ਮੁਨਸ਼ੀ ਥਾਣਾ ਜੋਧਾਂ ਨਿਰਭੈ ਸਿੰਘ ਦਾ ਅਦਾਲਤ ਨੇ ਦਿੱਤਾ 5 ਦਿਨਾਂ ਪੁਲਿਸ ਰਿਮਾਂਡ

(ਰਾਮ ਗੋਪਾਲ ਰਾਏਕੋਟੀ/ ਮਲਕੀਤ ਸਿੰਘ) । ਲੁਧਿਆਣਾ/ਮੁੱਲਾਂਪੁਰ ਦਾਖਾ ਥਾਣਾ ਜੋਧਾਂ ਵਿਖੇ ਤੈਨਾਤ ਪੁਲਿਸ ਮੁਲਾਜ਼ਮ ਅਮਨਪ੍ਰੀਤ ਕੌਰ ਦੇ ਆਤਮ ਹੱਤਿਆ ਮਾਮਲੇ ਵਿੱਚ ਨਾਮਜ਼ਦ ਕੀਤੇ ਕਥਿਤ ਦੋਸ਼ੀ ਮੁਨਸ਼ੀ ਨਿਰਭੈ ਸਿੰਘ ਨੂੰ ਅੱਜ ਮਾਣਯੋਗ ਨੇਹਾ ਗੋਇਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਣਯੋਗ ਅਦਾਲਤ ਨੇ ਮੁਨਸ਼ੀ ਨਿਰਭੈ ਸਿੰਘ ਨੂੰ 5 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।

ਜਿਕਰਯੋਗ ਹੈ ਕਿ ਬੀਤੇ ਦਿਨੀਂ ਥਾਣਾ ਜੋਧਾਂ ਦੇ ਅੰਦਰ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਸੀ। ਜਿਸ ‘ਤੇ ਦੋਸ਼ ਲਾਇਆ ਗਿਆ ਸੀ ਕਿ ਮ੍ਰਿਤਕਾ ਅਮਨਪ੍ਰੀਤ ਕੌਰ ਨੂੰ ਥਾਣਾ ਮੁਨਸ਼ੀ ਨਿਰਭੈ ਸਿੰਘ ਨੇ ਆਤਮ ਹੱਤਿਆ ਲਈ ਮਜ਼ਬੂਰ ਕੀਤਾ ਸੀ। ਲੋਕਾਂ ਭਾਰੀ ਗੁੱਸੇ ਵਿੱਚ ਨਿਰਭੈ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਨ। ਜਿਸ ਨੂੰ ਲੈ ਕੇ ਬੀਤੇ ਦਿਨ ਜੋਧਾਂ ਵਿਖੇ ਲੁਧਿਆਣਾ ਮੁੱਖ ਸੜਕ ‘ਤੇ ਆਵਾਜਾਈ ਬੰਦ ਕਰਕੇ ਭੜਕੀ ਭੀੜ ਮੰਗ ਕਰ ਰਹੀ ਸੀ ਕਿ ਮੁਨਸ਼ੀ ਨਿਰਭੈ ਸਿੰਘ ਤੋਂ ਬਿਨਾਂ ਹੋਰ ਇਸ ਮਾਮਲੇ ਨਾਲ ਸਬੰਧਤ ਕਥਿਤ ਪੁਲਿਸ ਮੁਲਾਜ਼ਮਾਂ ਨੂੰ ਵੀ ਗ੍ਰਿਫਤਾਰ ਵੀ ਕੀਤਾ ਜਾਵੇ ਤੇ ਮੁਨਸ਼ੀ ਨੂੰ ਪ੍ਰਤੱਖ ਰੂਪ ਵਿੱਚ ਸਾਹਮਣੇ ਲਿਆਂਦਾ ਜਾਵੇ।

ਜਿਸਨੂੰ ਲੈ ਕੇ ਭੜਕੀ ਭੀੜ ਨੇ ਪੁਲਿਸ ਦੀ ਗੱਡੀ ਦੀ ਭੰਨ ਤੋੜ ਵੀ ਕੀਤੀ। ਇਸ ਭੀੜ ਨੂੰ ਸ਼ਾਂਤ ਕਰਨ ਲਈ ਡੀ.ਆਈ.ਜੀ ਯੁਰਿੰਦਰ ਸਿੰਘ ਹੇਅਰ ਨੇ ਕਾਫੀ ਜੱਦੋ-ਜਹਿਦ ਕੀਤੀ ਪਰ ਮ੍ਰਿਤਕਾ ਦੇ ਭਾਈ ਗੁਰਿੰਦਰ ਸਿੰਘ ਦੇ ਆਉਣ ‘ਤੇ ਇਹ ਮਾਮਲਾ ਸ਼ਾਂਤ ਹੋਇਆ। ਬੀਤੀ ਸ਼ਾਮ ਐਸ.ਐਸ.ਪੀ ਜਗਰਾਓਂ ਸੁਰਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਮੁਨਸ਼ੀ ਨਿਰਭੈ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਹੀ ਮ੍ਰਿਤਕ ਅਮਨਪ੍ਰੀਤ ਕੌਰ ਦਾ ਅੰਤਮ ਸਸਕਾਰ ਕੀਤਾ ਗਿਆ। ਇਸ ਮੌਕੇ ਪੁਲਿਸ ਕਰਮਚਾਰੀਆਂ ਨੇ ਹਥਿਆਰ ਉਲਟੇ ਕਰਕੇ ਸਲਾਮੀ ਦਿੱਤੀ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਚਿਖਾ ਤੇ ਫੁੱਲ ਅਰਪਣ ਕੀਤੇ। ਮ੍ਰਿਤਕ ਦੇ ਭਰਾ ਗੁਰਿੰਦਰ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਸਮੇਤ ਚਿਖਾ ਨੂੰ ਅਗਨੀ ਦਿਖਾਈ। ਇਸ ਮੌਕੇ ਮਾਹੌਲ ਗਮਗੀਨ ਸੀ। ਮ੍ਰਿਤਕ ਦੀ ਵੱਡੀ ਭੈਣ ਨਵਦੀਪ ਕੌਰ ਦਾ ਰੋ-ਰੋ ਬੁਰਾ ਹਾਲ ਹੋ ਗਿਆ ਸੀ। ਸ਼ਮਸ਼ਾਨਘਾਟ ਵਿੱਚ ਹਰ ਕਿਸੇ ਦੀਆਂ ਅੱਖਾਂ ਸੇਜਲ ਸਨ।

ਸਸਕਾਰ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਜੱਗਾ, ਕਾਂਗਰਸ ਪਾਰਟੀ ਦੇ ਆਗੂ ਮੇਜਰ ਸਿੰਘ ਭੈਣੀ, ਲੁਧਿਆਣਾ (ਪੱਛਮੀ) ਐਸ. ਡੀ. ਐਮ. ਦਮਨਜੀਤ ਸਿੰਘ, ਨਾਇਬ ਤਹਿਸੀਲਦਾਰ ਹਰਮਿੰਦਰ ਸਿੰਘ ਸਿੱਧੂ, ਡੀ.ਆਈ.ਜੀ ਜਲੰਧਰ ਰੇਂਜ ਯੁਰਿੰਦਰ ਸਿੰਘ ਹੇਅਰ, ਐਸ.ਐਸ.ਪੀ ਲੁਧਿਆਣਾ (ਦਿਹਾਤੀ) ਸੁਰਜੀਤ ਸਿੰਘ, ਐਸ.ਪੀ. ਹੈੱਡ ਕੁਆਟਰ ਮਨਦੀਪ ਗਿੱਲ, ਡੀ.ਐਸ.ਪੀ ਹੈੱਡ ਕੁਆਰਟਰ ਸਰਬਜੀਤ ਸਿੰਘ, ਡੀ.ਐਸ. ਪੀ ਸੁਰਜੀਤ ਸਿੰਘ ਰਾਏਕੋਟ, ਦੀਪਕ ਖੰਡੂਰ, ਆਤਮਾ ਸਿੰਘ, ਜਸਵੀਰ ਸਿੰਘ ਖੰਡੂਰ, ਸਤਿੰਦਰਪਾਲ ਸਿੰਘ ਖੰਡੂਰ, ਮਹਿਲਾ ਸਰਪੰਚ ਰਸ਼ਵਿੰਦਰ ਸਿੰਘ, ਪੰਚ ਬਲਰਾਜ ਸਿੰਘ ਮਿੰਟੂ, ਅੰਮ੍ਰਿਤਪਾਲ ਸਿੰਘ, ਪਹਿਲ ਸਿੰਘ, ਨਾਜਰ ਸਿੰਘ, ਮਨਦੀਪ ਸਿੰਘ ਮ੍ਰਿਤਕ ਅਮਨਪ੍ਰੀਤ ਕੌਰ ਦਾ ਭਾਈ ਗੁਰਿੰਦਰ ਸਿੰਘ, ਜੀਜਾ ਅਮਨਦੀਪ ਸਿੰਘ ਰੱਤੋਵਾਲ, ਭੈਣ ਨਵਦੀਪ ਕੌਰ ਅਤੇ ਕਰਮਜੀਤ ਸਿੰਘ ਕਲੇਰ ਮੁੱਲਾਂਪੁਰ ਸਮੇਤ ਹੋਰ ਵੀ ਇਲਾਕਾ ਨਿਵਾਸੀ ਹਾਜ਼ਰ ਸਨ।