ਯੂ.ਪੀ. ਦੇ ਡਿਫਾਲਟਰ ਨੂੰ ਅਮਰਿੰਦਰ ਨੇ ਬਣਾਇਆ ਮੰਤਰੀ : ਖਹਿਰਾ

ਰਾਣਾ ਗੁਰਜੀਤ ਐ 202 ਕਰੋੜ ਦਾ ਡਿਫਾਲਟਰ

  • ਕਿਹਾ, ਵਿਜੈ ਮਾਲਿਆ ਵਾਂਗ ਵੱਡਾ ਡਿਫਾਲਟਰ ਹੈ ਰਾਣਾ ਗੁਰਜੀਤ, ਤੁਰੰਤ ਜ਼ਬਤ ਹੋਵੇ ਪਾਸਪੋਰਟ
  • ਜਸਟਿਸ ਨਾਰੰਗ ਕਮਿਸ਼ਨ ਰਾਹੀਂ ਰਾਣਾ ਗੁਰਜੀਤ ਨੂੰ ਕਲੀਨ ਚਿੱਟ ਦੇਣ ਦੀ ਤਿਆਰੀ ਦਾ ਲਾਇਆ ਦੋਸ਼

ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਹੀ ਕੈਬਨਿਟ ‘ਚ ਵਿਜੈ ਮਾਲਿਆ ਵਰਗਾ ਡਿਫਾਲਟਰ ਮੰਤਰੀ ਬਣਾਇਆ ਹੈ, ਜਿਸ ਖ਼ਿਲਾਫ਼ ਡਿਫਾਲਟਰ ਹੋਣ ਦੇ ਯੂ.ਪੀ. ਸਰਕਾਰ ਸਬੂਤ ਤੱਕ ਪੇਸ਼ ਕਰ ਰਹੀ ਹੈ ਪਰ ਅਮਰਿੰਦਰ ਸਿੰਘ ਨੂੰ ਰਾਣਾ ਗੁਰਜੀਤ ਸਿੰਘ ਵਿੱਚ ਪਤਾ ਨਹੀਂ ਇਹੋ ਜਿਹਾ ਕੀ ਦਿਸਦਾ ਹੈ ਕਿ ਉਹ ਰਾਣਾ ਗੁਰਜੀਤ ਸਿੰਘ ਨੂੰ ਬਰਖ਼ਾਸਤ ਕਰਨ ਦੀ ਥਾਂ ‘ਤੇ ਉਸ ਨੂੰ ਕੈਬਨਿਟ ਵਿੱਚ ਰੱਖੀ ਬੈਠੇ ਹਨ। ਇਹ ਦੋਸ਼ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਲਗਾਏ ਹਨ।

ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸੁਖਪਾਲ ਖਹਿਰਾ ਨੇ ਉੱਤਰ ਪ੍ਰਦੇਸ਼ ਦੇ ਗੰਨਾ ਕਮਿਸ਼ਨਰ ਵਿਪਿਨ ਕੁਮਾਰ ਦਿਵੇਦੀ ਦੇ ਬਿਆਨ ਦੇ ਅਧਾਰ ‘ਤੇ ਦੱਸਿਆ ਕਿ ਰਾਣਾ ਗੁਰਜੀਤ ਸਿੰਘ ਦੀਆਂ ਕਰੀਮ ਗੰਦ ਜ਼ਿਲ੍ਹੇ ਸਮੇਤ ਊਨ (ਸ਼ਾਮਲੀ), ਬੁਲਾਰੀ ਅਤੇ ਬੇਲਵਾੜਾ (ਮੁਰਦਾਬਾਦ) ਸਥਿਤ ਚਾਰ ਸ਼ੂਗਰ ਮਿਲਾਂ ਨੇ ਕਿਸਾਨਾਂ ਦੇ 202 ਕਰੋੜ ਰੁਪਏ ਦੇਣੇ ਹਨ, ਜਿਸ ਕਾਰਨ ਇਨ੍ਹਾਂ ਉਪਰ ਮੁਕੱਦਮਾ ਦਰਜ ਹੋ ਚੁੱਕਾ ਹੈ ਅਤੇ ਪਾਸਪੋਰਟ ਜ਼ਬਤ ਕਰਨ ਦੇ ਹੁਕਮ ਵੀ ਹੋ ਚੁੱਕੇ ਹਨ।

ਇਸ ਲਈ ਰਾਣਾ ਗੁਰਜੀਤ ਸਿੰਘ ਅਤੇ ਉਸ ਦੇ ਪਰਿਵਾਰ ਦੇ ਪਾਸਪੋਰਟ ਤੁਰੰਤ ਜ਼ਬਤ ਹੋਣੇ ਚਾਹੀਦੇ ਹਨ ਤਾਂ ਕਿ ਇਹ ਵਿਜੈ ਮਾਲਿਆ ਵਾਂਗ ਦੇਸ਼ ਛੱਡ ਕੇ ਨਾ ਭੱਜ ਜਾਣ। ਇੱਥੇ ਹੀ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਗਾਇਆ ਹੈ ਕਿ ਬਹੁ ਕਰੋੜੀ ਮਾਈਨਿੰਗ ਸਕੈਂਡਲ  ਮਾਮਲੇ ‘ਚ ਘਿਰੇ ਪੰਜਾਬ ਦੇ ਸਿੰਚਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਬਰਖ਼ਾਸਤ ਕਰਨ ਦੀ ਥਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਜਸਟਿਸ ਨਾਰੰਗ ਕਮਿਸ਼ਨ ਰਾਹੀਂ ਕਲੀਨ ਚਿੱਟ ਦੇਣ ਦੇ ਰਾਹ ਤੁਰ ਪਈ ਹੈ।

ਉਨ੍ਹਾਂ ਜਸਟਿਸ ਨਾਰੰਗ ਕਮਿਸ਼ਨ ਨੂੰ ਰੱਦ ਕਰਦਿਆਂ ਰਾਣਾ ਗੁਰਜੀਤ ਸਿੰਘ ਨੂੰ ਪੰਜਾਬ ਦਾ ਉਭਰਦਾ ‘ਵਿਜੈ ਮਾਲਿਆ’ ਕਰਾਰ ਦਿੱਤਾ ਉਨ੍ਹਾਂ ਰਾਣਾ ਗੁਰਜੀਤ ਸਿੰਘ ਦਾ ਪਾਸਪੋਰਟ ਜ਼ਬਤ ਕਰਨ ਅਤੇ ਰੇਤਾ-ਬੱਜਰੀ ਦੀਆਂ ਖੱਡਾਂ ਦੀ ਹਾਲ ਹੀ ਦੌਰਾਨ ਹੋਈ ਸਮੁੱਚੀ ਬੋਲੀ ਪ੍ਰਕਿਰਿਆ ਨੂੰ ਰੱਦ ਕਰਨ ਅਤੇ ਨਵੇਂ ਸਿਰਿਓਂ ਮਾਫੀਆ ਮੁਕਤ ਬੋਲੀ ਕਰਵਾਏ ਜਾਣ ਦੀ ਮੰਗ ਕੀਤੀ।

ਖਹਿਰਾ ਨੇ ਕਿਹਾ ਕਿ ਸ. ਨਾਰੰਗ ਦੇ ਪਰਿਵਾਰ ਦੇ ਰਾਣਾ ਗੁਰਜੀਤ ਸਿੰਘ ਨਾਲ ਕਲਾਇੰਟ ਵਜੋਂ ਤੱਥ ਜੱਗ ਜ਼ਾਹਿਰ ਹੋ ਚੁੱਕੇ ਹਨ। ਇਸਦੇ ਨਾਲ ਹੀ ਪੰਜਾਬ ਸਰਕਾਰ ਨੂੰ ਇਹ ਜਿੰਮੇਵਾਰੀ ਹਾਈ ਕੋਰਟ ਦੇ ਕਿਸੇ ਵੀ ਮੌਜੂਦਾ ਜੱਜ ਨੂੰ ਸੌਂਪ ਦੇਣੀ ਚਾਹੀਦੀ ਹੈ। ਖਹਿਰਾ ਨੇ ਕਿਹਾ ਕਿ ਜਸਟਿਸ ਨਾਰੰਗ ਕਮਿਸ਼ਨ ਦੀ ਜਾਂਚ ਲਈ ਜੋ ਸ਼ਰਤਾਂ ਅਤੇ ਨਿਯਮ ਤੈਅ ਕੀਤੇ ਹਨ ਉਹ ਸਿੱਧਾ-ਸਿੱਧਾ ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਦੇਣ ਦਾ ਰਸਤਾ ਹੈ ਕਿਉਂਕਿ ਇਨ੍ਹਾਂ ਸ਼ਰਤਾਂ ਅਤੇ ਹਵਾਲਿਆਂ ਵਿੱਚ ਇਹ ਨੁਕਤਾ ਸ਼ਾਮਲ ਨਹੀਂ ਕੀਤਾ ਗਿਆ ਕਿ ਰਾਣਾ ਗੁਰਜੀਤ ਦੇ ਮਾਮੂਲੀ ਤਨਖ਼ਾਹਾਂ ਲੈਣ ਵਾਲੇ ਰਸੋਈਏ ਸਮੇਤ ਦੂਜੇ ਨੌਕਰਾਂ ਦੇ ਖਾਤਿਆਂ ਵਿੱਚ ਕਰੋੜਾਂ ਰੁਪਏ ਕਿਸ ਸਰੋਤ ‘ਚੋ ਆਏ ਹਨ।