ਮੀਂਹ ਦੇ ਪਾਣੀ ਦੀ ਸੰਭਾਲ ਜ਼ਰੂਰੀ

ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਲਈ ‘ਵਾਟਰ ਹਾਰਵੈਸਟਿੰਗ’ ਭਾਵ ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ ਉਸ ਦੀ ਸੰਭਾਲ ਕਰਨੀ ਜ਼ਰੂਰੀ ਹੋ ਜਾਵੇਗੀ। ਕਿਉਂਕਿ ਪੰਜਾਬ ਦਿਨੋਂ-ਦਿਨ ਸੋਕੇ ਵੱਲ ਵਧ ਰਿਹਾ ਹੈ ਜਿਸ ਤੋਂ ਪੰਜਾਬੀ ਪੂਰੀ ਤਰ੍ਹਾਂ ਮੂੰਹ ਮੋੜੀ ਬੈਠ  ਹਨ। ‘ਵਾਟਰ ਹਾਰਵੈਸਟਿੰਗ’ ਲਈ ਪੰਜਾਬ ‘ਚ ਜਾਗਰੂਕਤਾ ਜ਼ਰੂਰੀ ਹੋ ਗਈ ਹੈ। ‘ਵਾਟਰ ਹਾਰਵੈਸਟਿੰਗ’ ਮੀਂਹ ਦੇ ਪਾਣੀ ਨੂੰ ਕਿਸੇ ਖਾਸ ਢੰਗ ਨਾਲ ਇਕੱਠਾ ਕਰਕੇ ਸੰਭਾਲਣ ਦੀ ਪ੍ਰਕਿਰਿਆ ਨੂੰ ਕਿਹਾ ਜਾਂਦਾ ਹੈ।

ਇਸ ਸਮੇਂ ਪੂਰੀ ਦੁਨੀਆਂ ‘ਚ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜੀ ਨਾਲ ਹੇਠਾਂ ਜਾ ਰਿਹਾ ਹੈ। ਮਾਨਸੂਨ ਦੇ ਦਿਨਾਂ ਵਿੱਚ ਜਦੋਂ ਭਰਪੂਰ ਮੀਂਹ ਪੈਂਦੇ ਹਨ ਉਸ ਪਾਣੀ ਦਾ ਇੱਕ ਵੱਡਾ ਹਿੱਸਾ ਬਹਿ ਕੇ ਸਮੁੰਦਰ ‘ਚ ਜਾ ਮਿਲਦਾ ਹੈ। ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ ਇਸ ਨੂੰ ਸੰਭਾਲਣਾ ਸਮੇਂ ਦੀ ਲੋੜ ਬਣ ਗਿਆ ਹੈ। ਇਸ ਸਮੇਂ ਇਹ ਤੱਥ ਸਾਹਮਣੇ ਆਏ ਹਨ ਕਿ ਭਾਰਤ ਦੇਸ਼ ਅੰਦਰ 214 ਬਿਲੀਅਨ ਘਣ ਮੀਟਰ ਮੀਂਹ ਦਾ ਪਾਣੀ ਇਕੱਠਾ ਕੀਤਾ ਜਾਂਦਾ ਹੈ ਜਿਸ ਵਿੱਚੋਂ 160 ਬਿਲੀਅਨ ਘਣ ਮੀਟਰ ਦੀ ਦੁਬਾਰਾ ਪ੍ਰਾਪਤੀ ਕੀਤੀ ਜਾ ਸਕਦੀ ਹੈ। ਇਸ ਪਾਣੀ ਨੂੰ ਖੇਤੀ ਅਤੇ ਪਸ਼ੂਆਂ ਦੇ ਪੀਣ ਲਈ ਵਰਤਿਆ ਜਾਂਦਾ ਹੈ। ਮੀਂਹ ਦੇ ਪਾਣੀ ਨੂੰ ਉਹਨਾਂ ਥਾਂਵਾ ‘ਤੇ ਇਕੱਠਾ ਕੀਤਾ ਜਾ ਸਕਦਾ ਹੈ ਜਿੱਥੇ ਸਾਲਾਨਾ ਘੱਟੋ-ਘੱਟ 200 ਮਿਮੀ ਵਰਖਾ ਹੁੰਦੀ ਹੋਵੇ।

ਪੰਜਾਬ ਦੇ ਲੋਕ ਸਦਾ ਖੁੱਲ੍ਹੇ ਸੁਭਾਅ ਨਾਲ ਪਾਣੀ ਦੀ ਵਰਤੋਂ (ਜਾਂ ਕੁਵਰਤੋਂ) ਕਰਦੇ ਆਏ ਹਨ। ਪੰਜਾਬ ਦੇ ਲੋਕਾਂ ਨੇ ਤਾਂ ਕਦੇ ਸੋਚਿਆ ਤੱਕ ਨੀ ਕਿ ਉਨ੍ਹਾਂ ਨੂੰ ਕਦੇ ਪਾਣੀ ਦੀ ਕਿੱਲਤ ਹੋ ਸਕਦੀ ਹੈ। ਪੰ੍ਰਤੂ ਹੁਣ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਉਨ੍ਹਾਂ ਨੇ ਪਾਣੀ ਨੂੰ ਸੰਭਲ ਕੇ ਨਾ ਵਰਤਿਆ ਤਾਂ ਆਉਣ ਵਾਲੇ ਸਮੇਂ ‘ਚ ਉਹਨਾਂ ਨੂੰ ਵੀ ਪਾਣੀ ਦੀ ਕਿੱਲਤ ਨਾਲ ਦੋ-ਦੋ ਹੱਥ ਕਰਨੇ ਪੈ ਸਕਦੇ ਹਨ । ਕਿਉਂਕਿ ਪੰਜਾਬ ਦੀ ਧਰਤੀ ਅੰਦਰ ਹੁਣ ਸਿਰਫ਼ 18 ਫੀਸਦੀ ਪੀਣ ਵਾਲਾ ਪਾਣੀ ਬਚਿਆ ਹੈ। ਪਿਛਲੀ ਪੰਜਾਬ ਸਰਕਾਰ ਨੇ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੇ ਅਧਿਕਾਰੀਆਂ ਨੂੰ ਫਾਲਤੂ ਪਾਣੀ ਬਹਾਉਣ ਵਿਰੁੱਧ ਕਾਰਵਾਈ ਕਰਨ ਦਾ ਨੋਟੀਫਿਕੇਸ਼ਨ ਕੱਢਿਆ ਸੀ। ਜਿਸ ਅਨੁਸਾਰ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ 5000 ਰੁਪਏ ਜ਼ੁਰਮਾਨਾ ਹੋ ਸਕਦਾ ਸੀ ਤੇ ਨਾ ਸੁਧਰਨ ‘ਤੇ ਪਾਣੀ ਦਾ ਕੁਨੈਕਸ਼ਨ ਕੱਟ ਦਿੱਤੇ ਜਾਣ ਦੀ ਤਜਵੀਜ਼ ਸੀ ਪਰੰਤੂ ਉਸ ਨੂੰ ਕਿਸੇ ਨੇ ਗੰਭੀਰਤਾ ਨਾਲ ਨਹੀਂ ਲਿਆ।

ਪਹਿਲੇ ਸਮੇਂ ‘ਚ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਮੀਂਹ ਦਾ ਪਾਣੀ ਧਰਤੀ ਅੰਦਰ ਜਾ ਕੇ ਇਸ ਦੀ ਕਮੀ ਪੂਰੀ ਕਰ ਦਿੰਦਾ ਸੀ ਪਰੰਤੂ ਇਸ ਸਮੇਂ ਪਾਣੀ ਦਾ ਪੱਧਰ ਇੰਨਾ ਨੀਵਾਂ ਹੈ ਕਿ ਉੱਥੋਂ ਤੱਕ ਮੀਂਹ ਦਾ ਪਾਣੀ ਨਹੀਂ ਜਾ ਸਕਦਾ। ਦੇਸ਼ ਦੀ ਇੱਕ ਤਿਹਾਈ ਅਬਾਦੀ ਪਾਣੀ ਦੀ ਘਾਟ ਨਾਲ ਜੂਝ ਰਹੀ ਹੈ ਤੇ ਪੰਜਾਬ ਦੀ ਧਰਤੀ ‘ਚੋਂ 75 ਫੀਸਦੀ ਪਾਣੀ ਨਿੱਕਲ ਜਾਣ ਕਾਰਨ ਆਉਣ ਵਾਲੇ ਸਮੇਂ ‘ਚ ਪੰਜਾਬ ਨੂੰ ਵੀ ਪਾਣੀ ਦੀ ਘਾਟ ਕਾਰਨ ਔਖੀ ਘੜੀ ਦੇਖਣੀ ਪੈ ਸਕਦੀ ਹੈ। ਪੰਜਾਬ ਦੀ ਕੁੱਲ 2 ਕਰੋੜ 90 ਲੱਖ ਅਬਾਦੀ ਲਈ ਮਾਤਰ 18 ਫੀਸਦੀ ਪੀਣ ਵਾਲਾ ਪਾਣੀ ਬਾਕੀ ਬਚਿਆ ਹੈ। 1973 ‘ਚ ਜਦੋਂ ਪੰਜਾਬ ‘ਚ ਝੋਨੇ ਦਾ ਰੁਝਾਨ ਬਹੁਤ ਘੱਟ ਸੀ, ਧਰਤੀ ਹੇਠਲਾ ਪਾਣੀ ਪ੍ਰਤੀ ਸਾਲ ਅੱਧਾ ਫੁੱਟ ਥੱਲੇ ਜਾ ਰਿਹਾ ਸੀ। ਸਭ ਤੋਂ ਵੱਧ ਫਿਕਰ ਵਾਲੀ ਗੱਲ ਇਹ ਹੈ ਕਿ ਹੁਣ ਹਰ ਸਾਲ ਪਾਣੀ ਦਾ ਪੱਧਰ 2 ਫੁੱਟ ਤੋਂ ਵੱਧ ਥੱਲੇ ਜਾ ਰਿਹਾ ਹੈ। ਇਨ੍ਹਾਂ ਤੱਥਾਂ ਦੀ ਪੁਸ਼ਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜੁਆਲੋਜੀ ਵਿਭਾਗ ਵੱਲੋਂ ਵੀ ਕੀਤੀ ਗਈ ਹੈ।

ਪਾਵਰਕੌਮ ਅਨੁਸਾਰ ਇਸ ਸਮੇਂ ਪੰਜਾਬ ਅੰਦਰ 13 ਲੱਖ ਟਿਊਬਵੈੱਲ ਚੱਲ ਰਹੇ ਹਨ ਤੇ 1 ਲੱਖ ਟਿਊਬਵੈੱਲਾਂ ਦੇ ਨਵੇਂ ਕੁਨੈਕਸ਼ਨ ਦੇਣ ਦਾ ਮਾਮਲਾ ਲਟਕ ਰਿਹਾ ਹੈ। ਸ਼ਹਿਰਾਂ ਵਿੱਚ ਲੱਖਾਂ ਸਬਮਰਸੀਬਲ ਪੰਪ ਚੱਲ ਰਹੇ ਹਨ, ਉਹ ਇਨ੍ਹਾਂ ਤੋਂ ਵੱਖਰੇ ਹਨ ।ਪੰਜਾਬ ਦੇ 70 ਫੀਸਦੀ ਪਿੰਡਾਂ ਵਿੱਚ ਛੱਪੜ ਸਮਾਪਤ ਹੋ ਚੁੱਕੇ ਹਨ ਇਨ੍ਹਾਂ ਛੱਪੜਾਂ ‘ਚ ਮੀਂਹ ਦਾ ਪਾਣੀ ਇਕੱਠਾ ਹੋ ਜਾਂਦਾ ਸੀ ਜਿਸ ਨਾਲ ਪਿੰਡ ਦੀਆਂ ਪਾਣੀ ਦੀਆਂ ਕਈ ਲੋੜਾਂ ਇਹ ਛੱਪੜ ਪੂਰੀਆਂ ਕਰ ਦਿੰਦੇ ਸਨ । ਛੱਪੜਾਂ ਦੀ ਅਣਹੋਂਦ ਕਾਰਨ ਹੁਣ ਪਾਣੀ ਦੀ ਦੂਹਰੀ ਮਾਰ ਪੈ ਰਹੀ ਹੈ, ਛੱਪੜ ਖਤਮ ਹੋਣ ਨਾਲ ਜਿੱਥੇ ਮੀਂਹਾਂ ਦਾ ਪਾਣੀ ਬੇਕਾਰ ਚਲਾ ਜਾਂਦਾ ਹੈ ਉੱਥੇ ਪਾਣੀ ਦੀਆਂ ਜਿਹੜੀਆਂ ਲੋੜਾਂ ਛੱਪੜ ਪੂਰੀਆਂ ਕਰਦੇ ਸਨ ਉਨ੍ਹਾਂ ਲਈ ਪਾਣੀ ਧਰਤੀ ‘ਚੋਂ ਲਿਆ ਜਾਂਦਾ ਹੈ।

ਵੱਡੇ ਵੈੱਟਲੈਂਡਾਂ ਦੀ ਵੀ ਘਾਟ ਹੋ ਰਹੀ ਹੈ ਇਸ ਸਮੇਂ ਪੰਜਾਬ ਅੰਦਰ ਤਿੰਨ ਵੈੱਟਲੈਂਡ ਹਰੀਕੇ, ਰੋਪੜ ਅਤੇ ਕਾਂਝਲੀ ਹਨ ਅਤੇ ਦੋ ਕੌਮੀ ਵੈੱਟਲੈਂਡ ਰਣਜੀਤ ਸਾਗਰ ਤੇ ਨੰਗਰ ‘ਚ ਹਨ ਜਿਨ੍ਹਾਂ ‘ਚ ਪਾਣੀ ਦਾ ਪੱਧਰ ਡਾਵਾਂਡੋਲ ਹੋ ਰਿਹਾ ਹੈ। ਪਿਛਲੇ ਸਮਿਆਂ ਨਾਲੋਂ ਹੁਣ ਬਰਸਾਤ ਵੀ ਘੱਟ ਹੋ ਰਹੀ ਹੈ, ਬਰਸਾਤ ‘ਚ 25 ਫੀਸਦੀ ਦੀ ਕਮੀ ਆਈ ਹੈ। ਜੇ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ‘ਚ ਪੰਜਾਬ ਨੂੰ ਵੀ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪਵੇਗਾ ਤੇ ਇਹ ਸਕੰਟ ਕਾਫੀ ਡੂੰਘਾ ਹੋ ਸਕਦਾ ਹੈ। ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਕੇ ਪਿੰਡਾਂ ‘ਚ ਛੱਪੜ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਹਨ। ਜੇ ਕਰ ਪਿੰਡਾਂ ‘ਚ ਜੰਗੀ ਪੱਧਰ ‘ਤੇ ਛੱਪੜ ਬਣਾਏ ਜਾਣ ਤਾਂ ਇਨ੍ਹਾਂ ਨਾਲ ਕਈ ਆਰਥਿਕ ਲਾਭ ਤਾਂ ਹੋਣਗੇ ਹੀ ਪਾਣੀ ਦਾ ਪੱਧਰ ਵੀ ਉੱਚਾ ਹੋਵੇਗਾ।

ਪੰਜਾਬ ਦੇ ਰਾਵੀ, ਬਿਆਸ ਤੇ ਸਤਲੁਜ ਦਰਿਆਵਾਂ ਨਾਲ ਲੱਗਦੇ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਠੀਕ ਚੱਲ ਰਿਹਾ ਹੈ। ਇਸ ਸਮੇਂ ਪੰਜਾਬ ਅਜਿਹੀ ਸਥਿਤੀ ਵਿੱਚ ਹੈ ਜਿੱਥੇ ਜੇ ਕਰ ਸਰਕਾਰ ਤੇ ਲੋਕ ਮਿਲ ਕੇ ਹੰਭਲਾ ਮਾਰਨ ਤਾਂ ਪੰਜਾਬ ਨੂੰ ਪਾਣੀ ਦੀ ਘਾਟ ਦੇ ਸੰਕਟ ਤੋਂ ਬਚਾਇਆ ਜਾ ਸਕਦਾ ਹੈ। ਇਸ ਸਬੰਧ ਵਿੱਚ ਹਰ ਇੱਕ ਦੇ ਸਹਿਯੋਗ ਦੀ ਲੋੜ ਹੈ। ਜੇ ਕਰ ਮੀਂਹ ਦੇ ਪਾਣੀ ਦੀ ਸੰਭਾਲ ਦੀ ਆਦਤ ਪੰਜਾਬੀਆਂ ਨੂੰ ਪੈ ਜਾਵੇ ਤਾਂ ਇਸ ਨਾਲ ਪਾਣੀ ਦੀ ਸਮੱਸਿਆ ਨਾਲ ਕਾਫੀ ਹੱਦ ਤੱਕ ਨਜਿੱਠਆ ਜਾ ਸਕਦਾ ਹੈ। ਦੇਸ਼ ਦੇ ਕਈ ਹਿੱਸਿਆਂ ‘ਚ ਮੀਂਹ ਦੇ ਇਕੱਠੇ ਕੀਤੇ ਪਾਣੀ ਨਾਲ ਸਿੰਜਾਈ ਕੀਤੀ ਜਾਂਦੀ ਹੈ ਤੇ ਇਸ ਨੂੰ ਪਸ਼ੂਆਂ ਦੇ ਪੀਣ ਲਈ ਵਰਤਿਆ ਜਾਂਦਾ ਹੈ ਅਤੇ ਬਹੁਤ ਸਾਰੀਆਂ ਥਾਂਵਾ ‘ਤੇ ਇਸ ਪਾਣੀ ਨੂੰ ਪੀਣ ਲਈ ਵੀ ਇਕੱਠਾ ਕੀਤਾ ਜਾਂਦਾ ਹੈ। ਪੰਜਾਬ ਅੰਦਰ ਭਾਵੇਂ ਸਾਨੂੰ ਇਹ ਗੱਲ ਅਜੇ ਅਜੀਬ ਲੱਗਦੀ ਹੋਵੇ ਪਰੰਤੂ ਸਮਾਂ ਆ ਗਿਆ ਹੈ ਕਿ ਜੇ ਅਸੀਂ ਹੁਣੇ ਤੋਂ ਨਾ ਸੰਭਲੇ ਤਾਂ ਆਉਣ ਵਾਲੇ ਸਮੇਂ ‘ਚ ਸਾਨੂੰ ਪਛਤਾਉਣਾ ਪਵੇਗਾ।