‘ਸੈਂਡ’ ਹੀ ਨਹੀਂ ‘ਲੈਂਡ’ ਘਪਲੇਬਾਜ਼ ਵੀ ਹੈ ਰਾਣਾ ਗੁਰਜੀਤ 

ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਉਂਦਿਆਂ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਮੰਗਿਆ ਜਵਾਬ

  • ਕਿਹਾ: ਰਾਣਾ ਗੁਰਜੀਤ ਨੇ ਆਪਣੇ ਨੌਕਰ ਰਾਹੀਂ ਪਿੰਡ ਸੇਵਕ ਸਿਓਂਕ ‘ਚ ਖਰੀਦੀ ਸ਼ਾਮਲਾਟ ਦੀ ਜ਼ਮੀਨ

ਚੰਡੀਗੜ੍ਹ, (ਅਸ਼ਵਨੀ ਚਾਵਲਾ) । ਬਿਜਲੀ ਅਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਸਿਰਫ਼ ‘ਸੈਂਡ ਹੀ ਨਹੀਂ ਸਗੋਂ ‘ਲੈਂਡ’ ਮਾਫ਼ੀਆ ਨਾਲ ਵੱਡਾ ਘਪਲੇਬਾਜ ਹੈ। ਜਿਸ ਨੇ ਕਿ ਰੇਤੇ ਦੀਆਂ ਖੱਡਾਂ ਆਪਣੇ ਨੌਕਰ ਰਾਹੀਂ ਲੈਣ ਤੋਂ ਬਾਅਦ ਸ਼ਾਮਲਾਟ ਦੀ ਜਮੀਨ ਵੀ ਨਾਜਾਇਜ਼ ਤਰੀਕੇ ਨਾਲ ਖਰੀਦ ਕੇ 50 ਲੱਖ ਦੀ ਜਮੀਨ ‘ਤੇ 108 ਕਰੋੜ ਰੁਪਏ ਲੋਨ ਕਰਵਾ ਲਿਆ ਹੈ। ਇਹ ਸਾਰਾ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਹੈ ਤਾਂ ਕਿ ਸ਼ਾਮਲਾਟ ਜਮੀਨ ‘ਤੇ ਲੋਨ ਲੈਕੇ ਉਸ ਜਮੀਨ ਨੂੰ ਗਿਰਵੀ ਰੱਖ ਦਿੱਤਾ ਜਾਵੇ, ਜਿਹੜੀ ਕਿ ਨਾ ਸਿਰਫ਼ ਵੇਚੀ ਜਾ ਸਕਦੀ ਹੈ, ਸਗੋਂ ਉਸ ਦੀ ਕੀਮਤ ਵੀ ਬਹੁਤ ਹੀ ਜਿਆਦਾ ਘੱਟ ਹੈ। ਇਹ ਦੋਸ਼ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲਾਏ ਹਨ।

ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਨੇ ਮੁਹਾਲੀ ਦੇ ਪਿੰਡ ਸੇਵਕ ਸਿਓਂਕ ਵਿਖੇ ਜਿਹੜੀ ਸ਼ਾਮਲਾਟ ਜਮੀਨ ਖਰੀਦੀ ਹੈ, ਉਹ ਈਸਟ ਪੰਜਾਬ ਕੰਸੋਲੀਡੇਸ਼ਨ ਐਕਟ ਦੇ ਤਹਿਤ ਖਰੀਦੀ ਹੀ ਨਹੀਂ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸੇ ਕਾਂਗਰਸ ਸਰਕਾਰ ਨੇ ਇਸ ਐਕਟ ਵਿੱਚ ਸੋਧ ਕਰਕੇ ਸ਼ਾਮਲਾਟ ਜ਼ਮੀਨਾਂ ਦੀ ਖਰੀਦ ਵੇਚ ‘ਤੇ ਰੋਕ ਲਾਈ ਸੀ। ਹੁਣ ਉਸ ਦੀ ਹੀ ਸਰਕਾਰ ਦੇ ਮੰਤਰੀ ਵੱਲੋਂ ਘਪਲੇਬਾਜ਼ੀ ਕੀਤੀ ਜਾ ਰਹੀ ਹੈ।

ਸੁਖਪਾਲ ਖਹਿਰਾ ਨੇ ਦੋਸ਼ ਲਾਇਆ ਕਿ ਰਾਣਾ ਗੁਰਜੀਤ ਸਿੰਘ ਨੇ ਇਸ ਪਿੰਡ ਵਿੱਚ ਆਪਣੇ ਭਾਈ ਅਤੇ ਭਰਜਾਈ ਸਣੇ ਖ਼ੁਦ ਦੇ ਨਾਅ ‘ਤੇ 458 ਕਨਾਲ ਜਮੀਨ ਖਰੀਦੀ ਹੈ। ਜਿਹੜੀ ਕਿ ਸ਼ਾਮਲਾਟ ਦੀ ਹੋਣ ਦੇ ਬਾਵਜੂਦ ਵੀ ਆਪਣੇ ਰਾਜਨੀਤਕ ਦਬਾਓ ਹੇਠ ਰਾਣਾ ਗੁਰਜੀਤ ਸਿੰਘ ਨੇ ਢਾਈ ਲੱਖ ਰੁਪਏ ਪ੍ਰਤੀ ਕਿਲੇ ਦੇ ਡੀ.ਸੀ. ਰੇਟ ਰਾਹੀਂ ਆਪਣੇ ਨਾਂਅ ਕਰਵਾ ਲਈ ਅਤੇ ਇੱਥੇ ਹੀ ਸਿਰਫ਼ 34 ਦਿਨਾਂ ਵਿੱਚ ਸਾਰੇ ਕਾਇਦੇ ਨਿਯਮਾਂ ਨੂੰ ਪਾਸੇ ਕਰਦਿਆਂ ਗਿਰਦਾਵਰੀ ਵੀ ਆਪਣੇ ਨਾਂਅ ਬਦਲਵਾ ਲਈ ਹੈ। ਉਨ੍ਹਾਂ ਦੱਸਿਆ ਕਿ ਇਸ ਘਪਲੇ ਨੂੰ ਲੈ ਕੇ ਪਿੰਡ ਦੇ ਲੋਕਾਂ ਨੇ ਸ਼ਿਕਾਇਤ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੀ ਕੀਤੀ ਸੀ ਪਰ ਮੁੱਖ ਮੰਤਰੀ ਵੱਲੋਂ ਇਸ ਮਾਮਲੇ ਵਿੱਚ ਕੁਝ ਵੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਖ਼ਰਕਾਰ ਅਮਰਿੰਦਰ ਸਿੰਘ ਰਾਣਾ ਗੁਰਜੀਤ ਸਿੰਘ ਦੇ ਘਪਲਿਆਂ ਦਾ ਬੋਝ ਕਿੰਨਾ ਕੁ ਚਿਰ ਚੁੱਕਣਗੇ।

ਉਨ੍ਹਾਂ ਅੱਗੇ ਕਿਹਾ ਕਿ ਸ਼ਾਮਲਾਟ ਜਮੀਨ ਦੀ ਲਗਭਗ 50 ਲੱਖ ਰੁਪਏ ਵਿੱਚ ਖਰੀਦ ਕਰਨ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਨੇ ਬੈਂਕ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਦੇ ਹੋਏ ਇਸ ‘ਤੇ 108 ਕਰੋੜ ਰੁਪਏ ਦਾ ਲੋਨ ਲੈ ਲਿਆ, ਜਿਸ ਨਾਲ ਹੀ ਇਹ ਬੈਂਕ ਨਾਲ ਵੀ ਧੋਖਾ ਕੀਤਾ ਗਿਆ ਹੈ, ਕਿਉਂਕਿ ਬੈਂਕ ਇਸ ਜਮੀਨ ਨੂੰ ਨਿਲਾਮ ਕਰਨ ‘ਤੇ ਵੀ 50 ਲੱਖ ਤੋਂ ਜਿਆਦਾ ਇਕੱਠਾ ਨਹੀਂ ਕਰ ਸਕਦਾ ਹੈ, ਜਦੋਂ ਕਿ ਲੋਨ 200 ਗੁਣਾ ਤੋਂ ਵੀ ਜਿਆਦਾ ਹੈ।

ਦੋਸ਼ ਸਾਬਤ ਹੋਏ ਤਾਂ ਦੇ ਦਿਆਂਗਾ ਅਸਤੀਫ਼ਾ : ਰਾਣਾ ਗੁਰਜੀਤ

ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਇਸ ਸਬੰਧੀ ਕਿਹਾ ਕਿ ਸੁਖਪਾਲ ਖਹਿਰਾ ਬਿਲਕੁਲ ਹੀ ਬੇਬੁਨਿਆਦ ਦੋਸ਼ ਲਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੇਕਰ ਅਪਰੈਲ ਮਹੀਨੇ ਕੋਈ ਲੋਨ ਦੀ ਅਦਾਇਗੀ ਲੈਣ ਸਬੰਧੀ ਦੋਸ਼ ਖਹਿਰਾ ਨੇ ਸਾਬਤ ਕਰ ਦਿੱਤੇ ਤਾਂ ਉਹ ਆਪਣਾ ਅਸਤੀਫ਼ਾ ਦੇ ਦੇਣਗੇ। ਉਨ੍ਹਾਂ ਅੱਗੇ ਕਿਹਾ ਕਿ ਖਹਿਰਾ ਵੱਲੋਂ ਪੇਸ਼ ਕੀਤੇ ਗਏ ਕਾਗ਼ਜ਼ਾਤ ਅਧੂਰੇ ਹਨ, ਜਦੋਂ ਕਿ ਸਚਾਈ ਕੁਝ ਹੋਰ ਹੀ ਹੈ। ਜਮੀਨ ਦੀ ਖਰੀਦ ਸਬੰਧੀ ਅਦਾਲਤੀ ਹੁਕਮ ਉਨ੍ਹਾਂ ਦੇ ਹਨ ਜਦਕਿ ਜਮੀਨ ਉਨ੍ਹਾਂ ਨੇ ਨਹੀਂ ਸਗੋਂ ਉਨ੍ਹਾਂ ਦੇ ਭਰਾ ਅਤੇ ਭਰਜਾਈ ਨੇ ਖਰੀਦੀ ਸੀ।