ਤੀਹ ਮੈਡੀਕਲ ਸਟੋਰਾਂ ਦੇ ਲਾਈਸੈਂਸ ਕੀਤੇ ਰੱਦ

ਫਿਰੋਜ਼ਪੁਰ, (ਸਤਪਾਲ ਥਿੰਦ) । ਮੈਡੀਕਲ ਨਸ਼ੇ ‘ਤੇ ਰੋਕ (Licensed) ਲਗਾਉਣ ਲਈ ਸਿਹਤ ਵਿਭਾਗ ਅਤੇ ਪੁਲਿਸ ਵੱਲੋਂ ਇੱਕ ਸਾਂਝਾ ਅਭਿਆਨ ਚਲਾ ਕੇ ਵੱਖ-ਵੱਖ ਮੈਡੀਕਲ ਸਟੋਰਾਂ ਦੀ ਜਾਂਚ ਪੜਤਾਲ ਕੀਤੀ ਗਈ। ਇਸ ਮੌਕੇ ਸਿਹਤ ਵਿਭਾਗ ਵੱਲੋਂ ਮਰੀਜ਼ਾਂ ਨੂੰ ਬਿਨਾਂ ਬਿੱਲ ਤੋਂ ਦਵਾਈਆਂ ਦੇਣ ਅਤੇ ਨਸ਼ੀਲੀਆਂ ਗੋਲੀਆਂ ਰੱਖਣ ਦੇ ਦੋਸ਼ ‘ਚ ਤੀਹ ਮੈਡੀਕਲ ਸਟੋਰਾਂ ਦੇ ਲਾਇਸੈਂਸ ਰੱਦ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਰੱਗ ਇੰਸਪੈਕਟਰ ਰਵੀ ਗੁਪਤਾ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਪੁਲਿਸ ਨਾਲ ਮਿਲ ਕੇ ਨਸ਼ੀਲੀਆਂ ਗੋਲੀਆਂ ਰੱਖਣ ਵਾਲੇ 15 ਮੈਡੀਕਲ ਦੁਕਾਨਦਾਰਾਂ ਖਿਲਾਫ਼ ਕਾਰਵਾਈ ਕਰਦਿਆਂ ਉਹਨਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ।

ਇਸ ਦੇ ਨਾਲ ਹੀ ਮਹਿੰਗੀਆਂ ਅਤੇ ਬਿਨਾਂ ਬਿੱਲ ਤੋਂ ਦਵਾਈਆਂ ਦੇਣ ਵਾਲੇ ਦੁਕਾਨਦਾਰਾ ‘ਤੇ ਵੀ ਕਾਰਵਾਈ ਕਰਦਿਆਂ ਉਹਨਾਂ ਦੇ ਵੀ ਲਾਇਸੈਂਸ ਰੱਦ ਕੀਤੇ ਗਏ । ਉਹਨਾਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ 450 ਦੇ ਕਰੀਬ ਮੈਡੀਕਲ ਸਟੋਰ ਹਨ ਜਿਹਨਾਂ ਨੂੰ ਨਿਰਦੇਸ਼ ਦਿੱਤੇ ਕੀ ਉਹ ਦਵਾਈ ਦੇ ਨਾਲ ਮਰੀਜ਼ਾਂ ਨੂੰ ਬਿੱਲ ਜ਼ਰੂਰੀ ਦੇਣ। ਉਹਨਾਂ ਕਿਹਾ ਕਿ ਵਿਭਾਗ ਵੱਲੋਂ ਹਰ ਮੈਡੀਕਲ ਸਟੋਰ ਦੇ ਸਟਾਕ ਦੀ ਜਾਂਚ ਕੀਤੀ ਜਾ ਰਹੀ ਹੈ ਜੇਕਰ ਕੋਈ ਬਿਨਾਂ ਬਿੱਲ ਦਵਾਈ ਵੇਚਦਾ ਕਾਬੂ ਕੀਤਾ ਗਿਆ ਤਾਂ ਉਸ ਖਿਲਾਫ਼ ਸ਼ਖ਼ਤ ਕਾਰਵਾਈ ਕੀਤੀ ਜਾਵੇਗੀ।