…ਤੇ ਦੋ ਦਿਨਾਂ ‘ਚ ਉੱਜੜ ਗਿਆ ਹਸਦਾ-ਵਸਦਾ ਪਰਿਵਾਰ

ਰਜਤਵੀਰ ਦੇ ਪਰਿਵਾਰਕ ਮੈਂਬਰਾਂ ਦਾ ਦਰਦ

  • ਪਰਿਵਾਰ ਦਾ ਪਹਿਲਾਂ ਕੋਈ ਨਹੀਂ ਸੀ ਅਪਰਾਧਿਕ ਰਿਕਾਰਡ

ਪਟਿਆਲਾ, (ਖੁਸ਼ਵੀਰ ਸਿੰਘ ਤੂਰ) ‘ਦੋ ਦਿਨਾਂ ਵਿੱਚ ਸਾਡਾ ਹੱਸਦਾ ਵੱਸਦਾ ਪਰਿਵਾਰ ਉਜੜ ਗਿਆ, ਪਹਿਲਾਂ ਮੇਰੇ ਭਰਾ ਨੇ ਖੁਦਕੁਸ਼ੀ ਕਰ ਲਈ ਤੇ ਅੱਜ ਮੈਂ ਆਪਣੀ ਮਾਂ ਦੇ ਸਾਏ ਤੋਂ ਵਿਰਵੀ ਹੋ ਗਈ।’ ਇਹ ਕਹਿਣਾ ਹੈ ਖੁਦਕੁਸ਼ੀ ਕਰ ਚੁੱਕੇ ਇੰਜ: ਰਜਤਵੀਰ ਸਿੰਘ ਸੋਢੀ ਦੀ ਭੈਣ ਅਨਮੋਲ ਕੌਰ ਦਾ। ਆਪਣੀ ਮਾਂ ਕਿਰਨਜੀਤ ਕੌਰ ਦਾ ਸਸਕਾਰ ਕਰਨ ਤੋਂ ਬਾਅਦ ਅਨਮੋਲ ਕੌਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ।

ਉਸ ਨੇ ਦੱਸਿਆ ਕਿ 30 ਅਪਰੈਲ ਨੂੰ ਉਸਦੇ ਪਿਤਾ ਮਾਰਕਿਟ ਕਮੇਟੀ ‘ਚੋਂ ਰਿਟਾਇਰ ਹੋਏ ਤੇ ਉਦੋਂ ਸਾਡੇ ਘਰ ਵਿੱਚ ਖੁਸ਼ੀਆਂ ਦਾ ਮਹੌਲ ਸੀ ਜਦਕਿ ਇੱਕ ਮਹੀਨੇ ਬਾਅਦ ਹੀ 30 ਮਈ ਨੂੰ ਉਨ੍ਹਾਂ ਦਾ ਘਰ ਬਰਬਾਦ ਹੋ ਗਿਆ। ਪੀਐੱਚਡੀ ਕਰ ਰਹੀ ਅਨਮੋਲ ਕੌਰ ਹੁਣ ਇਕੱਲੀ ਹੀ ਆਪਣੇ ਘਰ ਰਹਿ ਗਈ ਹੈ ਉਸਦਾ ਪਿਤਾ ਪਹਿਲਾਂ ਹੀ ਬੰਬ ਮਾਮਲੇ ‘ਚ ਪੁਲਿਸ ਹਿਰਾਸਤ ਵਿੱਚ ਹੈ। ਇਸ ਮੌਕੇ ਹਰਪ੍ਰੀਤ ਸਿੰਘ ਦੇ ਰਿਸ਼ਤੇਦਾਰ ਜਤਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ‘ਤੇ ਪਹਿਲਾਂ ਕੋਈ ਅਪਰਾਧਿਕ ਮਾਮਲਾ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਹਰਪ੍ਰੀਤ ਤਾਂ ਆਪਣੇ ਪੁੱਤਰ ਦਾ ਪਿਛਲੇ 10 ਕੁ ਦਿਨਾਂ ਤੋਂ ਪਿੱਛਾ ਕਰ ਰਿਹਾ ਸੀ ਕਿ ਉਹ ਰਾਤ ਨੂੰ ਉੱਠ ਕੇ ਬਾਹਰ ਜਾਂਦਾ ਹੈ, ਕਿੱਥੇ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਸ ਰਾਤ ਉਹ ਆਪਣੇ ਪੁੱਤਰ ਦੇ ਪਿੱਛੇ ਗਿਆ ਸੀ ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਰਜਤਵੀਰ ਦੀ ਇੱਕ ਲੜਕੀ ਨਾਲ ਦੋਸਤੀ ਸੀ ਜਿਸ ਦਾ ਲੜਕੀ ਦੇ ਪਰਿਵਾਰ ਨੂੰ ਪਤਾ ਲੱਗ ਗਿਆ ਲੜਕੀ ਦੇ ਪਰਿਵਾਰ ਵੱਲੋਂ ਰਜਤਵੀਰ ਦੀ ਕੁੱਟ ਮਾਰ ਕੀਤੀ ਗਈ ਸੀ ਜਿਸ ਦਾ ਸਮਝੌਤਾ ਭਵਾਨੀਗੜ੍ਹ ਥਾਣੇ ਵਿੱਚ 22 ਫਰਵਰੀ ਨੂੰ ਹੋਇਆ ਸੀ।

ਇਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਖੇ ਵੀ ਦਾਖਲ ਰੱÎਖਿਆ ਗਿਆ ਜਿਸ ਕਾਰਨ ਉਹ ਪ੍ਰੇਸ਼ਾਨ ਸੀ। ਉਨ੍ਹਾਂ ਦੇ ਪਰਿਵਾਰ ਨੂੰ ਬੰਬ ਬਣਾਉਣ ਬਾਰੇ ਕੋਈ ਭਿਣਕ ਨਹੀਂ ਸੀ। ਇਸ ਮੌਕੇ ਹਰਪ੍ਰੀਤ ਸਿੰਘ ਦੇ ਨਾਲ ਕੰਮ ਕਰਦੇ ਰਹੇ ਮੁਲਾਜ਼ਮਾਂ ਭੋਲਾ ਸਿੰਘ, ਸੁਖਰਾਜ ਸਿੰਘ ਨੇ ਦੱਸਿਆ ਕਿ ਉਸ ਨੇ ਮੰਡੀ ਬੋਰਡ ਮਹਿਕਮੇ ਵਿੱਚ ਇਮਾਨਦਾਰੀ ਨਾਲ ਨੌਕਰੀ ਕੀਤੀ ਹੈ ਅਤੇ ਉਸ ਉਪਰ ਇੱਕ ਪੈਸੇ ਦਾ ਵੀ ਦਾਗ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਪਰਿਵਾਰ ਇੰਨੇ ਵੱਡੇ ਮਸਲੇ ਬਾਰੇ ਸੋਚ ਵੀ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੁਲਿਸ ਇਸ ਮਾਮਲੇ ਦੀ ਇਮਾਨਦਾਰੀ ਨਾਲ ਜਾਂਚ ਕਰੇ ਤਾਂ ਕਿ ਅਸਲ ਸੱਚਾਈ ਸਾਹਮਣੇ ਆ ਸਕੇ।

ਪੁਲਿਸ ਜਾਂਚ ‘ਚ ਉਲਝੀ

ਇੱਧਰ ਇਸ ਮਾਮਲੇ ‘ਤੇ ਪੁਲਿਸ ਵੱਲੋਂ ਅਜੇ ਜਾਂਚ ਜਾਰੀ ਹੋਣ ਦੀ ਗੱਲ ਕਹਿ ਕੇ ਕਿਸੇ ਪ੍ਰਕਾਰ ਦੀ ਜਾਣਕਾਰੀ ਦੇਣ ਤੋਂ ਪਾਸਾ ਵੱਟਿਆ ਜਾ ਰਿਹਾ ਹੈ। ਬੰਬ ਕਿਸ ਮਕਸਦ ਲਈ ਬਣਾਏ ਜਾ ਰਹੇ ਹਨ, ਇਨ੍ਹਾਂ ਸਾਰੇ ਸੁਆਲਾਂ ਦੇ ਉੱਤਰ ਦੇਣ ਲਈ ਕਿਸੇ ਵੀ ਅਧਿਕਾਰੀ ਵੱਲੋਂ ਮੂੰਹ ਨਹੀਂ ਖੋਲ੍ਹਿਆ ਜਾ ਰਿਹਾ। ਪਿਛਲੇ ਦੋ ਦਿਨਾਂ ਤੋਂ ਪੱਤਰਕਾਰਾਂ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਵੱਲੋਂ ਜਾਂਚ ਹੋਣ ਦੀ ਗੱਲ ਹੀ ਕਹੀ ਜਾ ਰਹੀ ਹੈ।