ਮੁਨਸ਼ੀ ਤੋਂ ਤੰਗ ਮਹਿਲਾ ਕਾਂਸਟੇਬਲ ਵੱਲੋਂ ਖੁਦਕੁਸ਼ੀ

ਲੁਧਿਆਣਾ/ਮੁੱਲਾਂਪੁਰ ਦਾਖਾ (ਰਾਮ ਗੋਪਾਲ ਰਾਏਕੋਟੀ/ਮਲਕੀਤ ਸਿੰਘ)। ਨਜਦੀਕੀ ਥਾਣਾ ਜੋਧਾਂ ਵਿਖੇ ਇਕ ਨੌਜਵਾਨ ਮਹਿਲਾ ਪੁਲਿਸ ਸਿਪਾਹੀ ਨੇ ਕਥਿਤ ਤੌਰ ‘ਤੇ ਮੁਨਸ਼ੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਮ੍ਰਿਤਕ ਮਹਿਲਾ ਪੁਲਿਸ ਸਿਪਾਹੀ ਅਮਨਪ੍ਰੀਤ ਕੌਰ ਦੇ ਭਰਾ ਗੁਰਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਸ ਦੀ ਭੈਣ ਅਮਨਪ੍ਰੀਤ ਕੌਰ (ਨੰ. 946 ਲੁਧਿਆਣਾ, ਦਿਹਾਤੀ) ਉਮਰ 28 ਸਾਲ ਥਾਣਾ ਜੋਧਾਂ ਵਿਖੇ ਤੈਨਾਤ ਸੀ।

ਉਸ ਨੇ ਆਪਣੇ ਭਰਾ ਨੂੰ 4-5 ਦਿਨ ਪਹਿਲਾਂ ਦੱਸਿਆ ਸੀ ਕਿ ਥਾਣਾ ਜੋਧਾਂ ਵਿਖੇ ਤੈਨਾਤ ਹੈੱਡ ਮੁਨਸ਼ੀ ਨਿਰਭੈ ਸਿੰਘ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ। ਮ੍ਰਿਤਕ ਅਮਨਪ੍ਰੀਤ ਕੌਰ ਦੇ ਭਰਾ ਅਨੁਸਾਰ ਅਮਨਪ੍ਰੀਤ ਕੌਰ ਨੇ ਇਸ ਸਬੰਧੀ ਡੀ.ਐਸ.ਪੀ . ਦਾਖਾ ਨੂੰ ਸਾਰੀ ਗੱਲ ਦੱਸੀ ਸੀ ਜਿਸ ‘ਤੇ ਡੀ.ਐਸ.ਪੀ . ਦਾਖਾ ਨੇ ਉਸ ਨੂੰ ਦਾਖਾ ਵਿਖੇ ਉਹਨਾਂ ਦੇ ਦਫ਼ਤਰ ‘ਚ ਡਿਊਟੀ ਕਰਨ ਲਈ ਕਿਹਾ ਸੀ। ਪ੍ਰੰਤੂ ਬੀਤੇ ਦਿਨ ਥਾਣਾ ਜੋਧਾਂ ਵਿਖੇ ਮਹਿਲਾ ਸਿਪਾਹੀ ਰਾਜਵਿੰਦਰ ਕੌਰ ਦੇ ਛੁੱਟੀ ਜਾਣ ਕਰਕੇ ਅਮਨਪ੍ਰੀਤ ਕੌਰ ਡਿਊਟੀ ਲਈ ਗਈ ਸੀ।

ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਬੀਤੀ ਰਾਤ 8:40 ਦੇ ਕਰੀਬ ਉਸ ਨੂੰ ਜੋਧਾਂ ਥਾਣੇ ਤੋਂ ਫੋਨ ਆਇਆ ਕਿ ਉਸ ਦੀ ਭੈਣ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ। ਉਹ ਉਸੇ ਸਮੇਂ ਕੁੱਝ ਮੋਹਤਬਰ ਬੰਦਿਆਂ ਨੂੰ ਨਾਲ ਲੈ ਕੇ ਥਾਣੇ ਪੁੱਜਾ ਤਾਂ ਦੇਖਿਆ ਕਿ ਉਸ ਦੀ ਭੈਣ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਮ੍ਰਿਤਕ ਦੇ ਭਰਾ ਗੁਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਸ ਦੀ ਭੈਣ ਨੂੰ ਮਾਰ ਕੇ ਪੱਖੇ ਨਾਲ ਲਟਕਾਇਆ ਗਿਆ ਸੀ।ਜਿਕਰਯੋਗ ਹੈ ਕਿ ਮ੍ਰਿਤਕ ਅਮਨਪ੍ਰੀਤ ਕੌਰ ਦਲਿਤ ਪਰਿਵਾਰ ਨਾਲ ਸਬੰਧਤ ਸੀ ਤੇ ਉਸਦੇ ਮਾਤਾ-ਪਿਤਾ ਪਹਿਲਾ ਹੀ ਚੱਲ ਵਸੇ ਹਨ ਉਹ ਆਪਣੇ ਭਰਾ, ਭੈਣ ਕੋਲ ਰਹਿੰਦੀ ਸੀ। ਇਸ ਸਬੰਧੀ ਥਾਣਾ ਜੋਧਾਂ ਵਿਖੇ ਮ੍ਰਿਤਕ ਦੇ ਭਰਾ ਗੁਰਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਮੁਨਸ਼ੀ ਨਿਰਭੈ ਸਿੰਘ ਖਿਲਾਫ਼ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ ਤੇ ਮੁਲਜ਼ਮ ਅਜੇ ਫਰਾਰ ਹੈ।

ਪਿੰਡ ਖੰਡੂਰ ਵਾਸੀਆਂ ਨੇ ਲਾਇਆ ਧਰਨਾ

ਇਸ ਮਾਮਲੇ ਨੂੰ ਲੈ ਕੇ ਪਿੰਡ ਖੰਡੂਰ ਵਾਸੀਆਂ ਨੇ ਮ੍ਰਿਤਕ ਦੇ ਭਰਾ ਗੁਰਿੰਦਰ ਸਿੰਘ ਅਤੇ ਭੈਣ ਨਵਦੀਪ ਕੌਰ ਪਤਨੀ ਗੁਰਜੀਤ ਸਿੰਘ ਵਾਸੀ ਨਿਊ ਆਬਾਦੀ ਅਕਾਲਗੜ੍ਹ ਦੀ ਅਗਵਾਈ ਵਿੱਚ ਧਰਨਾ ਲਾਇਆ। ਧਰਨਾਕਾਰੀਆਂ ਦੀ ਮੰਗ ਸੀ ਕਿ ਫਰਾਰ ਮੁਨਸ਼ੀ ਗ੍ਰਿਫਤਾਰ ਕੀਤਾ ਜਾਵੇ ਅਤੇ ਐਸ.ਐਚ.ਓ ਨੂੰ ਸਸਪੈਂਡ ਕੀਤਾ ਜਾਵੇ। ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਡੀ.ਐਸ.ਪੀ ਜਸਮੀਤ ਸਿੰਘ ਸ਼ਾਹੀਵਾਲ ਅਤੇ ਐਸ ਐਸ ਪੀ ਸੁਰਜੀਤ ਸਿੰਘ ਮੌਕੇ ‘ਤੇ ਪੁੱਜ ਕੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੇ ਥਾਣਾ ਮੁਖੀ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ ਅਤੇ ਕੱਲ੍ਹ ਤੱਕ ਮੁਨਸ਼ੀ ਗ੍ਰਿਫਤਾਰ ਕਰ ਲਿਆ ਜਾਵੇਗਾ। ਫਿਰ ਕਿਤੇ ਜਾ ਕੇ ਧਰਨਾਕਾਰੀਆਂ ਨੇ ਧਰਨਾ ਚੁੱਕਿਆ। ਧਰਨਾਕਾਰੀਆਂ ਵਿੱਚ ਕਾਮਰੇਡ ਸੰਤੋਖ ਸਿੰਘ ਗਿੱਲ, ਪ੍ਰਧਾਨ ਬੀਬੀ ਮਨਜੀਤ ਕੌਰ ਪਮਾਲ, ਪਹਿਲ ਸਿੰਘ, ਸਵਰਨਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਨਾਜਰ ਸਿੰਘ ਮਨਦੀਪ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।