ ਦੇ ਉਤਮ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 2-3 ਕੀਤਾ। 65ਵੇਂ ਮਿੰਟ ਵਿੱਚ ਏਅਰ ਇੰਡੀਆ ਦੇ ਫਰਾਜ ਮੁਹੰਮਦ ਨੇ ਪੈਨਲਟੀ ਕਾਰਨਰ ਨਾਲ ਗੋਲ ਕਰਕੇ ਬਰਾਬਰੀ ਕੀਤੀ। ਆਖਰੀ ਮਿੰਟ ਵਿੱਚ ਰੇਲਵੇ ਦੇ ਕਰਨਪਾਲ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਆਪਣੀ ਟੀਮ ਨੂੰ 4-3 ਨਾਲ ਜਿੱਤ ਦੁਆਈ।

ਇਸ ਮੌਕੇ ਤੇ ਬੋਲਦਿਆਂ ਮੁੱਖ ਮਹਿਮਾਨ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸਰਕਾਰ ਨੂੰ ਖਿਡਾਰੀਆਂ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਵਿਧਾਇਕ ਪਰਗਟ ਸਿੰਘ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਡਾਇਰੈਕਟਰ ਖੇਡਾਂ ਪੰਜਾਬ, ਹੁੰਦਿਆਂ ਜੋ ਖੇਡਾਂ ਲਈ ਉਪਰਾਲਾ ਕੀਤਾ ਉਸ ਦਾ ਨਤੀਜਾ ਹੈ ਕਿ ਭਾਰਤੀ ਹਾਕੀ ਟੀਮਾਂ (ਜੂਨੀਅਰ ਅਤੇ ਸੀਨੀਅਰ) ਵਿੱਚ 22 ਖਿਡਾਰੀ ਪੰਜਾਬੀ ਹਨ। ਉਨ੍ਹਾਂ ਕਿਹਾ ਕਿ ਸੁਰਜੀਤ ਸਿੰਘ ਰੰਧਾਵਾ ਨੂੰ ਸੱਚੀ ਸ਼ਰਧਾਜਲੀ ਸੁਰਜੀਤ ਹਾਕੀ ਸੋਸਾਇਟੀ ਵਲੋਂ ਦਿੱਤੀ ਜਾ ਰਹੀ ਹੈ।

ਮੁੱਖ ਮਹਿਮਾਨ ਚੋਧਰੀ ਸੰਤੋਖ ਸਿੰਘ ਨੇ ਸੁਰਜੀਤ ਹਾਕੀ ਸੋਸਾਇਟੀ ਨੂੰ 10 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਪੰਜਾਬ, ਚੋਧਰੀ ਸੰਤੋਖ ਸਿੰਘ ਮੈਂਬਰ ਪਾਰਲੀਮੈਂਟ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਅਤੁਲ ਗੁਪਤਾ ਡੀਜੀਐਮ ਇੰਡੀਅਨ ਆਇਲ, ਕੁਲਬੀਰ ਸਿੰਘ ਜੀਰਾ ਵਿਧਾਇਕ, ਤਜਿੰਦਰ ਸਿੰਘ ਪਾਹੜਾ ਵਿਧਾਇਕ, ਉਲੰਪੀਅਨ ਪਰਗਟ ਸਿੰਘ ਵਿਧਾਇਕ ਜਲੰਧਰ ਕੈਂਟ, ਉਲੰਪੀਅਨ ਬਲਬੀਰ ਸਿੰਘ, ਉਲੰਪੀਅਨ ਬਲਜੀਤ ਸੈਣੀ, ਉਲੰਪੀਅਨ ਬਲਵਿੰਦਰ ਸ਼ਮੀ, ਉਲੰਪੀਅਨ ਸੰਜੀਵ ਕੁਮਾਰ, ਐਲ ਆਰ ਨਈਅਰ, ਰਾਮ ਪ੍ਰਤਾਪ, ਗੁਰਚਰਨ ਸਿੰਘ, ਗੁਰਵਿੰਦਰ ਸਿੰਘ ਗੁੱਲੂ, ਗੁਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ, ਇਕਬਾਲ ਸਿੰਘ ਸੰਧੂ ਪੀਸੀਐਸ, ਤਰਸੇਮ ਸਿੰਘ ਪੁਆਰ, ਸੁਰਿੰਦਰ ਸਿੰਘ, ਤਰਲੋਕ ਸਿੰਘ ਭੁੱਲਰ, ਨਵਦੀਪ ਸਿੰਘ ਗਿੱਲ, ਰਾਜਨ ਚੋਪੜਾ ਅਤੇ ਹੋਰ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਅਤੇ ਖੇਡ ਪ੍ਰੇਮੀ ਹਾਜ਼ਰ ਸਨ।

ਫਾਇਨਲ ਮੈਚ ਤੋਂ ਪਹਿਲਾਂ ਪ੍ਰਸਿੱਧ ਪੰਜਾਬੀ ਗਾਇਕ ਪਰਮੀਸ਼ ਵਰਮਾ ਸ਼ਾਮ 5 ਵਜੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਫਾਇਨਲ ਮੈਚ ਤੋਂ ਬਾਅਦ ਦਰਸ਼ਕਾਂ ਲਈ ਆਲਟੋ ਕਾਰ ਦਾ ਲੱਕੀ ਡਰਾਅ ਕੱਢਿਆ ਜਾਵੇਗਾ। ਪੀਟੀਸੀ ਚੈਨਲ ਵਲੋਂ ਫਾਇਨਲ ਮੈਚ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।