ਸੁਨੀਲ ਜਾਖੜ ਬਣੇ ਪੰਜਾਬ ਕਾਂਗਰਸ ਦੇ ਪ੍ਰਧਾਨ

ਹਿੰਦੂ ਲੀਡਰ ਹੋਣ ਦਾ ਮਿਲਿਆ ਫਾਇਦਾ

ਚੰਡੀਗੜ੍ਹ (ਅਸ਼ਵਨੀ ਚਾਵਲਾ) । ਪੰਜਾਬ ਕਾਂਗਰਸ ਵਿੱਚ ਵੱਡਾ ਕੱਦ ਰੱਖਣ ਵਾਲੇ ਹਿੰਦੂ ਲੀਡਰ ਅਤੇ ਸਾਬਕਾ ਵਿਰੋਧੀ ਧਿਰ ਦੇ ਲੀਡਰ ਸੁਨੀਲ ਜਾਖੜ ਨੂੰ ਕਾਂਗਰਸ ਹਾਈ ਕਮਾਨ ਨੇ ਹੁਣ ਪੰਜਾਬ ਕਾਂਗਰਸ ਦੀ ਕਮਾਨ ਸੌਂਪ ਦਿੱਤੀ ਹੈ। ਸੁਨੀਲ ਜਾਖੜ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਕਰੀਬੀਆਂ ਵਿੱਚੋਂ ਇੱਕ ਹਨ, ਜਿਸ ਕਾਰਨ ਪਾਰਟੀ ਅਤੇ ਸਰਕਾਰ ਵਿੱਚ ਚੰਗਾ ਤਾਲਮੇਲ ਬੈਠਣ ਦੀ ਕਾਂਗਰਸ ਹਾਈ ਕਮਾਨ ਨੂੰ ਪੂਰੀ ਉਮੀਦ ਹੈ। ਇਸ ਨਾਲ ਹੀ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਉਣ ਪਿੱਛੇ ਹਿੰਦੂ ਵੋਟ ਬੈਂਕ ਨੂੰ ਵੀ ਆਪਣੇ ਵਲ ਕਰਨ ਦੀ ਕੋਸ਼ਸ਼ ਵਿੱਚ ਕਾਂਗਰਸ ਹਾਈ ਕਮਾਨ ਜੁਟੀ ਹੋਈ ਹੈ ਤਾਂ ਕਿ ਲੋਕ ਸਭਾ ਚੋਣਾਂ 2019 ਦੀ ਤਿਆਰੀ ਹੁਣ ਤੋਂ ਹੀ ਸ਼ੁਰੂ ਕਰ ਦਿੱਤੀ ਜਾਵੇ। ਵਿਧਾਨ ਸਭਾ ਚੋਣਾਂ ਦਰਮਿਆਨ ਹਿੰਦੂ ਖੇਤਰ ਵਿੱਚੋਂ ਕਾਂਗਰਸ ਨੂੰ ਬਹੁਤ ਘੱਟ ਮਿਲੀ ਸੀ।

ਸੁਨੀਲ ਜਾਖੜ ਦੇ ਨਾਅ ਦਾ ਦਿੱਲੀ ਤੋਂ ਐਲਾਨ ਹੁੰਦੇ ਸਾਰ ਹੀ ਜਾਖੜ ਨੇ ਤੁਰੰਤ ਚੰਡੀਗੜ ਵਿਖੇ ਪੁੱਜ ਕੇ ਮੌਜੂਦਾ ਕਾਂਗਰਸ ਪ੍ਰਧਾਨ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਅਮਰਿੰਦਰ ਸਿੰਘ ਨੇ ਸੁਨੀਲ ਜਾਖੜ ਦਾ ਜਬਰਦਸਤ ਤਰੀਕੇ ਨਾਲ ਸੁਆਗਤ ਕਰਦੇ ਹੋਏ ਉਨਾਂ ਨੂੰ ਪ੍ਰਧਾਨ ਬਣਨ ਦੀ ਵਧਾਈ ਦਿੱਤੀ ਅਤੇ ਆਸ ਕੀਤੀ ਕਿ ਉਹ ਹੁਣ ਤੋਂ ਹੀ 2019 ਦੀ ਤਿਆਰੀ ਵਿੱਚ ਜੁੱਟ ਜਾਣਗੇ। ਸੁਨੀਲ ਜਾਖੜ ਲਗਾਤਾਰ 3 ਵਾਰ ਅਬੋਹਰ ਤੋਂ ਵਿਧਾਇਕ ਰਹਿ ਚੁੱਕੇ ਹਨ ਪਰ ਇਸ ਵਾਰ ਉਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਸੁਨੀਲ ਜਾਖੜ ਉਨਾਂ ਉੱਘੇ ਕਾਂਗਰਸੀਆਂ ਵਿੱਚ ਸ਼ਾਮਲ ਹਨ, ਜਿਹੜੇ ਕਾਂਗਰਸ ਦੇ ਸੱਤਾ ਵਿੱਚ ਆਉਣ ਦੇ ਬਾਵਜੂਦ ਇਸ ਸਰਕਾਰ ਦਾ ਹਿੱਸਾ ਬਣਨ ਤੋਂ ਰਹਿ ਗਏ ਸਨ।