ਸਮਾਜ ਦਾ ਅਣ-ਖਿੜਵਾਂ ਭਾਗ ਹਨ ਘੜੰਮ-ਚੌਧਰੀ

Thumbs, Unseen, Sections, Society

ਜੇਕਰ ਇਨ੍ਹਾਂ  ਨੂੰ ਕਿਤੇ ਕੋਈ ਦੇਵਤਾ ਵੀ ਮਿਲ ਜਾਵੇ ਤਾਂ ਇਹ ਉਸ ਵਿੱਚ ਵੀ ਅਨੇਕਾਂ ਕਮੀਆਂ ਲੱਭ ਦੇਣ ਇਨ੍ਹਾਂ ਨੂੰ ਭਰਮ ਹੁੰਦਾ ਹੈ ਕਿ ਬਹੁਤ ਲੋਕ ਇਨ੍ਹਾਂ ਦੇ ਵਾਕਿਫ਼ ਹਨ ਪਰ ਅਸਲੀਅਤ ਇਸ ਤੋਂ ਉਲਟ ਹੁੰਦੀ ਹੈ। ਹਰ ਇੱਕ ਚੰਗਾ ਬੰਦਾ ਅਜਿਹੇ ਗੰਦੇ ਬੰਦਿਆਂ ਤੋਂ ਦੂਰ ਹੋ ਕੇ ਲੰਘਣਾ ਹੀ ਸਿਆਣਪ ਸਮਝਦਾ ਹੈ, ਏਥੋਂ ਤੱਕ ਕਿ ਆਂਢ-ਗੁਆਂਢ ਹੀ ਨਹੀਂ ਸਗੋਂ ਪਰਿਵਾਰਕ ਮੈਂਬਰ ਵੀ ਇਨ੍ਹਾਂ ਦੇ ਰਵੱਈਏ ਤੋਂ ਤੰਗ ਹੁੰਦੇ ਹਨ।

ਇਹ ਵੀ ਪੜ੍ਹੋ : ਅਨਾਥ ਬੱਚਿਆਂ ਤੱਕ ਸਕੀਮਾਂ ਦਾ ਲਾਭ ਪਹੁੰਚਾਏ ਕੇਂਦਰ : ਸੁਪਰੀਮ ਕੋਰਟ

ਆਧੁਨਿਕ ਸਮਾਜ ਵੱਖ-ਵੱਖ ਲੋਕਾਂ ਦੇ ਸਮੂਹਾਂ ਦਾ ਇੱਕ ਗੁਲਦਸਤਾ ਹੈ। ਸਮਾਜ ‘ਚ ਉਸਾਰੂ ਤੇ ਹਾਂ-ਪੱਖੀ ਭੂਮਿਕਾ ਨਿਭਾਉਣ ਵਾਲੇ ਲੋਕ ਸਮਾਜ ਦਾ ਅਨਿੱਖੜਵਾਂ  ਭਾਗ ਹਨ ਪਰ ਨਾ-ਪੱਖੀ ਤੇ ਵਿਚਾਰਕ ਪ੍ਰਦੂਸ਼ਣ ਫੈਲਾਉਣ ਵਾਲੇ ਘੜੰਮ-ਚੌਧਰੀ ਸਮਾਜ ਦਾ ਅਣ-ਖਿੜਵਾਂ ਭਾਗ ਹਨ। ਲੋਕਾਂ ਦੇ ਸਿਰ ‘ਚ ਤਾਂ ਦਿਮਾਗ ਹੁੰਦਾ ਹੈ ਪਰ ਘੜੰਮ-ਚੌਧਰੀਆਂ ਦੇ ਸਿਰ ‘ਚ ਡਮਾਗ ਹੁੰਦਾ ਹੈ। ਜਿਵੇਂ ਕੁੱਕੜ ਨੂੰ ਵਹਿਮ ਹੁੰਦਾ ਹੈ ਕਿ ਜੇਕਰ ਉਹ ਬਾਂਗ ਨਹੀਂ ਦੇਵੇਗਾ ਤਾਂ ਸੂਰਜ ਨਹੀਂ ਚੜ੍ਹੇਗਾ ਉਸੇ ਤਰ੍ਹਾਂ ਹੀ ਇਨ੍ਹਾਂ ਨੂੰ ਭਰਮ ਹੁੰਦਾ ਹੈ ਕਿ ਇਨ੍ਹਾਂ ਤੋਂ ਬਿਨਾਂ ਪਿੰਡ ਗਤੀ ਨਹੀਂ ਕਰ ਸਕਦਾ। ਸਵੇਰ ਹੁੰਦਿਆਂ ਹੀ ਇਹ ਆਪਣੇ ਏਰੀਏ ਦੇ ਲੋਕਾਂ ਦੇ ਘਰਾਂ ‘ਚ ਬਿਨ ਬੁਲਾਏ ਮਹਿਮਾਨ ਵਾਂਗ ਘੁਸ ਜਾਂਦੇ ਹਨ। ਸਮੇਂ-ਸਮੇਂ ‘ਤੇ ਇਹ ਆਪਣੇ ਮੋਢਿਆਂ ‘ਤੇ ਲੱਗੀ ਏਅਰਗੰਨ ਰਾਹੀਂ ਸਨਸਨੀ ਫੈਲਾਊ ਗੋਲੇ ਦਾਗ ਕੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਉਂਦੇ ਰਹਿੰਦੇ ਹਨ।

ਦੂਜਿਆਂ ਬਾਰੇ ਜ਼ਹਿਰ ਉਗਲਣਾ ਤੇ ਮਨਘੜਤ ਕਹਾਣੀਆਂ ਘੜ ਕੇ ਆਮ ਲੋਕਾਂ ਨੂੰ ਬਦਨਾਮ ਕਰਨਾ ਇਨ੍ਹਾਂ ਦਾ ਟਸ਼ਨ ਹੁੰਦਾ ਹੈ। ਬਦਤਮੀਜ਼ੀ ਕਰਦੇ ਸਮੇਂ ਇਨ੍ਹਾਂ ਨੂੰ ਖ਼ੁਦ ਵੀ ਨਹੀਂ ਪਤਾ ਹੁੰਦਾ ਕਿ ਇਹ ਬਦਤਮੀਜ਼ੀ ਕਰ ਰਹੇ ਹਨ। ਪਾਟੇ ਖਾਂ ਤੇ ਨਾਢੂ ਖਾਂ ਘੜੰਮ ਚੌਧਰੀਆਂ ਦੇ ਖ਼ਾਸ ਦੋਸਤ ਹੁੰਦੇ ਹਨ। ਇਨ੍ਹਾਂ ਦੀ ਪਹਿਚਾਣ ਦੂਰੋਂ ਕੀਤੀ ਜਾ ਸਕਦੀ ਹੈ ਕਿਉਂਕਿ ਇਹ ਹਾੜ ਦੇ ਮਹੀਨੇ ‘ਚ ਵੀ ਕੱਛਾਂ ‘ਚ ਹੱਥ ਦੇ ਕੇ ਇਸ ਤਰ੍ਹਾਂ ਖੜ੍ਹਦੇ ਹਨ ਜਿਵੇਂ ਪੋਹ ਦੇ ਮਹੀਨੇ ਲੋਕ ਠੰਢ ਤੋਂ ਬਚਣ ਲਈ ਖੜ੍ਹਦੇ ਹਨ। ਇਨ੍ਹਾਂ ਦਾ ਦਿਮਾਗ ਘਟੀਆ ਵਿਚਾਰਾਂ ਨਾਲ ਭਰਿਆ ਹੋਣ ਕਰਕੇ ਇਨ੍ਹਾਂ ਦਾ ਸਿਰ ਪਿੱਛੇ ਵੱਲ ਝੁਕਿਆ ਹੀ ਰਹਿੰਦਾ ਹੈ ਤੇ ਇਹ ਹਮੇਸ਼ਾ ਆਫ਼ਰੇ ਹੋਏ ਸ਼ਬਦਾਂ ਦਾ ਇਸਤੇਮਾਲ ਕਰਕੇ ਆਪਣੀ ਅਕਲ ਦੀ ਮੁਨਿਆਦੀ ਕਰਦੇ ਰਹਿੰਦੇ ਹਨ। (Society)

ਇਹ ਵੀ ਪੜ੍ਹੋ : ਮੌਸਮ ਦਾ ਮਿਜਾਜ ਬਦਲਿਆ, ਮਹੀਨਿਆਂ ਬਾਅਦ ਮੋਹਲੇਧਾਰ ਵਰ੍ਹੇ ਬੱਦਲ

ਦੂਜਿਆਂ ਲਈ ਇਕੱਠਾ ਕੀਤਾ ਜ਼ਹਿਰ ਇਨ੍ਹਾਂ ਨੂੰ ਹੀ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ ਪਰ ਇਹ ਇਸ ਸੱਚਾਈ ਤੋਂ ਅਣਜਾਣ ਹੁੰਦੇ ਹਨ। ਜਿਵੇਂ ਵਿਰੋਧੀ ਧਿਰ ਪਹਿਲਾਂ ਰੌਲਾ ਪਾਈ ਜਾਂਦੀ ਹੈ ਕਿ ਸੜਕ ਨਹੀਂ ਬਣੀ, ਸੜਕ ਨਹੀਂ ਬਣੀ ਜਦੋਂ ਸੜਕ ਬਣ ਜਾਂਦੀ ਹੈ ਫਿਰ ਰੌਲਾ ਪਾਉਣ ਲੱਗ ਜਾਂਦੀ ਹੈ ਕਿ ਲੁੱਕ ਘੱਟ ਪਾਈ ਹੈ, ਲੁੱਕ ਘੱਟ ਪਾਈ ਹੈ, ਉਸੇ ਤਰ੍ਹਾਂ ਦੂਜਿਆਂ ਦੀ ਆਲੋਚਨਾ ਕਰਨਾ ਘੜੰਮ-ਚੌਧਰੀਆਂ ਦਾ ਮੁੱਖ ਕੰਮ ਹੁੰਦਾ ਹੈ। ਜੇਕਰ ਇਨ੍ਹਾਂ  ਨੂੰ ਕਿਤੇ ਕੋਈ ਦੇਵਤਾ ਵੀ ਮਿਲ ਜਾਵੇ ਤਾਂ ਇਹ ਉਸ ਵਿੱਚ ਵੀ ਅਨੇਕਾਂ ਕਮੀਆਂ ਲੱਭ ਦੇਣ ਇਨ੍ਹਾਂ ਨੂੰ ਭਰਮ ਹੁੰਦਾ ਹੈ ਕਿ ਬਹੁਤ ਲੋਕ ਇਨ੍ਹਾਂ ਦੇ ਵਾਕਿਫ਼ ਹਨ ਪਰ ਅਸਲੀਅਤ ਇਸ ਤੋਂ ਉਲਟ ਹੁੰਦੀ ਹੈ। ਹਰ ਇੱਕ ਚੰਗਾ ਬੰਦਾ ਅਜਿਹੇ ਗੰਦੇ ਬੰਦਿਆਂ ਤੋਂ ਦੂਰ ਹੋ ਕੇ ਲੰਘਣਾ ਹੀ ਸਿਆਣਪ ਸਮਝਦਾ ਹੈ।

ਏਥੋਂ ਤੱਕ ਕਿ ਆਂਢ-ਗੁਆਂਢ ਹੀ ਨਹੀਂ ਸਗੋਂ ਪਰਿਵਾਰਕ ਮੈਂਬਰ ਵੀ ਇਨ੍ਹਾਂ ਦੇ ਰਵੱਈਏ ਤੋਂ ਤੰਗ ਹੁੰਦੇ ਹਨ। ਪਰ ਇਹ ਜਨਾਬ ‘ਲੁੱਚਾ ਲੰਡਾ ਚੌਧਰੀ…’ ਦੇ ਸਿਧਾਂਤ ਨੂੰ ਫ਼ੇਲ੍ਹ ਨਹੀਂ ਹੋਣ ਦਿੰਦੇ। ਸਮਾਜ ਵਿੱਚ ਵਿਚਰਦੇ ਹੋਏ ਇਹ ਵੀ ਆਮ ਹੀ ਦੇਖਿਆ ਜਾ ਸਕਦਾ ਹੈ ਕਿ ਉਮਰ ਦੇ ਆਖ਼ਰੀ ਪੜਾਅ ‘ਤੇ ਕੁੱਝ ਘੜੰਮ-ਚੌਧਰੀਆਂ ਨੂੰ ਜਦੋਂ ਆਪਣੀਆਂ ਕਰਤੂਤਾਂ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਕਿਸੇ ਧਾਰਮਿਕ ਲਹਿਰ ਨਾਲ ਜੁੜ ਕੇ ਸਮਾਜ ‘ਚ ਆਪਣੀ ਛਵੀ ਸੁਧਾਰਨ ਦਾ ਅਸਫ਼ਲ ਯਤਨ ਵੀ ਕਰਦੇ ਹਨ।ਥਾਣੇ-ਕਚਹਿਰੀ ਜਾਣ ਸਮੇਂ ਇਨ੍ਹਾਂ ਨੂੰ ਬਰਾਤ ਚੜ੍ਹਨ ਜਿੰਨਾ ਚਾਅ ਚੜ੍ਹ ਜਾਂਦਾ ਹੈ। ਇਨ੍ਹਾਂ ਦੀ ਆਪਣੀ ਤਾਂ ਕੋਈ ਇੱਜ਼ਤ ਨਹੀਂ ਹੁੰਦੀ ਪਰ ਇਹ ਹਰ ਸਮੇਂ ਦੂਜਿਆਂ ਦੀ ਇੱਜ਼ਤ ਉਤਾਰਨ ਲਈ ਤੱਤਪਰ ਰਹਿੰਦੇ ਹਨ। ਇਨ੍ਹਾਂ ਕੋਲ ਸਵਾਲ ਦਾ ਉੱਤਰ ਜਵਾਬ ਨਹੀਂ ਹੁੰਦਾ ਸਗੋਂ ਸਵਾਲ ਦਾ Àੁੱਤਰ ਸਵਾਲ ਹੁੰਦਾ ਹੈ।

ਇਹ ਵੀ ਪੜ੍ਹੋ : ਈਪੀਐੱਫ਼ਓ ਗਾਹਕਾਂ ਲਈ ਖੁਸ਼ਖਬਰੀ : ਜਾਣੋ ਖਾਤਿਆਂ ਵਿੱਚ ਕਦੋਂ ਆਵੇਗਾ ਵਿਆਜ ਦਾ ਪੈਸਾ?

ਨਤੀਜੇ ਵਜੋਂ ਅਜਿਹੇ ਘੜੰਮ-ਚੌਧਰੀ ਆਪਣੀ ਨਿੱਜੀ ਹਓਮੈਂ ਕਾਰਨ ਮਸਲੇ ਨੂੰ ਸੁਲਝਾਉਣ ਦੀ ਬਜਾਏ ਉਲਝਾ ਦਿੰਦੇ ਹਨ। ਅੱਗ ਲਗਾਈ ਡੱਬੂ ਕੰਧ ‘ਤੇ! ਜੇਕਰ ਇਹ ਦੂਜੀ ਧਿਰ ‘ਤੇ ਮੁਕੱਦਮਾ ਦਰਜ ਕਰਵਾਉਣ ਵਿੱਚ ਸਫ਼ਲ ਹੋ ਜਾਣ ਤਾਂ ਇਨ੍ਹਾਂ ਨੂੰ ਏਨੀ ਖ਼ੁਸ਼ੀ ਹੁੰਦੀ ਹੈ ਜਿੰਨੀ ਕਿਸੇ ਬੇਸਹਾਰਾ ਗ਼ਰੀਬ ਬਜ਼ੁਰਗ ਨੂੰ ਬੁਢਾਪਾ ਪੈਨਸ਼ਨ ਲੱਗਣ ‘ਤੇ ਹੁੰਦੀ ਹੈ। ਵੋਟਾਂ ਦੇ ਦਿਨ ਇਨ੍ਹਾਂ ਲਈ ਕਿਸੇ ਉਤਸਵ ਤੋਂ ਘੱਟ ਨਹੀਂ ਹੁੰਦੇ। ਇਹ ਰਾਜਨੀਤਿਕ ਪਾਰਟੀਆਂ ਤੇ ਆਪਣੀ ਜਾਣ-ਪਛਾਣ ਵਾਲੇ ਮਜ਼ਬੂਰ ਵੋਟਰਾਂ ਵਿਚਕਾਰ ਦਲਾਲ ਦੀ ਭੂਮਿਕਾ ਨਿਭਾਉਂਦੇ ਹਨ। ਜਿਵੇਂ ਆਜੜੀ ਭੇਡਾਂ ਨੂੰ ਕੰਟਰੋਲ ‘ਚ ਰੱਖਣ ਲਈ ਉਨ੍ਹਾਂ ‘ਚ ਕੁੱਤਾ ਛੱਡ ਦਿੰਦਾ ਹੈ, ਉਸੇ ਤਰ੍ਹਾਂ ਕੋਈ ਨਾ ਕੋਈ ਰਾਜਨੀਤਿਕ ਪਾਰਟੀ ਇਨ੍ਹਾਂ ਨੂੰ ਚੌਧਰ ਦਾ ਲਾਇਸੰਸ ਦੇ ਦਿੰਦੀ ਹੈ ਤੇ ਪ੍ਰਧਾਨ ਜੀ ਵੋਟਾਂ ਤੋਂ ਠੀਕ ਇੱਕ ਦਿਨ ਪਹਿਲਾਂ ਆਪਣੀਆਂ ‘ਭੇਡਾਂ’ ਦਾ ਮੁੱਲ ਵੱਟ ਲੈਂਦੇ ਹਨ।

ਅਕਸਰ ਹੀ ਦੇਖਣ ‘ਚ ਆਉਂਦਾ ਹੈ ਕਿ ਵੋਟਾਂ ਦੇ ਦਿਨਾਂ ‘ਚ ਮੁਫ਼ਤ ਦੀ ਘਟੀਆ ਸ਼ਰਾਬ ਜ਼ਿਆਦਾ ਮਿਕਦਾਰ ‘ਚ ਪੀਣ ਨਾਲ ਇੱਕ ਜਾਂ ਦੋ ਮੌਤਾਂ ਹੋ ਜਾਂਦੀਆਂ ਹਨ। ਫਿਰ ਇਹ ਪੀੜਤ ਪਤਨੀ ਨੂੰ ਵਿਧਵਾ ਪੈਨਸ਼ਨ ਲਗਾਉਣ ‘ਚ ਮੱਦਦ ਕਰਕੇ ਉਸ ਪਰਿਵਾਰ ‘ਤੇ ਆਪਣੀ ਧੌਂਸ ਜਮਾਉਂਦੇ ਰਹਿੰਦੇ ਹਨ ਜੇ ਪਰਿਵਾਰ ਇਨ੍ਹਾਂ ਦਾ ਰੋਅਬ ਨਹੀਂ ਝੱਲਦਾ ਤਾਂ ਉਸਦੇ ਉਲਟ ਹੋ ਜਾਂਦੇ ਹਨ। ਇਹ ਜਨਾਬ ਲੱਤਾਂ ਤੋੜ ਕੇ ਫੌੜੀਆਂ ਵੰਡਣ ਨੂੰ ਹੀ ਪਰਮ ਸੇਵਾ ਸਮਝਦੇ ਹਨ। ਇਨ੍ਹਾਂ ਵੱਲੋਂ ਕੀਤੇ ਚੰਗੇ ਕੰਮਾਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਹੀ ਹੁੰਦੀ ਹੈ।

ਪਿੰਡ-ਪਿੰਡ ਤੁਹਾਨੂੰ ਘੜੰਮ-ਚੌਧਰੀਆਂ ਦੇ ਅਨੇਕਾਂ ਕਿੱਸੇ ਮਿਲ ਜਾਣਗੇ। ਇਕ ਪਿੰਡ ‘ਚ ਸਮੱਸਿਆ ਨੂੰ ਸੁਲਝਾਉਣ ਲਈ ਪੰਚਾਇਤ ਜੁੜੀ ਹੋਈ ਸੀ। ਮਸਲਾ ਇੱਕ ਅਨਪੜ੍ਹ ਪਰਿਵਾਰ ਵੱਲੋਂ ਉੱਚੀ ਲਾਊਡ ਸਪੀਕਰ ਚਲਾ ਕੇ ਗੁਆਂਢੀ ਨੂੰ ਤੰਗ ਕਰਨ ਦਾ ਸੀ। ਕਿਸੇ ਦੇ ਬੋਲਣ ਤੋਂ ਪਹਿਲਾਂ ਇੱਕ ਘੜੰਮ-ਚੌਧਰੀ ਨੇ ਗੁਆਂਢੀ ਨੂੰ ਕੰਧਾਂ ਉੱਚੀਆਂ ਕਰਨ ਦਾ ਸੁਝਾਅ ਦੇ ਦਿੱਤਾ। ਉਸ ਦੀ ਗੱਲ ਸੁਣ ਕੇ ਸਰਪੰਚ ਨੇ ਥੋੜ੍ਹਾ ਖਿਝ ਕੇ ਰੋਅਬ ਭਰੇ ਅੰਦਾਜ਼ ‘ਚ ਕਿਹਾ, ਯਾਰ ਚਿਉਂ ਛੱਤ ਰਹੀ ਏ, ਤੂੰ ਮੋਮਜਾਮਾ ਫ਼ਰਸ਼ ‘ਤੇ ਪਾਉਣ ਨੂੰ ਫਿਰਦਾਂ!! ਘੜੰਮ-ਚੌਧਰੀ ਅਜਿਹੀ ਪ੍ਰਜਾਤੀ ਹੈ ਜੋ ਹਰੇਕ ਗਲੀ, ਮੁਹੱਲੇ, ਪਿੰਡ ਤੇ ਸ਼ਹਿਰ ‘ਚ ਪਾਈ ਜਾਂਦੀ ਹੈ। ਕਿਸੇ ਪਿੰਡ ਜਾਂ ਮੁਹੱਲੇ ਵਿੱਚ ਜਿਸ ਅਨੁਪਾਤ ਵਿਚ ਘੜੰਮ-ਚੌਧਰੀ ਹੋਣਗੇ ਉਸ ਦੇ ਉਲਟ ਅਨੁਪਾਤ ‘ਚ ਉਸ ਖੇਤਰ ਦਾ ਵਿਕਾਸ ਹੋਵੇਗਾ। (Society)

ਇਹ ਵੀ ਪੜ੍ਹੋ : ਵਿਦਿਆਰਥੀਆਂ ਦੀ ਖੁਦਕੁਸ਼ੀ ਚਿੰਤਾਜਨਕ

ਭਾਵ ਜ਼ਿਆਦਾ ਘੜੰਮ-ਚੌਧਰੀ ਘੱਟ ਵਿਕਾਸ, ਘੱਟ ਘੜੰਮ-ਚੌਧਰੀ ਜ਼ਿਆਦਾ ਵਿਕਾਸ। ਇਹ ਲੇਖ ਪੜ੍ਹਦੇ-ਪੜ੍ਹਦੇ ਹੀ ਤੁਹਾਡੇ ਦਿਮਾਗ਼ ਵਿੱਚ ਅਜਿਹੇ ਘੜੰਮ-ਚੌਧਰੀਆਂ ਦੀ ਲਿਸਟ ਤਿਆਰ ਹੋਣ ਲੱਗ ਜਾਵੇਗੀ ਜਿਨ੍ਹਾਂ ਤੋਂ ਤੂਹਾਨੂੰ ਡਰਨ ਦੀ ਨਹੀਂ ਸਗੋਂ ਚੌਕਸ ਰਹਿਣ ਦੀ ਲੋੜ ਹੈ। ਕਿਉਂਕਿ ਘੜੰਮ-ਚੌਧਰੀ ਕਿਸੇ ਦਾ ਕੁੱਝ ਨੁਕਸਾਨ ਤਾਂ ਨਹੀਂ ਕਰ ਸਕਦੇ ਪਰ ਆਪਣੀ ਬੋਦੀ ਬੁੱਧੀ ਦੇ ਤਰਕਸ਼ ‘ਚੋਂ ਤੀਰ ਚਲਾ ਕੇ ਤੁਹਾਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਕੇ ਤੁਹਾਡਾ ਕੀਮਤੀ ਸਮਾਂ ਨਸ਼ਟ ਕਰ ਸਕਦੇ ਹਨ । ਇਸ ਲਈ ਜ਼ਰੂਰੀ ਹੈ ਕਿ ਇਨ੍ਹਾਂ ਤੋਂ ਗਿਆਰਾਂ ਫੁੱਟ ਦੀ ਦੂਰੀ ਬਣਾ ਕੇ ਰੱਖੋ। ਜੇਕਰ ਤੁਸੀਂ ਇਨ੍ਹਾਂ ਦੀ ਰੇਂਜ ‘ਚ ਆ ਗਏ ਤਾਂ ਤੁਹਾਡੀ ਜ਼ਿੰਦਗੀ ਦਾ ਹਾਰਮੋਨੀਅਮ ਬੇਸੁਰਾ ਵੱਜਣ ਲੱਗ ਜਾਵੇਗਾ। ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਬਲੱਡ ਪ੍ਰੈਸ਼ਰ ਨਾਰਮਲ ਕਰਨ ਲਈ ਗੋਲੀਆਂ ਖਾਣੀਆਂ ਪੈਣ।