ਪੁਲਿਸ ਨੇ ਐਨਆਰਆਈ ਸੁਰਜੀਤ ਸਿੰਘ ਦੇ ਕਾਤਲਾਂ ਨੂੰ ਕੀਤਾ ਗ੍ਰਿਫ਼ਤਾਰ

ਬਲੈਕਮੇਲ ਕਰਨ ਲਈ ਅਸ਼ਲੀਲ ਫੋਟੋਆਂ ਖਿੱਚਣ ਦੀ ਕੀਤੀ ਸੀ ਕੋਸ਼ਿਸ਼

  • ਐਨ.ਆਰ.ਆਈ. ਦੇ ਘਰ ‘ਚ ਲੱਗੇ ਸੀਸੀਟੀਵੀ ਕੈਮਰੇ ਦੋਸ਼ੀਆਂ ਨੂੰ ਫੜਾਉਣ ‘ਚ ਹੋਏ ਸਹਾਈ

ਐੱਸਏਐੱਸ ਨਗਰ, (ਕੁਲਵੰਤ ਕੋਟਲੀ)। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਨੇ 8 ਮਈ ਨੂੰ ਹੋਏ ਸੁਰਜੀਤ ਸਿੰਘ ਨਾਮੀ ਐੱਨ.ਆਰ.ਆਈ. ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕਰਨ ਦਾ ਦਾਅਵਾ ਕੀਤਾ ਹੇ ਐਨ.ਆਰ.ਆਈ. ਦੇ ਘਰ ‘ਚ ਲੱਗੇ ਸੀਸੀਟੀਵੀ ਕੈਮਰੇ ਕਤਲ ਦੇ ਦੋਸ਼ੀਆਂ ਨੂੰ ਫੜਾਉਣ ਵਿੱਚ ਬੇਹੱਦ ਸਹਾਈ ਹੋਏ ਹਨ। ਮੁਲਜ਼ਮਾਂ ਦੀ ਪਛਾਣ ਪਰਮਿੰਦਰ ਸਿੰਘ ਉਰਫ ਡੋਨ ਅਤੇ ਗੁਰਪ੍ਰੀਤ ਕੌਰ ਵਜੋਂ ਹੋਈ ਹੈ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਥਾਣਾ ਸੋਹਾਣਾ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸ.ਪੀ. (ਸਿਟੀ) ਅਰਜਨਾ ਐਵਾਰਡੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ 12 ਮਈ ਨੂੰ ਥਾਣਾ ਸੋਹਾਣਾ ਵਿਖੇ ਅਧੀਨ ਧਾਰਾ 302,  34 ਆਈ.ਪੀ. ਸੀ ਅਤੇ ਮੁਕੱਦਮਾ ਨੰਬਰ 95 ਦਰਜ ਕੀਤਾ ਗਿਆ ਸੀ। ਜਿਸ ਵਿੱਚ ਸੁਰਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਜੱਟ ਵਾਸੀ ਪਿੰਡ ਫਤਿਹਪੁਰ ਜੱਟਾਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਤੇ ਮੋਜੂਦਾ ਰਿਹਾਇਸ਼ ਕੋਠੀ ਨੰਬਰ 3217 ਸੈਕਟਰ-71 ਮੋਹਾਲੀ ਦੀ ਮ੍ਰਿਤਕ ਦੇਹ ਪਿੰਡ ਮੋਲੀ ਬੈਦਵਾਨ ਵਿੱਚ ਗੰਦੇ ਨਾਲੇ ਵਿੱਚੋਂ ਮਿਲੀ ਸੀ ਅਤੇ ਉਸ ਦੇ ਮੂੰਹ ‘ਤੇ ਕੱਪੜਾ ਬੰਨ੍ਹ ਕੇ ਬੋਰਾ ਪਾਇਆ ਹੋਇਆ ਸੀ, ਜਿਸ ਦੇ ਦੋਵੇ ਪੈਰ ਕੱਟੇ ਹੋਏ ਸਨ ਅਤੇ ਦੋਵੇਂ ਬਾਹਾਂ ਨੂੰ ਪਲਾਸਟਿਕ ਦੀ ਟਿਊਬ ਨਾਲ ਪਿੱਛੇ ਕਰਕੇ ਬਣਿਆ ਹੋਇਆ ਸੀ।

ਸ੍ਰੀ ਭੰਡਾਲ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੁੱਛਗਿਛ ਦੌਰਾਨ ਇੰਕਸਾਫ਼ ਕੀਤਾ ਕਿ ਗੁਰਪ੍ਰੀਤ ਕੌਰ ਜੋ ਦੋ ਸਾਲ ਪਹਿਲਾਂ ਐਨ.ਆਰ.ਆਈ. ਸੁਰਜੀਤ ਸਿੰਘ ਦੀ ਕੋਠੀ ਵਿੱਚ ਕਿਰਾਏ ‘ਤੇ ਰਹੀ ਅਤੇ ਉਸ ਨੇ ਸੁਰਜੀਤ ਸਿੰਘ ਨੇ 25 ਹਜ਼ਾਰ ਦੇ ਕਰੀਬ ਕਿਰਾਏ ਦੀ ਰਕਮ ਵੀ ਦੇਣੀ ਸੀ। ਦੋਵੇ ਮੁਲਜ਼ਮਾਂ ਨੇ ਸਾਜ਼ਿਸ਼ ਅਧੀਨ 8 ਮਈ ਦੀ ਸ਼ਾਮ ਨੂੰ ਐਨ.ਆਰ.ਆਈ. ਸੁਰਜੀਤ ਸਿੰਘ ਨੂੰ ਆਪਣੇ ਮਕਾਨ ਨੰਬਰ 1069 ਸੈਕਟਰ 79 ਮੋਹਾਲੀ ਵਿਖੇ ਬੁਲਾਇਆ ਅਤੇ ਉਨ੍ਹਾਂ ਨੇ ਸੁਰਜੀਤ ਸਿੰਘ ਦੀਆਂ ਬਲੈਕਮੇਲ ਕਰਨ ਲਈ ਗੁਰਪ੍ਰੀਤ ਕੌਰ ਨਾਲ ਅਸਲੀਲ ਫੋਟੋਆਂ ਖਿੱਚਣ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਇਨ੍ਹਾਂ ਦਰਮਿਆਨ ਹੱਥੋ-ਪਾਈ ਵੀ ਹੋਈ ਅਤੇ ਪਰਮਿੰਦਰ ਸਿੰਘ ਨੇ ਸੁਰਜੀਤ ਸਿੰਘ ਦੇ ਸਿਰ ‘ਤੇ ਬੇਸਬਾਲ ਨਾਲ ਸੱਟਾਂ ਮਾਰੀਆਂ ਜਿਸ ਨਾਲ ਉਸ ਦੀ ਮੌਤ ਹੋ ਗਈ ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ। ਸੋਹਾਣਾ ਥਾਣੇ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਇਹ ਪ੍ਰਗਟਾਵਾ ਕੀਤਾ। ਇਸ ਮੌਕੇ ਡੀ.ਐੱਸ.ਪੀ ਰਮਨਦੀਪ ਸਿੰਘ ਅਤੇ ਪੁਲਿਸ ਦੇ ਹੋਰ ਅਧਿਕਾਰੀ ਵੀ ਮੌਜ਼ੂਦ ਸਨ।