ਸ਼ਰਾਬ ਦੇ ਠੇਕੇ ਬਚਾਉਣ ਲਈ ਅੱਗੇ ਆਈ ਪੰਜਾਬ ਸਰਕਾਰ

ਸੱਤ ਰਾਜ ਮਾਰਗਾਂ ਦਾ ਦਰਜਾ ਵਾਪਸ ਲਿਆ

ਚੰਡੀਗੜ੍ਹ, ਅਸ਼ਵਨੀ ਚਾਵਲਾ । ਪੰਜਾਬ ਦੀ ਸੱਤਾ ਵਿੱਚ ਆਉਣ ਲਈ ਹਰ ਸਾਲ 5 ਫੀਸਦੀ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦਾ ਵਾਅਦਾ ਕਰਨ ਵਾਲੀ ਕਾਂਗਰਸ ਸਰਕਾਰ ਹੁਣ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਕਾਰਨ ਬੰਦ ਹੋਏ ਸ਼ਰਾਬ ਦੇ ਠੇਕਿਆਂ ਨੂੰ ਬਚਾਉਣ ਵਿੱਚ ਜੁੱਟ ਗਈ ਹੈ, ਜਿਸ ਕਾਰਨ ਇੱਕ ਸ਼ਹਿਰ ਨੂੰ ਦੂਜੇ ਸ਼ਹਿਰ ਨਾਲ ਜੋੜਨ ਵਾਲੀ 7 ਸਟੇਟ ਹਾਈਵੇ ਨੂੰ ਪੰਜਾਬ ਸਰਕਾਰ ਨੇ ਡੀਨੋਟੀਫਾਈ ਹੀ ਕਰ ਦਿੱਤਾ ਹੈ ਤਾਂ ਕਿ ਇਨ੍ਹਾਂ ਰਾਜ ਮਾਰਗਾਂ ‘ਤੇ ਬੰਦ ਹੋਏ ਸ਼ਰਾਬ ਦੇ ਠੇਕਿਆਂ ਨੂੰ ਮੁੜ ਤੋਂ ਖੋਲ੍ਹਿਆ ਜਾ ਸਕੇ।

ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਨੇ ਪਿਛਲੀ ਦਿਨੀਂ ਸੜਕ ਹਾਦਸਿਆਂ ਵਿੱਚ ਜਾ ਰਹੀਆਂ ਲੱਖਾਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਨੈਸ਼ਨਲ ਅਤੇ ਰਾਜ ਮਾਰਗ ਤੋਂ 500 ਮੀਟਰ ਦੇ ਦਾਇਰੇ ਵਿੱਚ ਸਾਰੇ ਸ਼ਰਾਬ ਦੇ ਠੇਕੇ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਸਨ। ਇਨ੍ਹਾਂ ਆਦੇਸ਼ਾਂ ਦੇ ਆਉਣ ਤੋਂ ਬਾਅਦ ਦੇਸ਼ ਭਰ ਦੇ ਨਾਲ ਹੀ ਪੰਜਾਬ ‘ਚ ਸਾਰੇ ਨੈਸ਼ਨਲ ਅਤੇ ਸਾਰੇ ਰਾਜ ਮਾਰਗ ‘ਤੇ ਚਲ ਰਹੇ ਸ਼ਰਾਬ ਦੇ ਠੇਕਿਆਂ ਨੂੰ ਤਾਲਾ ਜੜ ਦਿੱਤਾ ਗਿਆ ਪਰ ਹੁਣ ਇਨ੍ਹਾਂ ਸ਼ਰਾਬ ਦੇ ਠੇਕਿਆਂ ‘ਤੇ ਜੜੇ ਤਾਲਿਆਂ ਨੂੰ ਮੁੜ ਤੋਂ ਖੋਲ੍ਹਣ ਲਈ ਪੰਜਾਬ ਸਰਕਾਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਉਲਟ ਪੰਜਾਬ ਸਰਕਾਰ ਕਿਸੇ ਵੀ ਤਰੀਕੇ ਨਾਲ ਨਹੀਂ ਜਾ ਸਕਦੀ ਹੈ, ਜਿਸ ਕਾਰਨ ਪੰਜਾਬ ਸਰਕਾਰ ਨੇ ਆਪਣੇ ਕਈ ਰਾਜ ਮਾਰਗ ਹਾਈਵੇ ਨੂੰ ਹੀ ਡੀਨੋਟੀਫਾਈ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਸੁਪਰੀਮ ਕੋਰਟ ਦੇ ਆਦੇਸ਼ ਇਨਾਂ ਮੁੜ ਸੜਕਾਂ ‘ਤੇ ਲਾਗੂ ਹੀ ਨਾ ਹੋ ਸਕਣ।

ਮੰਗਲਵਾਰ ਨੂੰ ਪੰਜਾਬ ਸਰਕਾਰ ਨੇ ਹੁਸ਼ਿਆਰਪੂਰ-ਚੰਡੀਗੜ ਹਾਈਵੇ, ਬਲਾਚੌਰ-ਗੜਸੰਕਰ ਹਾਈਵੇ, ਮੋਗਾ-ਹਰੀਕੇ ਹਾਈਵੇ, ਗਗਨ ਚੌਕ ਤੋਂ ਲਿਬਰਟੀ ਚੌਂਕ ਰਾਜਪੁਰਾ-ਪਟਿਆਲਾ ਹਾਈਵੇ, ਸਰਹਿੰਦ-ਚੁੰਨੀ ਸੜਕ ਸਰਹੰਦ, ਮਲਕਪੁਰ ਚੌਂਕ ਤੋਂ ਡਲਹੌਜ਼ੀ ਵਾਈਪਾਸ ਪਠਾਨਕੋਟ ਹਾਈਵੇ ਨੂੰ ਡੀਨੋਟੀਫਾਈ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਹ ਜਿਹੜੇ ਸਟੇਟ ਹਾਈਵੇ ਡੀਨੋਟੀਫਾਈ ਕੀਤੇ ਗਏ ਹਨ, ਇਹ ਸਾਰੇ ਹੀ ਸ਼ਹਿਰ ਵਿੱਚੋਂ ਗੁਜ਼ਰਨ ਦੇ ਨਾਲ ਹੀ ਇਨਾਂ ‘ਤੇ ਸ਼ਰਾਬ ਦੇ ਠੇਕਿਆਂ ਦੀ ਭਰਮਾਰ ਅਤੇ ਵੱਡੇ ਹੋਟਲ ਸਥਿਤ ਹਨ, ਜਿਨਾਂ ਵਿੱਚ ਹਰ ਸਮੇਂ ਸਰਾਬ ਹੀ ਚਲਦੀ ਰਹਿੰਦੀ ਹੈ।

ਇਨਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੇ ਇਹ ਡੀਨੋਟੀਫਾਈ ਕਰਨ ਦਾ ਨੁਕਤਾ ਅਪਣਾਇਆ ਹੈ, ਜਿਸ ਨਾਲ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਵੀ ਨਹੀਂ ਹੋਵੇਗੀ ਅਤੇ ਸਰਾਬ ਦੇ ਠੇਕੇ ਵੀ ਬਚ ਜਾਣਗੇ। ਹਾਲਾਂਕਿ ਸਰਕਾਰ ਵਲੋਂ ਤਰਕ ਦਿੱਤਾ ਜਾ ਰਿਹਾ ਹੈ ਕਿ ਬਾਈਪਾਸ ਬਣਨ ਦੇ ਕਾਰਨ ਇਨਾਂ ਸਟੇਟ ਹਾਈਵੇ ਨੂੰ ਡੀਨੋਟੀਫਾਈ ਕੀਤਾ ਗਿਆ ਹੈ, ਜਿਹੜਾ ਕਿ ਕੇਂਦਰ ਸਰਕਾਰ ਦੀ ਪਾਲਿਸੀ ਤਹਿਤ ਫਿਟ ਬੈਠਦੇ ਹਨ।