ਵਿਧਾਇਕ ਰਮਨਜੀਤ ਸਿੱਕੀ ਨੇ ਦਿੱਤੀ ਸਿੱਧੀ ਡੀਐਸਪੀ ਨੂੰ ਧਮਕੀ

ਕਿਹਾ, ਮੇਰੇ ਵਰਕਰ ਥਾਣੇ ਵਿੱਚੋਂ ਨਿਰਾਸ਼ ਹੋ ਕੇ ਆਏ ਤਾਂ ਡੀਐਸਪੀ ਨੂੰ ਲੰਮਾ ਪਾ ਲਵਾਂਗਾ

ਚੋਲਾ ਸਾਹਿਬ (ਤਰਨਤਾਰਨ) (ਅਸ਼ਵਨੀ ਚਾਵਲਾ/ਸੱਚ ਕਹੂੰ ਬਿਊਰੋ) । ਅਕਾਲੀ ਸਰਕਾਰ ਦਰਮਿਆਨ ਗੁੰਡਾਗਰਦੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਨ ਅਤੇ ਬਦਲਾਖੋਰੀ ਨਾ ਕਰਨ ਦਾ ਐਲਾਨ ਕਰਨ ਵਾਲੇ ਕਾਂਗਰਸੀ ਵਿਧਾਇਕਾਂ ਦਾ ਵੀ ਸੱਤਾ ਵਿੱਚ ਆਉਂਦੇ ਸਾਰ ਬੋਲ ਚਾਲ ਵਿਗੜ ਗਿਆ ਹੈ। ਤਾਜ਼ਾ ਘਟਨਾ ਕ੍ਰਮ ਵਿੱਚ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਆਪਣੇ ਹੀ ਇਲਾਕੇ ਦੇ ਡੀ.ਐਸ.ਪੀ. ਨੂੰ ਧਮਕੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਵਰਕਰਾਂ ਦੇ ਸਾਰੇ ਕੰਮ ਪੁਲਿਸ ਕਰੇ ਅਤੇ ਕੋਈ ਵੀ ਵਰਕਰ ਪੁਲਿਸ ਥਾਣੇ ਵਿੱਚੋਂ ਨਿਰਾਸ਼ ਨਹੀਂ ਆਉਣਾ ਚਾਹੀਦਾ ਹੈ, ਜੇਕਰ ਇੰਜ ਹੋਇਆ ਤਾਂ ਉਹ ਡੀਐਸਪੀ ਨੂੰ ਲੰਮੇ ਪਾ ਲੈਣਗੇ।

ਕਾਂਗਰਸੀ ਵਿਧਾਇਕ ਆਪਣੇ ਧੰਨਵਾਦੀ ਦੌਰੇ ਦੇ ਦਰਮਿਆਨ ਸ਼ੁੱਕਰਵਾਰ ਨੂੰ ਚੋਲਾ ਸਾਹਿਬ ਵਿੱਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਜਿਥੇ ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਸਰਕਾਰ ਦਰਮਿਆਨ ਕਾਂਗਰਸੀਆਂ ਨੂੰ ਬਹੁਤ ਤੰਗ ਕੀਤਾ ਹੈ, ਹੁਣ ਕਾਂਗਰਸੀ ਵਰਕਰ ਆਪਣਾ ਬਦਲਾ ਲੈਣਗੇ ਅਤੇ ਪੁਲਿਸ ਨੇ ਉਨ੍ਹਾਂ ਅਨੁਸਾਰ ਕੰਮ ਕਰਨਾ ਹੈ ਅਤੇ ਕੋਈ ਵੀ ਕਾਂਗਰਸੀ ਵਰਕਰ ਪੁਲਿਸ ਥਾਣੇ ਵਿੱਚ ਬਿਨਾਂ ਕੰਮ ਹੋਏ ਨਿਰਾਸ਼ ਹੋ ਕੇ ਬਾਹਰ ਨਹੀਂ ਆਉਣਾ ਚਾਹੀਦਾ ਹੈ।

ਸਾਬਕਾ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇਸ ਮਾਮਲੇ ਵਿੱਚ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਸ ਸਬੰਧੀ ਜਦੋਂ ਵਿਧਾਇਕ ਰਮਨਜੀਤ ਸਿੱਕੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ ਜਦੋਂਕਿ ਉਨ੍ਹਾਂ ਦੇ ਮੀਡੀਆ ਸਲਾਹਕਾਰ ਵਿਜੇ ਕੁਮਾਰ ਨੇ ਇਸ ਸਬੰਧ ਵਿਚ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।