‘2020 ਸਿੱਖ ਰਿਫਰੈਂਡਮ’ ਮੋਬਾਇਲ ਐਪ ਨੂੰ ਗੂਗਲ ਨੇ ਹਟਾਇਆ, ਅਮਰਿੰਦਰ ਨੇ ਕੀਤੀ ਸੀ ਮੰਗ

2020 Sikh Referendum,App Removed, Google

‘2020 ਸਿੱਖ ਰਿਫਰੈਂਡਮ’ ਰਾਹੀਂ ਖ਼ਾਲਿਸਤਾਨ ਦੀ ਲਹਿਰ ਪੈਦਾ ਕਰਨ ਦੀ ਕੀਤੀ ਜਾ ਰਹੀਂ ਸੀ ਕੋਸ਼ਿਸ਼

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੰਗ ‘ਤੇ ਆਈ.ਟੀ. ਖੇਤਰ ਦੀ ਮੋਹਰੀ ਕੰਪਨੀ ਗੂਗਲ ਨੇ ਫੌਰੀ ਪ੍ਰਭਾਵ ਨਾਲ ਆਪਣੇ ਪਲੇਅ ਸਟੋਰ ਤੋਂ ਵੱਖਵਾਦੀ ਅਤੇ ਭਾਰਤ ਵਿਰੋਧੀ ਮੋਬਾਈਲ ਐਪਲੀਕੇਸ਼ਨ ‘2020 ਸਿੱਖ ਰਿਫਰੈਂਡਮ’ ਨੂੰ ਹਟਾ ਦਿੱਤਾ ਹੈ। ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਭਾਰਤ ਵਿੱਚ ਮੋਬਾਈਲ ਵਰਤੋਂਕਾਰਾਂ ਲਈ ਗੂਗਲ ਪਲੇਅ ਸਟੋਰ ‘ਤੇ ਹੁਣ ਇਹ ਮੋਬਾਈਲ ਐਪ ਮੌਜੂਦ ਨਹੀਂ ਹੈ।

ਮੁੱਖ ਮੰਤਰੀ ਨੇ ਇਸ ਸਬੰਧ ਵਿੱਚ ਕੇਂਦਰ ਸਰਕਾਰ ਨੂੰ ਵੀ ਗੂਗਲ ‘ਤੇ ਦਬਾਅ ਬਣਾਉਣ ਦੀ ਅਪੀਲ ਕੀਤੀ ਸੀ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ ‘ਆਈਸਟੈੱਕ’ ਵੱਲੋਂ ਬਣਾਈ ਗਈ ਐਪ ਨੂੰ ਲਾਂਚ ਕਰਨ ਨਾਲ ਪੈਦਾ ਹੋਣ ਵਾਲੇ ਖ਼ਤਰੇ ਨਾਲ ਨਜਿੱਠਣ ਲਈ ਸੂਬੇ ਦੇ ਡੀ.ਜੀ.ਪੀ. ਨੂੰ ਵੀ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਕਰਨ ਵਾਸਤੇ ਕਿਹਾ ਸੀ।

ਇਸ ਐਪ ਰਾਹੀਂ ਆਮ ਲੋਕਾਂ ਨੂੰ ‘ਪੰਜਾਬ ਰਿਫਰੈਂਡਮ 2020 ਖਾਲਿਸਤਾਨ’ ਵਾਸਤੇ ਵੋਟ ਦੇਣ ਲਈ ਆਪਣੇ ਆਪ ਨੂੰ ਰਜਿਸਟਰ ਕਰਨ ਵਾਸਤੇ ਆਖਿਆ ਗਿਆ ਸੀ। ਇਸ ਮੰਤਵ ਲਈ ਇਨ੍ਹਾਂ ਲੀਹਾਂ ‘ਤੇ ਹੀ www.yes2khalistan.org ਦੇ ਨਾਂਅ ਹੇਠ ਇਕ ਵੈਬਸਾਈਟ ਵੀ ਸ਼ੁਰੂ ਕੀਤੀ ਗਈ ਸੀ। ਡੀ.ਆਈ.ਟੀ.ਏ.ਸੀ. ਲੈਬ ਪੰਜਾਬ ਵਿੱਚ ਇਸ ਐਪ ਅਤੇ ਵੈਬਸਾਈਟ ਦੀ ਘੋਖ ਕਰਨ ਦੌਰਾਨ ਇਹ ਸਾਹਮਣੇ ਆਇਆ ਕਿ ਇਸ ਐਪ ਰਾਹੀਂ ਰਜਿਸਟਰਡ ਹੋਣ ਵਾਲੇ ਵੋਟਰਾਂ ਦਾ ਡਾਟਾ www.yes2khalistan.org ਵੈਬਸਾਈਟ ਦੇ ਸਰਵਰ ਨਾਲ ਜੁੜ ਕੇ ਸਟੋਰ ਹੋ ਜਾਂਦਾ ਹੈ। ਇਸ ਵੈਬਸਾਈਟ ਦੀ ਸਿਰਜਣਾ ‘ਸਿੱਖਜ਼ ਫਾਰ ਜਸਟਿਸ’ ਵੱਲੋਂ ਕੀਤੀ ਗਈ ਅਤੇ ਇਸ ਵੱਲੋਂ ਹੀ ਇਸ ਨੂੰ ਚਲਾਇਆ ਜਾਂਦਾ ਹੈ ਜਦਕਿ ਇਸ ਜਥੇਬੰਦੀ ‘ਤੇ ਭਾਰਤ ਸਰਕਾਰ ਨੇ ਪਾਬੰਦੀ ਲਾਈ ਹੋਈ ਹੈ।

ਗੂਗਲ ਪਲੇਅ ਸਟੋਰ ਤੋਂ ਇਹ ਐਪ ਹਟਾਉਣ ਅਤੇ ਵੈਬਸਾਈਟ ਨੂੰ ਬਲੌਕ ਕਰਨ ਦੀ ਮੰਗ ਕੀਤੀ

ਇਸ ਤੋਂ ਬਾਅਦ ਪੰਜਾਬ ਦੇ ਸਾਈਬਰ ਕਰਾਈਮ ਸੈਂਟਰ ਦੇ ਜਾਂਚ ਬਿਊਰੋ ਨੇ ਗੂਗਲ ਪਲੇਅ ਸਟੋਰ ਤੋਂ ਇਸ ਐਪ ਨੂੰ ਹਟਾਉਣ ਅਤੇ ਭਾਰਤ ਵਿੱਚ ਵੈਬਸਾਈਟ ਨੂੰ ਬਲੌਕ ਕਰਵਾਉਣ ਲਈ ਲੋੜੀਂਦੇ ਕਦਮ ਚੁੱਕੇ। ਇਸ ਉਪਰੰਤ 8 ਨਵੰਬਰ, 2019 ਨੂੰ ਗੂਗਲ ਪਲੇਅ ਸਟੋਰ ਤੋਂ ਇਹ ਮੋਬਾਈਲ ਐਪ ਫੌਰੀ ਤੌਰ ‘ਤੇ ਹਟਾਉਣ ਲਈ ਗੂਗਲ ਲੀਗਲ ਸੈੱਲ ਨੂੰ ਇਨਫਰਮੇਸ਼ਨ ਤਕਨਾਲੋਜੀ ਐਕਟ ਦੀ ਧਾਰਾ 79 (3) ਬੀ ਤਹਿਤ ਨੋਟਿਸ ਭੇਜਿਆ ਗਿਆ। ਵਧੀਕ ਮੁੱਖ ਸਕੱਤਰ ਗ੍ਰਹਿ ਤੋਂ ਪ੍ਰਵਾਨਗੀ ਹਾਸਲ ਕਰਨ ਤੋਂ ਬਾਅਦ ਇਕ ਬੇਨਤੀ ਪੱਤਰ ਭਾਰਤ ਸਰਕਾਰ ਦੇ ਬਿਜਲੀ ਉਪਕਰਨ ਅਤੇ ਸੂਚਨਾ ਤੇ ਤਕਨਾਲੋਜੀ ਵਿਭਾਗ ਦੇ ਸਾਈਬਰ ਲਾਅ ਡਵੀਜ਼ਨ ਨੂੰ ਭੇਜ ਕੇ ਸਬੰਧਤ ਐਕਟਾਂ ਅਧੀਨ ਗੂਗਲ ਪਲੇਅ ਸਟੋਰ ਤੋਂ ਇਹ ਐਪ ਹਟਾਉਣ ਅਤੇ ਵੈਬਸਾਈਟ ਨੂੰ ਬਲੌਕ ਕਰਨ ਦੀ ਮੰਗ ਕੀਤੀ।

9 ਨਵੰਬਰ, 2019 ਨੂੰ ਆਈ.ਜੀ.ਪੀ. ਕਰਾਈਮ ਨਾਗੇਸ਼ਵਰ ਰਾਓ ਅਤੇ ਸੂਬੇ ਦੇ ਸਾਈਬਰ-ਕਮ-ਡੀ.ਆਈ.ਟੀ.ਏ.ਸੀ. ਲੈਬ ਦੇ ਇੰਚਾਰਜ ਨੇ ਵੀ ਗੂਗਲ ਇੰਡੀਆ ਦੇ ਕਾਨੂੰਨੀ ਸੈੱਲ ਕੋਲ ਵੀ ਇਹ ਮਸਲਾ ਉਠਾਇਆ ਅਤੇ ਕੰਪਨੀ ਨੇ ਇਹ ਸਵੀਕਾਰ ਕੀਤਾ ਕਿ ਪਾਬੰਦੀਸ਼ੁਦਾ ਜਥੇਬੰਦੀ ਸਿੱਖਜ਼ ਫਾਰ ਜਸਟਿਸ ਵੱਲੋਂ ਗੂਗਲ ਪਲੇਟਫਾਰਮ ਦੀ ਵਰਤੋਂ ਗੈਰ-ਕਾਨੂੰਨੀ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਲਈ ਕੀਤੀ ਗਈ। ਇਸ ਸੰਦਰਭ ਵਿੱਚ ਹੀ ਕੰਪਨੀ ਨੇ ਪਲੇਅ ਸਟੋਰ ਤੋਂ ਐਪ ਹਟਾਉਣ ਦਾ ਫੈਸਲਾ ਲਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।