ਸੈਨਿਕ ਸਾਜ਼ੋ-ਸਾਮਾਨ ਅਤੇ ਹਥਿਆਰਾਂ ਦੀ ਲੱਗੀ ਵਿਸ਼ਾਲ ਪ੍ਰਦਰਸ਼ਨੀ
ਅੰਮ੍ਰਿਤਸਰ, (ਰਾਜਨ ਮਾਨ) ਭਾਰਤੀ ਸੈਨਾ ਵੱਲੋਂ ‘ਆਪਣੀ ਫ਼ੌਜ ਨੂੰ ਪਹਿਚਾਣੋ’ ਥੀਮ ਤਹਿਤ ਕਰਵਾਇਆ ਜਾ ਰਿਹਾ ਵਿਸ਼ਾਲ ਮੇਲਾ ਅੱਜ ਸਥਾਨਕ ਪੈਂਥਰ ਸਟੇਡੀਅਮ ਵਿਖੇ ਧੂਮ-ਧੜੱਕੇ ਨਾਲ ਸ਼ੁਰੂ ਹੋ ਗਿਆ ਮੇਲੇ ਦਾ ਉਦਘਾਟਨ 15 ਇਨਫੈਂਟਰੀ ਡਵੀਜ਼ਨ ਦੇ ਜਨਰਲ ਆਫੀਸਰ ਕਮਾਂਡਿੰਗ ਮੇਜਰ ਜਨਰਲ ਨਵ ਕੇ ਖੰਡੂਰੀ ਨੇ ਕੀਤਾ।
16 ਅਗਸਤ ਤੱਕ ਚੱਲਣ ਵਾਲੇ ਇਸ ਮੇਲੇ ਵਿਚ ਭਾਰਤੀ ਫ਼ੌਜ ਦੁਆਰਾ ਵਰਤੇ ਜਾਂਦੇ ਸਾਜ਼ੋ-ਸਾਮਾਨ, ਹਥਿਆਰਾਂ, ਟੈਂਕਾਂ, ਤੋਪਾਂ, ਰਾਡਾਰਾਂ, ਸੈਂਸਰਾਂ, ਇੰਜੀਨੀਅਰਿੰਗ ਯੰਤਰਾਂ ਆਦਿ ਤੋਂ ਇਲਾਵਾ ਬੈਂਡ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਮੇਲੇ ਦੌਰਾਨ ਭਾਰਤ ਦੀ ‘ਅਨੇਕਤਾ ਵਿਚ ਏਕਤਾ’ ਦੀ ਗਵਾਹੀ ਭਰਦੇ ਬਹੁ-ਸੱਭਿਆਚਾਰਕ ਪ੍ਰੋਗਰਾਮਾਂ ਤੋਂ ਇਲਾਵਾ ਫੂਡ ਸਟਾਲ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਸੈਨਾ ਵਿਚ ਭਰਤੀ ਪ੍ਰਕਿਰਿਆ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ ਇਸ ਪ੍ਰਦਰਸ਼ਨੀ ਨੂੰ ਸੇਵਾਮੁਕਤ ਸੈਨਿਕਾਂ, ਸਿਵਲ ਉੱਚ ਅਧਿਕਾਰੀਆਂ, ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ, ਐਨ. ਸੀ. ਸੀ ਕੈਡਿਟਾਂ ਤੋਂ ਇਲਾਵਾ ਆਮ ਲੋਕਾਂ ਨੇ ਬਹੁਤ ਗਹੁ ਨਾਲ ਦੇਖਿਆ ਅਤੇ ਇਸ ਦੀ ਭਰਪੂਰ ਪ੍ਰਸੰਸਾ ਕੀਤੀ। ਉਨਾਂ ਦਾ ਉਤਸ਼ਾਹ ਵੇਖਿਆਂ ਹੀ ਬਣਦਾ ਸੀ ਅਤੇ ਉਨਾਂ ਨੇ ਭਾਰਤੀ ਫ਼ੌਜ ਦੇ ਟੈਂਕਾਂ, ਤੋਪਾਂ ਅਤੇ ਹੋਰਨਾਂ ਹਥਿਆਰਾਂ ਨਾਲ ਤਸਵੀਰਾਂ ਵੀ ਖਿਚਵਾਈਆਂ। ਇਸ ਮੌਕੇ ਇਕ ਡਾਕਟਰੀ ਜਾਂਚ ਕੈਂਪ ਵੀ ਲਗਾਇਆ ਗਿਆ।