ਭਲਵਾਨ ਰਾਹੀਂ ਸੁਖਬੀਰ ਨੂੰ ਹੱਥ ਪਾਉਣ ਦੀ ਤਿਆਰੀ, ਸਿਟ ਦਾ ਗਠਨ ਕੀਤਾ

ਸੁਖਬੀਰ ਬਾਦਲ ਦੇ ਦਫ਼ਤਰ ‘ਚ ਤਾਇਨਾਤ ਹਰ ਅਫ਼ਸਰ ਦਾ ਫਰੋਲੇਗੀ ਵਿਜੀਲੈਂਸ ਰਿਕਾਰਡ

  1. 1 ਜੁਲਾਈ ਤੋਂ ਆਮਦਨ ਟੈਕਸ ਰਿਟਰਨ ਭਰਨ ਲਈ ਅਧਾਰ ਜ਼ਰੂਰੀ
  2. ਵਿਜੀਲੈਂਸ ਨੇ ਬਣਾਈ ਐਸ.ਆਈ.ਟੀ., ਸੁਖਬੀਰ ਨੂੰ ਹੱਥ ਪਾਉਣ ਲਈ ਇਕੱਠਾ ਕਰੇਗੀ ਰਿਕਾਰਡ
  3. ਸੁਖਬੀਰ ਬਾਦਲ ਕੋਲ ਸੀ ਗਮਾਡਾ, 8 ਅਹੁਦਿਆਂ ਦਾ ਚਾਰਜ ਦੇਣ ਕਰਕੇ ਫਸ ਸਕਦੇ ਹਨ ਖ਼ੁਦ ਸੁਖਬੀਰ ਬਾਦਲ

ਚੰਡੀਗੜ੍ਹ, (ਅਸ਼ਵਨੀ ਚਾਵਲਾ) । ਸੁਖਬੀਰ ਬਾਦਲ ਦੇ ‘ਭਲਵਾਨ’ ਨੂੰ ਢਾਹੁਣ ਤੋਂ ਬਾਅਦ ਹੁਣ ਪੰਜਾਬ ਵਿਜੀਲੈਂਸ ਇਸ ਭਲਵਾਨ ਨੂੰ ਤਿਆਰ ਕਰਨ ਵਾਲੇ ਸੁਖਬੀਰ ਬਾਦਲ ਨੂੰ ਹੀ ਹੱਥ ਪਾਉਣ ਦੀ ਤਿਆਰੀ ਵਿੱਚ ਜੁੱਟ ਗਈ ਹੈ। ਸੁਖਬੀਰ ਬਾਦਲ ਨੂੰ ਹੱਥ ਪਾਉਣ ਤੋਂ ਪਹਿਲਾਂ ਸਾਰਾ ਰਿਕਾਰਡ ਇਕੱਠਾ ਕੀਤਾ ਜਾਵੇਗਾ, ਜਿਹੜਾ ਇਹ ਸਾਬਤ ਕਰੇਗਾ ਕਿ ਸੁਖਬੀਰ ਬਾਦਲ ਦੀ ਮਰਜ਼ੀ ਅਤੇ ਜਾਣਕਾਰੀ ਵਿੱਚ ਹੀ ਸੁਰਿੰਦਰਪਾਲ ਸਿੰਘ ਉਰਫ਼ ਭਲਵਾਨ ਕਰੋੜਾਂ ਰੁਪਏ ਦਾ ਚੂਨਾ ਲਾਉਣ ਲੱਗਿਆ ਹੋਇਆ ਸੀ। ਇਸ ਸਬੰਧੀ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਸਪੈਸ਼ਲ ਜਾਂਚ ਟੀਮ ਬਣਾਈ ਗਈ, ਜਿਹੜੀ ਅੱਜ ਤੋਂ ਹੀ ਕਾਰਵਾਈ ਸ਼ੁਰੂ ਕਰ ਦੇਵੇਗੀ।

ਪੰਜਾਬ ਵਿਜੀਲੈਂਸ ਹੁਣ ਇਸ ਗੱਲ ਦੀ ਜਾਂਚ ਕਰਨ ਵਿੱਚ ਜੁੱਟ ਗਈ ਹੈ ਕਿ ਕੁਝ ਸਾਲ ਪਹਿਲਾਂ ਹੀ ਮੰਡੀ ਬੋਰਡ ਵਿੱਚ ਠੇਕੇ ਅਧਾਰਿਤ ਨੌਕਰੀ ਪ੍ਰਾਪਤ ਕਰਨ ਵਾਲਾ ਸੁਰਿੰਦਰਪਾਲ ਸਿੰਘ ਆਖ਼ਰਕਾਰ ਕਿਵੇਂ ਤਰੱਕੀ ਲੈ ਕੇ ਗਮਾਡਾ ਦੇ ਚੀਫ਼ ਇੰਜੀਨੀਅਰ ਦੀ ਪੋਸਟ ਸਣੇ ਇਕੋ ਸਮੇਂ 8-8 ਵਿਭਾਗਾਂ ਦਾ ਚਾਰਜ ਲੈ ਕੇ ਭਲਵਾਨੀ ਕਰਨ ਲੱਗ ਪਿਆ ਸੀ। ਇਸ ਦੀ ਸ਼ੁਰੂਆਤ ਸੁਖਬੀਰ ਬਾਦਲ ਦੇ ਦਫ਼ਤਰ ਵਿੱਚ ਤੈਨਾਤ ਸਾਰੇ ਅਧਿਕਾਰੀਆਂ ਤੋਂ ਕੀਤੀ ਜਾ ਸਕਦੀ ਹੈ, ਕਿਉਂਕਿ ਸੁਰਿੰਪਾਲ ਸਿੰਘ ਭਲਵਾਨ ਪਿਛੇ ਕਈ ਸੀਨੀਅਰ ਅਧਿਕਾਰੀਆਂ ਦੀ ਮਿਲੀਭੁਗਤ ਆਉਂਦੀ ਦੱਸੀ ਜਾ ਰਹੀ ਹੈ।

ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਸੁਖਬੀਰ ਬਾਦਲ ਦੇ ਦਫ਼ਤਰ ਵਿੱਚ ਬੈਠੇ ਅਧਿਕਾਰੀਆਂ ਨੇ ਸੁਰਿੰਪਾਲ ਸਿੰਘ ਨੂੰ ਤਰੱਕੀਆਂ ਦੇ ਨਾਲ ਹੀ 8-8 ਵਿਭਾਗਾਂ ਦਾ ਚਾਰਜ ਆਪਣੀ ਮਨਮਰਜ਼ੀ ਨਾਲ ਦਿੱਤਾ ਸੀ ਜਾਂ ਫਿਰ ਇਸ ਪਿੱਛੇ ਸਾਰਾ ਇਸ਼ਾਰਾ ਖੁਦ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਕੀਤਾ ਜਾਂਦਾ ਸੀ। ਸੁਖਬੀਰ ਬਾਦਲ ਨੇ ਹੀ ਬਤੌਰ ਉਪ ਮੁੱਖ ਮੰਤਰੀ ਪਿਛਲੇ 5 ਸਾਲ ਤੋਂ ਗਮਾਡਾ ਆਪਣੇ ਕੋਲ ਰਖਿਆ ਹੋਇਆ ਸੀ, ਜਿਸ ਕਾਰਨ ਹਰ ਫਾਈਲ ਸੁਖਬੀਰ ਬਾਦਲ ਦੇ ਦਫ਼ਤਰ ਕੋਲੋਂ ਹੁੰਦੀ ਹੋਈ ਸੁਖਬੀਰ ਬਾਦਲ ਤੱਕ ਪੁੱਜਦੀ ਸੀ।

ਵਿਜੀਲੈਂਸ ਵਲੋਂ ਗਠਿਤ ਕੀਤੀ ਗਈ ਜਾਂਚ ਟੀਮ ਸੁਰਿੰਦਰਪਾਲ ਸਿੰਘ ਵੱਲੋਂ ਪਿਛਲੇ ਇੱਕ ਦਹਾਕੇ ਤੋਂ ਜਿਹੜੇ ਜਿਹੜੇ ਅਹੁਦੇ ‘ਤੇ ਕੰਮ ਕੀਤਾ ਗਿਆ ਹੈ, ਉਨਾਂ ਸਾਰੇ ਅਹੁਦਿਆਂ ‘ਤੇ ਰਹਿੰਦਿਆਂ ਸੁਰਿੰਦਰਪਾਲ ਸਿੰਘ ਵੱਲੋਂ ਲਏ ਗਏ ਹਰ ਫੈਸਲੇ ਦੀ ਜਾਂਚ ਕੀਤੀ ਜਾਵੇਗੀ ਕਿ ਸਰਕਾਰ ਨੂੰ ਵਿੱਤੀ ਨੁਕਸਾਨ ਪਹੁੰਚਾ ਕੇ ਕਿਹੜੇ ਕਿਹੜੇ ਅਧਿਕਾਰੀ ਜਾਂ ਫਿਰ ਲੀਡਰ ਦੀ ਜੇਬ ਖੁਦ ਤੋਂ ਬਾਅਦ ਸੁਰਿੰਦਰਪਾਲ ਸਿੰਘ ਨੇ ਭਰੀ ਹੈ।

ਪੰਜਾਬ ਵਿਜੀਲੈਂਸ ਨੂੰ ਸ਼ਕ ਹੈ ਕਿ ਸੁਖਬੀਰ ਬਾਦਲ ਕੋਲ ਵਿਭਾਗ ਹੋਣ ਦੇ ਕਾਰਨ ਹਰ ਫਾਈਲ ਸੁਖਬੀਰ ਬਾਦਲ ਕੋਲ ਪੁੱਜਦੀ ਸੀ, ਇਸ ਕਾਰਨ ਸੁਖਬੀਰ ਬਾਦਲ ਦੇ ਦਫ਼ਤਰ ‘ਚ ਤੈਨਾਤ ਅਧਿਕਾਰੀਆਂ ਜਾਂ ਫਿਰ ਖ਼ੁਦ ਸੁਖਬੀਰ ਬਾਦਲ ਦਾ ਵੀ ਇਸ ਵਿੱਚ ਕਿਥੇ ਨਾ ਕਿਥੇ ਰੋਲ ਨਜ਼ਰ ਆ ਸਕਦਾ ਹੈ।

ਸੁਰਿੰਦਰਪਾਲ ਦੇ ਪਰਿਵਾਰਕ ਮੈਂਬਰਾਂ ਦੇ 16 ਬੈਂਕ ਖਾਤੇ ਸੀਲ

ਪੰਜਾਬ ਵਿਜੀਲੈਂਸ ਬਿਊਰੋ ਦੀ ਸ਼ੁਰੂਆਤੀ ਜਾਂਚ ਦਰਮਿਆਨ ਸੁਰਿੰਦਰਪਾਲ ਸਿੰਘ, ਉਸ ਦੀ ਪਤਨੀ, ਉਸ ਦੀ ਮਾਤਾ ਅਤੇ ਜੀਜੇ ਸਣੇ ਕਈ ਹੋਰ ਪਰਿਵਾਰਕ ਮੈਂਬਰਾਂ ਦੇ ਨਾਂਅ ‘ਤੇ ਇਸ ਸਮੇਂ ਵੱਖ-ਵੱਖ ਬੈਂਕਾਂ ਵਿੱਚ ਕੁਲ 16 ਖਾਤੇ ਚੱਲ ਰਹੇ ਹਨ। ਜਿਨ੍ਹਾਂ ਨੂੰ ਕਿ ਵਿਜੀਲੈਂਸ ਨੇ ਸੀਲ ਕਰਨ ਲਈ ਕਹਿ ਦਿੱਤਾ ਤਾਂ ਕਿ ਇਨ੍ਹਾਂ ਰਾਹੀਂ ਹੋਏ ਹਰ ਲੈਣ-ਦੇਣ ਦੀ ਜਾਂਚ ਕਰਨ ਦੇ ਨਾਲ ਹੀ ਬੈਂਕ ਵਿੱਚ ਪਿਆ ਪੈਸਾ ਆਸੇ-ਪਾਸੇ ਨਾ ਹੋ ਸਕੇ।

ਸੁਖਬੀਰ ਬਾਦਲ ਦੀ ਨਿੱਜੀ ਰਿਹਾਇਸ਼ ਤੱਕ ਸੀ ਭਲਵਾਨ ਦੀ ਐਂਟਰੀ

ਸੁਖਬੀਰ ਬਾਦਲ ਦੇ ਬੈਡਰੂਮ ਤੋਂ ਲੈ ਕੇ ਸਵੇਰ ਦੇ ਨਾਸ਼ਤੇ ਵਾਲੀ ਟੇਬਲ ਤੱਕ ਜੇਕਰ ਕੋਈ ਜਾਣ ਦੀ ਹਿੰਮਤ ਰੱਖਦਾ ਸੀ ਤਾਂ ਉਹ ਸੁਰਿੰਦਰਪਾਲ ਸਿੰਘ ਉਰਫ਼ ਭਲਵਾਨ ਹੀ ਸੀ। ਭਲਵਾਨ ਨੂੰ ਸੁਖਬੀਰ ਬਾਦਲ ਦੀ ਨਿੱਜੀ ਰਿਹਾਇਸ਼ ‘ਤੇ ਕੋਈ ਵੀ ਰੋਕ-ਟੋਕ ਨਹੀਂ ਸੀ ਅਤੇ ਉਹ ਸਿੱਧੇ ਸੁਖਬੀਰ ਬਾਦਲ ਤੱਕ ਪੁੱਜ ਜਾਂਦਾ ਸੀ। ਕਈ ਵਾਰ ਤਾਂ ਸੁਰਿੰਪਾਲ ਸਿੰਘ ਤੋਂ ਸੀਨੀਅਰ ਅਧਿਕਾਰੀ ਸੁਖਬੀਰ ਬਾਦਲ ਉਡੀਕ ਕਰ ਰਹੇ ਹੁੰਦੇ ਸਨ ਪਰ ਸੁਰਿੰਪਾਲ ਸਿੰਘ ਬਿਨਾਂ ਉਡੀਕ ਕੀਤੇ ਸਿੱਧਾ ਸੁਖਬੀਰ ਬਾਦਲ ਕੋਲ ਚਲੇ ਜਾਂਦੇ ਸਨ ਭਾਵੇਂ ਸੁਖਬੀਰ ਬਾਦਲ ਨਾਸ਼ਤਾ ਕਰ ਰਹੇ ਹੋਣ ਜਾਂ ਫਿਰ ਰਾਤ ਦਾ ਡੀਨਰ।