‘ਭਾਵੇਂ ਡੀਸੀ ਹੋਵੇ ਜਾਂ ਫਿਰ ਹੋਵੇ ਡੀਸੀਐਮ ਟੰਗ ਦਿਆਂਗੇ’

ਸੁਖਬੀਰ ਜਿਹਨੂੰ ਕਹਿੰਦਾ ਸੀ ਚਾਚੂ, ਉਸ ਨੇ ਕੀਤਾ ਐ ਵੱਡਾ ਘਪਲਾ, ਹੋਵੇ ਵਿਜੀਲੈਂਸ ਜਾਂਚ : ਵਿਧਾਨ ਸਭਾ ਸੈਸ਼ਨਨਵਜੋਤ ਸਿੱਧੂ

  • ਅਬੋਹਰ ਵਾਟਰ ਵਰਕਸ ਦੀ ਜ਼ਮੀਨ ਮਾਮਲੇ ‘ਚ ਆਇਆ ਸੁਖਬੀਰ ਦੇ ਚਾਚਾ ਪਰਮਜੀਤ ਸਿੰਘ ਬਾਦਲ ਦਾ ਨਾਂਅ
  • ਨਹੀਂ ਬਖਸ਼ਿਆ ਜਾਵੇਗਾ ਕਿਸੇ ਵੀ ਦੋਸ਼ੀ ਨੂੰ , ਵਿਜੀਲੈਂਸ ਜਾਂਚ ਦਰਮਿਆਨ ਹੋਵੇਗੀ ਸਖ਼ਤ ਕਾਰਵਾਈ : ਅਮਰਿੰਦਰ ਸਿੰਘ

ਚੰਡੀਗੜ੍ਹ, (ਅਸ਼ਵਨੀ ਚਾਵਲਾ) ‘ਭਾਵੇਂ ਕੋਈ ਡੀ.ਸੀ. ਹੋਵੇ ਜਾਂ ਫਿਰ ਹੋਵੇ ਕੋਈ ਡੀ.ਸੀ.ਐਮ. (ਡਿਪਟੀ ਚੀਫ਼ ਮਨੀਸ਼ਟਰ) ਟੰਗ ਦਿਆਂਗੇ’, ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ, ਕਿਉਂਕਿ ਸੁਖਬੀਰ ਬਾਦਲ ਜਿਹਨੂੰ ਚਾਚੂ ਚਾਚੂ ਕਹਿੰਦਾ ਸੀ, ਉਸੇ ਬਾਦਲ ਪਿੰਡ ਦੇ ਪਰਮਜੀਤ ਸਿੰਘ ਦੇ ਨਾਂਅ ‘ਤੇ ਅਬੋਹਰ ਵਾਟਰ ਵਰਕਸ ਦੀ ਜ਼ਮੀਨ ਟਰਾਂਸਫਰ ਕਰਕੇ ਰਜਿਸਟਰੀਆਂ ਹੋਈਆਂ ਹਨ। ਇਸ ਵੱਡੇ ਘਪਲੇ ਦਾ ਪਰਦਾਫ਼ਾਸ਼ ਹਰ ਹਾਲਤ ਵਿੱਚ ਹੋਵੇਗਾ।

ਪੰਜਾਬ ਵਿਧਾਨ ਸਭਾ ਦੇ ਅੰਦਰ ਇੱਕ ਸੁਆਲ ‘ਤੇ ਜੁਆਬ ਦਿੰਦੇ ਹੋਏ ਇਹ ਸ਼ਬਦ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਹੇ। ਨਵਜੋਤ ਸਿੰਘ ਸਿੱਧੂ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਦਨ ਵਿੱਚ ਕਿਹਾ ਕਿ 1931 ਵਿੱਚ ਅਬੋਹਰ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਦੇਣ ਲਈ ਵਾਟਰ ਵਰਕਸ ਬਣਾਇਆ ਗਿਆ ਸੀ, ਜਿਸ ਨੂੰ ਕਿ ਵੱਡਾ ਕਰਨ ਲਈ 1961 ਵਿੱਚ ਸਵਾ 6 ਏਕੜ ਜ਼ਮੀਨ ਹੋਰ ਐਕਵਾਇਅਰ ਕਰਕੇ ਦਿੱਤੀ ਗਈ ਸੀ ਪਰ ਇਸ ਜ਼ਮੀਨ ਨੂੰ ਗਲਤ ਤਰੀਕੇ ਨਾਲ 6 ਲੋਕਾਂ ਨੇ ਆਪਣੇ ਨਾਂਅ ‘ਤੇ ਟਰਾਂਸਫਰ ਕਰਵਾਉਂਦੇ ਹੋਏ ਰਜਿਸਟਰੀਆਂ ਤੱਕ ਕਰਵਾ ਲਈਆਂ ਹਨ।

ਇਨ੍ਹਾਂ ਵਿੱਚ ਪਰਮਜੀਤ ਸਿੰਘ ਪੁੱਤਰ ਦਿਲਰਾਜ ਸਿੰਘ ਵਾਸੀ ਪਿੰਡ ਬਾਦਲ ਜ਼ਿਲ੍ਹਾ ਮੁਕਤਸਰ ਵੀ ਸ਼ਾਮਲ ਹੈ, ਜਿਹੜਾ ਕਿ ਰਿਸ਼ਤੇਦਾਰੀ ਵਿੱਚ ਸੁਖਬੀਰ ਬਾਦਲ ਦਾ ਚਾਚਾ ਅਤੇ ਸਾਬਕਾ ਮੁੱਖ ਮੰਤਰੀ ਦਾ ਭਰਾ ਲੱਗਦਾ ਹੈ ਅਤੇ ਬਾਕੀ ਅਬੋਹਰ ਦੇ ਹੀ ਲੋਕ ਹਨ, ਜਿਨ੍ਹਾਂ ਨੇ ਸੱਤਾ ਦਾ ਫ਼ਾਇਦਾ ਲੈਂਦਿਆਂ ਜ਼ਮੀਨ ਆਪਣੇ ਨਾਂਅ ਕਰਵਾਈ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਮਾਮਲੇ ਵਿੱਚ ਭਾਵੇਂ ਕੋਈ ਉਪ ਮੁੱਖ ਮੰਤਰੀ ਰਿਹਾ ਹੋਵੇ ਜਾਂ ਫਿਰ ਕੋਈ ਡੀ.ਸੀ. ਹੋਵੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਹਰ ਅਧਿਕਾਰੀ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ, ਜਿਨ੍ਹਾਂ ਨੇ ਇਸ ਮਾਮਲੇ ਵਿੱਚ ਸਾਥ ਦਿੱਤਾ ਹੈ।

ਇਥੇ ਹੀ ਸੁਆਲ ਪੁੱਛ ਰਹੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਨਹੀਂ ਹੈ ਕਿ ਇਸ ਮਾਮਲੇ ਨੂੰ ਅੱਜ ਉਜਾਗਰ ਕੀਤਾ ਗਿਆ ਹੈ, ਇਸੇ ਸੁਆਲ ਨੂੰ ਉਨ੍ਹਾਂ ਨੇ ਪਿਛਲੇ ਸਾਲ 2016 ਵਿੱਚ ਪੁੱਛਿਆ ਸੀ ਅਤੇ ਮੌਕੇ ਦੇ ਮੰਤਰੀ ਨੇ ਖ਼ੁਦ ਮੰਨਿਆ ਸੀ ਕਿ ਇਸ ਵਿੱਚ ਵੱਡਾ ਘਪਲਾ ਹੋਇਆ ਹੈ ਪਰ ਜੇਕਰ ਮੁੱਖ ਮੰਤਰੀ ਆਦੇਸ਼ ਕਰਨ ਤਾਂ ਵਿਜੀਲੈਂਸ ਦੀ ਜਾਂਚ ਕਰਵਾਈ ਜਾ ਸਕਦੀ ਹੈ, ਇਸ ‘ਤੇ ਬਾਦਲ ਸਾਹਿਬ ਨੇ ਭਰੇ ਮਨ ਨਾਲ ਕਿਹਾ ਸੀ ਕਿ ਜੇਕਰ ਮੰਤਰੀ ਸਾਹਿਬ ਚਾਹੁੰਦੇ ਹਨ ਤਾਂ ਵਿਜੀਲੈਂਸ ਜਾਂਚ ਕਰਵਾ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਡੇਢ ਸਾਲ ਬੀਤਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ। ਇਸ ਜ਼ਮੀਨ ਘਪਲੇ ਨੂੰ ਲੈ ਕੇ ਹੋ ਰਹੇ ਹੰਗਾਮੇ ਦਰਮਿਆਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਦਨ ਵਿੱਚ ਭਰੋਸਾ ਦੇ ਦਿੱਤਾ ਕਿ ਵਿਜੀਲੈਂਸ ਜਾਂਚ ਕਰਵਾਈ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਸਥਾਨਕ ਸਰਕਾਰਾਂ ਵਿਭਾਗ ਵੱਲੋਂ ਫਾਇਰ ਡਾਇਰੈਕਟੋਰੇਟ ਬਣਾਇਆ ਜਾਵੇਗਾ

ਸੂਬੇ ਦੇ ਸ਼ਹਿਰੀਆਂ ਨੂੰ ਬਿਹਤਰ ਫਾਇਰ ਸੇਵਾਵਾਂ ਦੇਣ ਲਈ ਵੱਖਰਾ ਡਾਇਰੈਕਟੋਰੇਟ ਬਣਾਇਆ ਜਾਵੇਗਾ ਅਤੇ ਨਵੀਂ ਤਕਨੀਕ ਨਾਲ ਪੰਜਾਬ ਵਿੱਚ ਫਾਇਰ ਬਿਗ੍ਰੇਡ ਕੰਮ ਕਰਨਗੀਆਂ, ਜਦੋਂ ਹੁਣ ਸਿਰਫ਼ ਇਕੋ ਹੀ ਨਵੀਂ ਤਕਨੀਕ ਵਾਲੀ ਫਾਇਰ ਬ੍ਰਿਗੇਡ ਹੈ, ਜਿਹੜੀ ਕਿ ਮੁਹਾਲੀ ਵਿਖੇ ਤੈਨਾਤ ਹੈ।  ਇਹ ਗੱਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਦੂਜੇ ਸੈਸ਼ਨ ਦੇ ਦੂਜੇ ਦਿਨ ਪ੍ਰਸ਼ਨ ਕਾਲ ਦੌਰਾਨ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਭਰੋਸਾ ਦਿਵਾਉਂਦਿਆਂ ਕਿਹਾ।

ਸਿੱਧੂ ਨੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਫਾਇਰ ਤੇ ਐਂਬੂਲਂੈਸ ਦੋ ਅਜਿਹੀਆਂ ਸੇਵਾਵਾਂ ਹਨ ਜਿਹੜੀਆਂ ਦੋ ਮਿੰਟਾਂ ਦੇ ਵਕਫ਼ੇ ਅੰਦਰ ਦੇਣੀਆਂ ਲਾਜ਼ਮੀ ਬਣਦੀਆਂ ਹਨ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪਿਛਲੀ ਸਰਕਾਰ ਵੱਲੋਂ ਇਸ ਖੇਤਰ ਵਿੱਚ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸੂਬੇ ਅੰਦਰ 54 ਫਾਇਰ ਸਟੇਸ਼ਨਾਂ ਲਈ 195 ਫਾਇਰ ਵਹੀਕਲ ਹਨ ਜਿਨ੍ਹਾਂ ਵਿੱਚੋਂ 114 ਮਿਆਦ ਪੁਗਾ ਚੁੱਕੇ ਹਨ। ਵਿਧਾਇਕ ਵੱਲੋਂ ਸੁਨਾਮ ਵਿਖੇ ਫਾਇਰ ਸਟੇਸ਼ਨ ਨਾ ਹੋਣ ਦੀ ਗੱਲ ਕਹਿਣ ‘ਤੇ ਸਿੱਧੂ ਨੇ ਕਿਹਾ ਪਿਛਲੀ ਸਰਕਾਰ ਵੱਲੋਂ ਇਸ ਖੇਤਰ ਵਿੱਚ ਬਿਲਕੁਲ ਧਿਆਨ ਨਹੀਂ ਦਿੱਤਾ ਗਿਆ। ਕੇਂਦਰ ਸਰਕਾਰ ਵੱਲੋਂ ਕੌਮੀ ਆਫਤਨ ਪ੍ਰਬੰਧਨ ਹੇਠ 90 ਕਰੋੜ ਦੀ ਗ੍ਰਾਂਟ ਫਾਇਰ ਸੇਵਾਵਾਂ ਲਈ ਦਿੱਤੀ ਗਈ ਅਤੇ ਪੰਜਾਬ ਸਰਕਾਰ ਵੱਲੋਂ ਸਿਰਫ਼ 17 ਕਰੋੜ ਰੁਪਏ ਹੀ ਖ਼ਰਚੀ ਗਈ, ਉਹ ਵੀ ਸਿਰਫ਼ ਛੋਟੀਆਂ ਗੱਡੀਆਂ ਲਈ। ਬਾਕੀ ਗ੍ਰਾਂਟ ਦੀ ਰਾਸ਼ੀ ਖ਼ਰਚੀ ਨਾ ਜਾਣ ਕਰ ਕੇ ਵਾਪਸ ਹੋ ਗਈ।

  • ਆਪ’ ਨੇ ਚਲਾਇਆ ਆਪਣਾ ਮੌਕ ਸੈਸ਼ਨ
  • ਰੇਤ ਮਾਮਲੇ ‘ਚ ਠਹਿਰਾਇਆ ਰਾਣਾ ਨੂੰ ਦੋਸ਼ੀ
  • ਸਿਦਨ ਦੇ ਅੰਦਰੋਂ ਮੁਅੱਤਲੀ ਤੋਂ ਬਾਅਦ ਅੱਧਾ ਘੰਟਾ ਚਲਾਇਆ ਮੌਕ ਸੈਸ਼ਨ

ਪੰਜਾਬ ਵਿਧਾਨ ਸਭਾ ਦੇ ਸਦਨ ਦੇ ਮੁਅਤਵੀਂ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਘਰ ਜਾਣ ਦੀ ਥਾਂ ‘ਤੇ ਸਦਨ ਦੇ ਬਾਹਰ ਲੌਬੀ ਵਿੱਚ ਹੀ ਆਪਣਾ ਵੱਖਰਾ ‘ਮੌਕ ਸੈਸ਼ਨ’ ਸ਼ੁਰੂ ਕਰ ਦਿੱਤਾ। ਜਿਥੇ ਕਿ ਬਲਵਿੰਦਰ ਸਿੰਘ ਬੈਂਸ ਨੂੰ ਇਸ ਮੌਕ ਸੈਸ਼ਨ ਦਾ ਸਪੀਕਰ ਬਣਾਇਆ ਗਿਆ। ਇਸ ਮੌਕ ਸੈਸ਼ਨ ਵਿੱਚ ਵਿਧਾਇਕ ਸੁਖਪਾਲ ਖਹਿਰਾ ਆਪਣਾ ਕੰਮ ਰੋਕੋ ਮਤਾ ਪੇਸ਼ ਕਰਦੇ ਹੋਏ ਰੇਤ ਦੇ ਖੱਡਿਆਂ ਬਾਰੇ ਆਪਣੇ ਵਿਚਾਰ ਰੱਖੇ।

ਖਹਿਰਾ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਨੇ ਆਪਣੇ ਕਰਿੰਦਿਆਂ ਰਾਹੀਂ ਨਾ ਸਿਰਫ਼ ਰੇਤ ਦੇ ਖੱਡੇ ਦੀ ਬੋਲੀ ਕਰਵਾਈ ਸਗੋਂ ਗਲਤ ਤਰੀਕੇ ਨਾਲ ਪੈਸਾ ਆਪਣੇ ਕਰਿੰਦਿਆਂ ਦੇ ਖਾਤੇ ਵਿੱਚ ਟਰਾਂਸਫਰ ਕਰਵਾਇਆ  ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਸਿਰਫ਼ ਸੈਂਡ ਹੀ ਨਹੀਂ ਸਗੋਂ ਲੈਂਡ ਮਾਫੀਆ ਵੀ ਬਣ ਗਿਆ ਹੈ। ਜਿਸ ਕਾਰਨ ਉਹ ਹੁਣ ਸਰਕਾਰੀ ਜ਼ਮੀਨਾਂ ਵੀ ਆਪਣੀ ਕੁਰਸੀ ਦਾ ਨਾਜਾਇਜ਼ ਫਾਇਦਾ ਚੁੱਕਦੇ ਹੋਏ ਟਰਾਂਸਫਰ ਕਰਵਾ ਰਿਹਾ ਹੈ।

ਜਿਸ ਦਰਮਿਆਨ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਦੋਸ਼ੀ ਤੱਕ ਠਹਿਰਾ ਦਿੱਤਾ ਗਿਆ। ਮੌਕ ਸੈਸ਼ਨ ਦਰਮਿਆਨ ਹੋਰ ਵਿਧਾਇਕਾਂ ਨੇ ਵੀ ਆਪਣਾ ਪੱਖ ਰੱਖਦੇ ਹੋਏ ਜਿਥੇ ਇਸ ਕਾਂਗਰਸ ਸਰਕਾਰ ‘ਤੇ ਤਿੱਖੇ ਹਮਲੇ ਕੀਤੇ, ਉਥੇ ਹੀ ਪਿਛਲੀ ਅਕਾਲੀ-ਭਾਜਪਾ ਸਰਕਾਰ ‘ਤੇ ਵੀ ਨਿਸ਼ਾਨਾ ਲਗਾਇਆ।

ਆਪ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਕੇਬਲ ਮਾਫੀਆ ਰਾਹੀਂ ਮੀਡੀਆ ਦਾ ਗਲਾ ਘੁੱਟ ਕੇ ਰੱਖ ਦਿੱਤਾ ਸੀ, ਜਿਸ ਕਾਰਨ ਡੇਅ ਐਂਡ ਨਾਇਟ ਚੈਨਲ ਬੰਦ ਹੋ ਗਿਆ। ਉਨ੍ਹਾਂ ਕਿਹਾ ਕਿ ਸਿਰਫ਼ ਇਹ ਚੈਨਲ ਹੀ ਨਹੀਂ ਸਗੋਂ ਕਈ ਹੋਰ ਚੈਨਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੰਦ  ਹੋ ਗਏ।

‘ਹਰ ਗੱਲ ਦੀ ਜਾਂਚ ਕਰਨ ਲੱਗ ਗਏ ਤਾਂ ਹੋ ਜਾਊ ਕੰਮ ਔਖਾ’
ਚਰਨਜੀਤ ਸਿੰਘ ਚੰਨੀ ਨੇ ਕੀਤਾ ਜਾਂਚ ਕਰਵਾਉਣ ਦਾ ਵਿਰੋਧ

ਕਿੰਨੀਆਂ ਕੁ ਜਾਂਚਾਂ ਕਰਵਾਈ ਜਾਣਗੀਆਂ, ਸਾਰਾ ਹੀ ਇਹੋ ਜਿਹਾ ਹਾਲ ਐ : ਚੰਨੀ

ਜਦੋਂ ਪੰਜਾਬ ਵਿਧਾਨ ਸਭਾ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਇੱਕ ਤੋਂ ਬਾਅਦ ਇੱਕ ਲਗਾਤਾਰ ਦੋ ਵਿਜੀਲੈਂਸ ਜਾਂਚ ਕਰਵਾਉਣ ਦੇ ਆਦੇਸ਼ ਅਤੇ ਘਨੌਰ ਹਲਕੇ ਵਿੱਚ ਖਰੀਦੀ  ਗਈ ਸੋਲਰ ਲਾਈਟ ਵਿੱਚ ਘਪਲੇ ਦਾ ਸ਼ੱਕ ਹੋਣ ‘ਤੇ ਵਿਭਾਗੀ ਜਾਂਚ ਕਰਵਾਉਣ ਦੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਵੱਲੋਂ ਆਦੇਸ਼ ਦਿੱਤੇ ਜਾ ਰਹੇ ਸਨ ਤਾਂ ਦੂਜੇ ਪਾਸੇ ਇੱਕ ਹੋਰ ਜਾਂਚ ਕਰਵਾਉਣ ਦੀ ਮੰਗ ਆਉਣ ‘ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਾਂਚ ਕਰਵਾਉਣ ਦਾ ਹੀ ਵਿਰੋਧ ਕਰ ਦਿੱਤਾ।

ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਖ਼ਰਕਾਰ ਕਿੰਨੀਆਂ ਜਾਂਚਾਂ ਕਰਵਾਈਆਂ ਜਾਣ, ਕਿਉਂਕਿ ਇਥੇ ਤਾਂ ਸਾਰਾ ਹੀ ਇਹੋ ਜਿਹਾ ਹਾਲ ਹੈ। ਉਨ੍ਹਾਂ ਦੇ ਵਿਭਾਗ ਵਿੱਚ ਤਾਂ ਤਾਣਾ-ਬਾਣਾ ਹੀ ਇੰਨਾ ਜਿਆਦਾ ਉਲਝਿਆ ਪਿਆ ਹੈ ਕਿ ਜੇਕਰ ਜਾਂਚ ਕਰਵਾਉਣ ਲੱਗ ਪਏ ਤਾਂ ਸਾਰਾ ਬੋਰਡ ਹੀ ਖ਼ਾਲੀ ਹੋ ਜਾਵੇਗਾ। ਚਰਨਜੀਤ ਸਿੰਘ ਚੰਨੀ ਮੂੰਹੋਂ ਇਹ ਗੱਲ ਸੁਣਕੇ ਦੂਜੇ ਕਾਂਗਰਸੀ ਮੰਤਰੀ ਅਤੇ ਵਿਧਾਇਕ ਵੀ ਹੈਰਾਨ ਹੋ ਗਏ ਕਿ ਵਿਰੋਧੀ ਧਿਰ ਦੇ ਵਿਧਾਇਕ ਜਾਂਚ ਕਰਵਾਉਣ ਦਾ ਵਿਰੋਧ ਕਰਨ ਤਾਂ ਸਮਝ ਵਿੱਚ ਆਉਂਦਾ ਹੈ ਪਰ ਆਖ਼ਰਕਾਰ ਕਾਂਗਰਸ ਸਰਕਾਰ ਦੇ ਮੰਤਰੀ ਕਿਉਂ ਜਾਂਚ ਦਾ ਵਿਰੋਧ ਕਰ ਰਹੇ ਹਨ, ਇਹ ਸਮਝ ਵਿੱਚ ਨਹੀਂ ਆ ਰਿਹਾ ਹੈ।