ਵਿਦਿਆਰਥਣ ‘ਤੇ ਤੇਜਾਬ ਨਾਲ ਹਮਲਾ ਕਰਨ ਵਾਲੇ 2 ਗ੍ਰਿਫਤਾਰ

ਜਲਾਲਾਬਾਦ (ਰਜਨੀਸ਼ ਰਵੀ) ਸਥਾਨਕ ਪੁਲਿਸ ਨੇ ਬੀਤੇ ਕੱਲ੍ਹ ਇਕ ਵਿਦਿਆਰਥਣ ‘ਤੇ ਹੋਏ ਤੇਜਾਬੀ ਹਮਲੇ ਦੇ ਸਬੰਧ ‘ਚ ਇਕ ਨਬਾਲਿਗ ਸਮੇਤ ਦੋ ਲੜਕਿਆਂ ਨੂੰ ਕਾਬੂ ਕੀਤਾ ਹੈ।
ਜਿਕਰਯੋਗ ਹੈ ਕਿ ਬੀਤੇ ਕੱਲ੍ਹ ਸ਼ਾਮ ਸਮੇਂ ਜਲਾਲਾਬਾਦ ਸ਼ਹਿਰ ਦੇ ਇਕ ਕੰਪਿਊੁਟਰ ਸੈਂਟਰ ਤੋਂ ਪੜ੍ਹ ਕੇ ਘਰ ਜਾ ਰਹੀ ਲੜਕੀ ‘ਤੇ ਦੋ ਲੜਕਿਆਂ ਵੱਲੋਂ ਤੇਜਾਬ ਸੁੱਟ ਦਿੱਤਾ ਗਿਆ ਸੀ, ਜਿਸ ‘ਚ 18 ਸਾਲਾਂ ਲੜਕੀ ਝੁਲਸ ਗਈ ਸੀ। ਇਸ ਘਟਨਾਂ ਤੋਂ ਬਾਅਦ ਸਥਾਨਕ ਪੁਲਸ ਤੁਰੰਤ ਹਰਕਤ ਵਿੱਚ ਆ ਗਈ ਤੇ ਪੁਲਸ ਨੇ ਕੁਝ ਘੰਟਿਆਂ ਬਾਅਦ ਇਕ ਨਬਾਲਿਗ ਲੜਕੇ ਸਾਗਰ ਤੇ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਵੱਲੋਂ ਕਾਬੂ ਕੀਤੇ ਲੜਕਿਆਂ ਵਿਰੁੱਧ ਸਥਾਨਕ ਸਿਟੀ ਥਾਣਾ ਵਿਖੇ ਧਾਰਾ 307, 326 ਏ, 34 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਅੱਜ  ਉਪਰੋਕਤ ਮੁਲਜਮਾ ਵਿੱਚੋਂ ਇਕ (ਹਰਪ੍ਰੀਤ) ਨੂੰ ਮਾਣਯੋਗ ਦੀਪਤੀ ਗੋਇਲ ਵਧੀਕ ਸਿਵਲ ਜੱਜ (ਸ.ਡ.) ਦੀ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਰਿਮਾਂਡ ਲਿਆ ਗਿਆ। ਸਥਾਨਕ ਕੋਰਟ ਕੰਪਲੈਕਸ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਥਾਣਾ ਸਿਟੀ ਦੇ ਐਸ.ਐਚ.ਓ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਮੁਲਜਮ ਨੂੰ ਅਦਾਲਤ ਵਿੱਚ ਪੇਸ਼ ਕਰਨ ਦੌਰਾਨ ਦੋ ਦਿਨਾਂ ਦਾ ਰਿਮਾਂਡ ਮਿਲਿਆ ਹੈ ਤੇ ਪੁਲਸ ਵੱਲੋਂ ਇਸ ਕੇਸ ਸਬੰਧੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।