ਬਠਿੰਡਾ ਨਗਰ ਸੁ. ਟਰੱਸਟ ਦੇ 10 ਅਧਿਕਾਰੀ ਮੁਅੱਤਲ

Bribe

ਮਨਮੋਹਨ ਕਾਲੀਆ ਇਨਕਲੇਵ ਮਾਮਲਾ

ਚੰਡੀਗੜ੍ਹ (ਅਸ਼ਵਨੀ ਚਾਵਲਾ) ਬਠਿੰਡਾ ਨਗਰ ਸੁਧਾਰ ਟਰੱਸਟ ਵੱਲੋਂ ਕੁਝ ਸਾਲ ਪਹਿਲਾਂ ਬਣਾਏ ਗਏ ਮਨਮੋਹਨ ਕਾਲੀਆ ਇਨਕਲੇਵ ਵਿੱਚ ਵੱਡਾ ਘਪਲਾ ਅਤੇ ਅਣਗਹਿਲੀ ਸਾਹਮਣੇ ਆਉਣ ‘ਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ 10 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ, ਜਦੋਂ ਕਿ ਇਸ ਘਪਲੇ ਵਿੱਚ ਸ਼ਾਮਲ 3 ਅਧਿਕਾਰੀ ਪਹਿਲਾਂ ਹੀ ਨੌਕਰੀ ਤੋਂ ਰਿਟਾਇਰ ਹੋ ਗਏ ਹਨ ਪਰ ਇਨ੍ਹਾਂ ਰਿਟਾਇਰ ਅਧਿਕਾਰੀਆਂ ਨੂੰ ਵੀ ਇਸ ਮਾਮਲੇ ਵਿੱਚ ਸ਼ਾਮਲ ਹੋਣ ਕਾਰਨ ਵਿਭਾਗ ਕਾਰਵਾਈ ਕਰਨ ਸਬੰਧੀ ਰਸਤਾ ਲੱਭ ਰਿਹਾ ਹੈ।

ਮਨਮੋਹਨ ਕਾਲੀਆ ਇਨਕਲੇਵ ਵਿਖੇ ਘਟੀਆ ਮਟੀਰੀਅਲ ਦੀ ਵਰਤੋਂ ਹੋਣ ਕਾਰਨ ਅਲਾਟੀਆਂ ਨੇ ਕਬਜ਼ਾ ਲੈਣ ਦੀ ਥਾਂ ‘ਤੇ ਇਸ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕੀਤੀ ਸੀ ਅਤੇ ਟਰੱਸਟ ਖ਼ਿਲਾਫ਼ ਕੌਮੀ ਉਪਭੋਗਤਾ ਫੋਰਮ ਵਿੱਚ ਕੇਸ ਤੱਕ ਕਰ ਦਿੱਤਾ ਸੀ, ਜਿਸ ‘ਤੇ ਫੋਰਮ ਨੇ ਅਲਾਟੀਆਂ ਨੂੰ ਫਲੈਟ ਨਹੀਂ ਮਿਲਣ ਤੱਕ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਲਈ ਨਗਰ ਸੁਧਾਰ ਟਰੱਸਟ ਨੂੰ ਦੇਣ ਦੇ ਆਦੇਸ਼ ਵੀ ਬੀਤੇ ਦਿਨੀਂ ਜਾਰੀ ਹੋਏ ਹਨ।

ਫੋਰਮ ਵਿੱਚ ਉਨਾਂ ਦੇ ਹੱਕ ਵਿੱਚ ਫੈਸਲਾ ਆਉਣ ਅਤੇ ਪਿਛਲੀ ਸਰਕਾਰ ਸਮੇਂ ਹੋਈ ਵਿਜੀਲੈਂਸ ਜਾਂਚ ਨੂੰ ਆਧਾਰ ਬਣਾ ਕੇ ਫਲੈਟ ਅਲਾਟੀ ਸੰਘਰਸ਼ ਕਮੇਟੀ ਨੇ ਬੀਤੇ ਦਿਨੀਂ ਹੀ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸ਼ਿਕਾਇਤ ਕੀਤੀ ਸੀ। ਜਿਸ ‘ਤੇ ਨਵਜੋਤ ਸਿੰਘ ਸਿੱਧੂ ਨੇ ਤੁਰੰਤ ਕਾਰਵਾਈ ਕਰਦੇ ਹੋਏ ਬੁੱਧਵਾਰ ਨੂੰ 13 ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਸ਼ੁਰੂਆਤੀ ਕਥਿਤ ਦੋਸ਼ੀ ਠਹਿਰਾ ਦਿੱਤਾ ਹੈ। ਇਨਾਂ 13 ਵਿੱਚੋਂ 3 ਰਿਟਾਇਰ ਹੋਣ ਦੇ ਕਾਰਨ ਸਰਕਾਰ ਵਲੋਂ 10 ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਨਵਜੋਤ ਸਿੱਧੂ ਵਲੋਂ ਲਏ ਗਏ ਇਸ ਸਖ਼ਤ ਫੈਸਲੇ ਤੋਂ ਬਾਅਦ ਨਗਰ ਸੁਧਾਰ ਟਰੱਸਟ ਵਿੱਚ ਹੜਕੰਪ ਮੱਚਿਆ ਹੋਇਆ ਹੈ ਕਿਉਂਕਿ ਇਸ ਮਾਮਲੇ ਵਿੱਚ ਹੁਣ ਅੱਗੇ ਹੋਰ ਵੀ ਜਿਆਦਾ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਸਥਾਨਕ ਸਰਕਾਰਾਂ ਵਿਭਾਗ ਵਲੋਂ ਇਨਾਂ ਫਲੈਟ ਦੇ ਨਿਰਮਾਣ ਵਿੱਚ ਘਟਿਆ ਸਮਗਰੀ ਦੀ ਵਰਤੋਂ ਕਰਨ, ਠੇਕੇਦਾਰ ਦੀ ਸਿਕਿਉਰਿਟੀ ਵਾਪਸ ਕਰਨ ਸਬੰਧੀ, ਕੰਮ ਮੁਕੰਮਲ ਹੋਣ ਸਬੰਧੀ ਸਰਟੀਫਿਕੇਟ ਜਾਰੀ ਕਰਨ ਅਤੇ ਡਿਮਾਂਡ ਸਰਵੇ ਕੀਤੇ।

ਬਿਨਾਂ ਫਲੈਟ ਦਾ ਡਰਾਅ ਕਰਨ ਦੇ ਦੋਸ਼ ਵਿੱਚ ਬਠਿੰਡਾ ਨਗਰ ਸੁਧਾਰ ਟਰੱਸਟ ਦੇ ਗੁਰਵਿੰਦਰ ਪਾਲ ਸਿੰਘ ਏ.ਟੀ.ਈ. ਅਬੋਹਰ, ਜਸਬੀਰ ਸਿੰਘ ਜੇ.ਈ. ਬਠਿੰਡਾ, ਮੁਖਿਤਆਰ ਸਿੰਘ ਇੰਜੀਨੀਅਰ ਬਠਿੰਡਾ, ਗੁਰਰਾਜ ਸਿੰਘ ਟਰੱਸਟ ਇੰਜੀਨਿਅਰ ਬਠਿੰਡਾ, ਰਾਕੇਸ਼ ਗਰਗ ਇੰਜੀਨੀਅਰ, ਗੋਰਾ ਲਾਲ ਈ.ਓ. ਬਠਿੰਡਾ, ਹਰਿੰਦਰ ਸਿੰਘ ਚਾਹਲ ਈ.ਓ. ਲੁਧਿਆਣਾ, ਕੁਲਵੰਤ ਸਿੰਘ ਜੁਆਇੰਟ ਡਾਇਰੈਕਟਰ ਲੁਧਿਆਣਾ, ਜਵਾਹਰ ਲਾਲ ਈ.ਓ. ਫਾਜਿਲਕਾ, ਬਲਜੀਤ ਸਿੰਘ ਏ.ਟੀ.ਈ. ਕਪੂਰਥਲਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਹੁਣ ਇਨਾਂ ਸਾਰੇ ਅਧਿਕਾਰੀਆਂ ਦਾ ਹੈੱਡਕੁਆਟਰ ਚੰਡੀਗੜ ਹੋਵੇਗਾ।

ਇਥੇ ਦਸਣਯੋਗ ਹੈ ਕਿ ਪਿਛਲੀ ਸਰਕਾਰ ਦੇ ਕਾਰਜਕਾਲ ਵਿੱਚ ਇਸ ਮਾਮਲੇ ਵਿੱਚ ਤਿੰਨ ਵਾਰ ਵਿਜੀਲੈਂਸ ਜਾਂਚ ਹੋ ਚੁੱਕੀ ਹੈ ਪਰ ਇਨਾਂ ਅਧਿਕਾਰੀਆਂ ਦੇ ਖ਼ਿਲਾਫ਼ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਫਲੈਟ ਦੇ ਅਲਾਟੀਆਂ ਨੇ ਰਿਫੰਡ ਲੈਣ ਲਈ ਕੇਸ ਕੀਤਾ ਹੋਇਆ ਹੈ ਅਤੇ ਇਨਾਂ 3.50 ਲੱਖ ਰੁਪਏ ਵਾਪਸ ਵੀ ਮਿਲ ਚੁੱਕੇ ਹਨ। ਫਲੈਟ ਅਲਾਟੀ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਸਿੰਗਲਾ ਨੇ ਕਿਹਾ ਕਿ ਲੰਬੇ ਸੰਘਰਸ਼ ਤੋਂ ਬਾਅਦ ਉਨਾਂ ਨੂੰ ਸਫ਼ਲਤਾ ਹਾਸਲ ਹੋਈ ਹੈ। ਜਿਸ ਲਈ ਉਹ ਨਵਜੋਤ ਸਿੰਘ ਸਿੱਧੂ ਦੇ ਸ਼ੁਕਰਗੁਜ਼ਾਰ ਹਨ।