ਪਟਿਆਲਾ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਦੋ ਜਣੇ ਗ੍ਰਿਫ਼ਤਾਰ

Patiala Police, Solve Murder Case, Two Arrested

ਪੈਸਿਆਂ ਦੇ ਲਾਲਚ ‘ਚ ਰੱਸੀ ਨਾਲ ਗਲਾ ਘੁੱਟ ਕੇ ਕੀਤਾ ਸੀ ਲੜਕੀ ਦਾ ਕਤਲ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਪਟਿਆਲਾ ਪੁਲਿਸ ਨੇ ਇੱਕ ਲੜਕੀ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਇਸ ਕਤਲ ਦੇ ਮਾਮਲੇ ‘ਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਤਲ 1 ਲੱਖ 80 ਹਜ਼ਾਰ ਰੁਪਏ ਦੇ ਲਾਲਚ ‘ਚ ਆ ਕੇ ਦੋ ਜਣਿਆਂ ਨੇ ਕੀਤਾ ਸੀ ਤੇ ਇਨ੍ਹਾਂ ਵਿੱਚੋਂ ਇੱਕ ਲੜਕਾ ਲੜਕੀ ਨੂੰ ਪਹਿਲਾਂ ਹੀ ਜਾਣਦਾ ਸੀ, ਜਿਸ ਨਾਲ ਮ੍ਰਿਤਕ ਲੜਕੀ ਵਿਆਹ ਕਰਨਾ ਚਾਹੁੰਦੀ ਸੀ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਉਪ ਕਪਤਾਨ ਸਿਟੀ-2 ਦਲਬੀਰ ਸਿੰਘ ਗਰੇਵਾਲ ਨੇ ਥਾਣਾ ਅਨਾਜ ਮੰਡੀ ਵਿਖੇ ਦੱਸਿਆ ਕਿ 1 ਅਗਸਤ ਨੂੰ ਪ੍ਰਹਿਲਾਦ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਸੁਖਰਾਮ ਕਲੋਨੀ ਨੇ ਥਾਣਾ ਅਨਾਜ ਮੰਡੀ ਵਿਖੇ ਆਪਣੀ ਲੜਕੀ ਸਿਮਰਨਜੀਤ ਕੌਰ ਦੀ ਗੁੰਮਸ਼ੁਦਗੀ ਤੇ ਘਰੋਂ ਜਾਣ ਸਬੰਧੀ ਇਤਲਾਹ ਦਿੱਤੀ ਸੀ ਤੇ ਦੱਸਿਆ ਕਿ ਲੜਕੀ ਨੇ ਜਾਣ ਤੋਂ ਪਹਿਲਾਂ ਆਪਣੇ ਪਿਤਾ ਤੋਂ ਇੱਕ ਚੈੱਕ ਹਾਸਲ ਕਰਕੇ ਉਸਦੇ ਖਾਤੇ ‘ਚੋਂ 1,80,000 ਰੁਪਏ ਕਢਵਾ ਲਏ।

ਉਨ੍ਹਾਂ ਦੱਸਿਆ ਕਿ ਥਾਣਾ ਅਨਾਜ ਮੰਡੀ ਦੇ ਐੱਸਐੱਚਓ ਐੱਸਆਈ ਗੁਰਨਾਮ ਸਿੰਘ ਤੇ ਟੀਮ ਵੱਲੋਂ ਕੀਤੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਲੜਕੀ ਸੰਦੀਪ ਸਿੰਘ ਨੂੰ ਓਮੈਕਸ ਮਾਲ ਵਿਖੇ ਇੱਕ ਸ਼ੋਰੂਮ ਵਿਖੇ ਨੌਕਰੀ ਕਰਨ ਸਮੇਂ ਤੋਂ ਜਾਣਦੀ ਸੀ ਤੇ ਦੋਵਾਂ ਦੀ ਦੋਸਤੀ ਵਿਆਹ ਕਰਵਾਉਣ ਤੱਕ ਵਧ ਗਈ ਸੀ। ਲੜਕੀ ਸੰਦੀਪ ਸਿੰਘ ਨਾਲ ਵਿਆਹ ਕਰਵਾਉਣਾ ਚਾਹੁੰਦੀ ਪਰ ਉਹ ਤਿਆਰ ਨਹੀਂ ਸੀ। ਉਨ੍ਹਾਂ ਦੱਸਿਆ ਕਿ ਇਸ ਮੁਕੱਦਮੇ ਦਾ ਦੂਸਰਾ ਮੁਲਜ਼ਮ ਰਿੰਕੂ ਜੋ ਕਿ ਸੰਦੀਪ ਸਿੰਘ ਦਾ ਦੋਸਤ ਹੈ, ਇਹ ਦੋਵੇਂ 22 ਨੰਬਰ ਫਾਟਕ ਨੇੜੇ ਇੱਕ ਸ਼ੋਰੂਮ ਵਿੱਚ ਨੌਕਰੀ ਕਰ ਰਹੇ ਸਨ। ਪੈਸਿਆਂ ਦੇ ਲਾਲਚ ਵਿਚ ਸੰਦੀਪ ਸਿੰਘ ਵਾਸੀ ਗੁਰੂ ਨਾਨਕ ਨਗਰ ਤੇ ਰਿੰਕੂ ਵਾਸੀ ਜਹਾਂਗੀਰ ਪੁਰੀ ਨਵੀਂ ਦਿੱਲੀ ਹਾਲ ਅਬਾਦ ਬਾਬੂ ਸਿੰਘ ਕਲੋਨੀ ਪਟਿਆਲਾ ਨੇ 20 ਜੁਲਾਈ ਨੂੰ ਸਿਮਰਨਜੀਤ ਕੌਰ ਦਾ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ।  ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਮੁਢਲੀ ਤਫ਼ਤੀਸ਼ ‘ਚ ਮੰਨਿਆ ਕਿ ਮਿਤੀ 17 ਜੁਲਾਈ ਨੂੰ ਸੰਦੀਪ ਸਿੰਘ ਦੇ ਕਹਿਣ ‘ਤੇ ਰਿੰਕੂ ਸਿਮਰਨਜੀਤ ਕੌਰ ਨੂੰ ਆਪਣੇ ਨਾਲ ਲੈ ਕੇ ਦਿੱਲੀ ਗਿਆ ਸੀ ਅਤੇ ਦਿੱਲੀ ਵਿਖੇ ਆਪਣੇ ਦੋਸਤ ਕੋਲ ਕੰਮ ‘ਤੇ ਲਾਉਣ ਲਈ ਉੱਥੇ ਛੱਡ ਕੇ ਆਪ ਵਾਪਸ ਪਟਿਆਲਾ ਆ ਗਿਆ ਸੀ।

20 ਜੁਲਾਈ ਨੂੰ ਸਿਮਰਨਜੀਤ ਕੌਰ ਵਾਪਸ ਪਟਿਆਲਾ ਆ ਗਈ ਸੀ ਪਰ ਸੰਦੀਪ ਸਿੰਘ ਨੂੰ ਇਸ ਗੱਲ ਦਾ ਪਤਾ ਸੀ ਕਿ ਉਸ ਕੋਲ 180000 ਰੁਪਏ ਹਨ ਅਤੇ ਉਸਨੇ ਇਹ ਰਕਮ ਹਾਸਲ ਕਰਨ ਦੇ ਲਾਲਚ ‘ਚ ਆ ਕੇ ਆਪਣੇ ਦੋਸਤ ਰਿੰਕੂ ਨਾਲ ਮਿਲਕੇ 20 ਜੁਲਾਈ ਦੀ ਰਾਤ ਨੂੰ ਸਿਮਰਨਜੀਤ ਕੌਰ ਨੂੰ ਪਿੰਡ ਵੱਡੀ ਰੌਣੀ ਦੀ ਹੱਡਾ-ਰੋੜੀ ਵਿਖੇ ਲਿਜਾ ਕੇ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ ਲਾਸ਼ ਹੱਡਾ-ਰੋੜੀ ਵਿੱਚ ਹੀ ਸੁੱਟ ਦਿੱਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਮ੍ਰਿਤਕ ਤੋਂ ਲਏ 180000 ਰੁਪਏ ਤੇ ਹੋਰ ਸਮਾਨ ਆਦਿ ਬਰਾਮਦ ਕਰਵਾਇਆ ਜਾਵੇਗਾ। ਇਸ ਮੌਕੇ ਥਾਣਾ ਅਨਾਜ ਮੰਡੀ ਦੇ ਐੱਸਐੱਚਓ ਐੱਸ. ਆਈ. ਗੁਰਨਾਮ ਸਿੰਘ ਹੋਰ ਪੁਲਿਸ ਅਧਿਕਾਰੀ ਮੌਜ਼ੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।