ਜਾਖੜ ਨੇ ਨਕਾਰੇ ਬਦਲਾਖੋਰੀ ਦੇ ਦੋਸ਼

SYL Issue

ਅਸਰਦਾਇਕ ਰਾਜ ਪ੍ਰਬੰਧ ਨੂੰ ਮੁੱਖ ਤਰਜੀਹ ਦੱਸਿਆ

  • ਸਤਲੁਜ-ਯਮੁਨਾ ਲਿੰਕ ਨਹਿਰ ਦਾ ਮਸਲਾ ਸਰਵਸੰਮਤੀ ਨਾਲ ਹੱਲ ਹੋਣ ਦੀ ਉਮੀਦ ਜ਼ਾਹਰ ਕੀਤੀ
  • ਪੰਜਾਬ ਕਾਂਗਰਸ ਪ੍ਰਧਾਨ ਨੇ ਅਹੁਦਾ ਸੰਭਾਲਿਆ

ਚੰਡੀਗੜ੍ਹ, (ਸੱਚ ਕਹੂੰ ਨਿਊਜ਼) । ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਵਰਕਰਾਂ ਵੱਲੋਂ ਅਕਾਲੀਆਂ ਖਿਲਾਫ਼ ਕਿਸੇ ਵੀ ਤਰ੍ਹਾਂ ਦੀ ਬਦਲਾਖੋਰੀ ਵਾਲੀ ਸਿਆਸਤ ਕਰਨ ਤੋਂ ਇਨਕਾਰ ਕਰਦਿਆਂ ਦੋਵਾਂ ਪਾਰਟੀਆਂ ਦੇ ਵਰਕਰਾਂ ਦਰਮਿਆਨ ਹਾਲ ਹੀ ਵਿੱਚ ਹੋਈਆਂ ਝੜਪਾਂ ਨੂੰ ਗੈਰ-ਸਿਆਸੀ ਦੱਸਦਿਆਂ ਇਨ੍ਹਾਂ ਘਟਨਾਵਾਂ ਪਿੱਛੇ ਸਿਆਸੀ ਬਦਲਾਖੋਰੀ ਨੂੰ ਰੱਦ ਕਰ ਦਿੱਤਾ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੌਰਾਨ ਸ੍ਰੀ ਜਾਖੜ ਨੇ ਆਖਿਆ ਕਿ ਕਾਂਗਰਸੀ ਵਰਕਰ ਕਦੇ ਵੀ ਬਦਲਾਖੋਰੀ ਵਾਲੀ ਸਿਆਸਤ ਨਹੀਂ ਕਰਨਗੇ, ਜਿਸ ਬਾਰੇ ਮੁੱਖ ਮੰਤਰੀ ਵੱਲੋਂ ਵੀ ਵਾਰ-ਵਾਰ ਸਪਸ਼ਟ ਕੀਤਾ ਗਿਆ ਹੈ। ਇੱਕ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਜਾਖੜ ਨੇ  ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਨੂੰ ਯਕੀਨੀ ਬਣਾਉਣ ਲਈ ਆਪਣੀ ਸਭ ਤੋਂ ਵੱਡੀ ਚੁਣੌਤੀ ਦੱਸਿਆ ਜਿਸ ਵਾਸਤੇ ਮੁੱਖ ਮੰਤਰੀ ਨੇ ਸਰਕਾਰ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।

ਸਤਲੁਜ ਯਮੁਨਾ ਲਿੰਕ ਵਿਵਾਦ ‘ਤੇ ਸ੍ਰੀ ਜਾਖੜ ਨੇ ਆਖਿਆ ਕਿ ਇਸ ਮਸਲੇ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਅਤੇ ਇਸ ਮਾਮਲੇ ਵਿੱਚ ਦਖਲ ਦੇਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ। ਸ੍ਰੀ ਜਾਖੜ ਨੇ ਆਖਿਆ ਕਿ ਉਨਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਮਸਲੇ ‘ਤੇ ਸਰਬ ਪਾਰਟੀ ਵਫਦ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਅਪੀਲ ਕੀਤੀ ਸੀ ਪਰ ਉਨਾਂ ਦੀ ਇਸ ਅਪੀਲ ਨੂੰ ਰੱਦ ਕਰ ਦਿੱਤਾ ਗਿਆ। ਉਨਾਂ ਨੂੰ ਆਸਵੰਦ ਹੁੰਦੇ ਹੋਏ ਆਖਿਆ ਕਿ ਇਸ ਮਸਲੇ ਨੂੰ ਸਰਬਸੰਮਤੀ ਨਾਲ ਹੱਲ ਕਰ ਲਿਆ ਜਾਵੇਗਾ ਜਿਸ ਲਈ ਪ੍ਰਧਾਨ ਮੰਤਰੀ ਵੱਲੋਂ ਪਹਿਲਾਂ ਹੀ ਕਦਮ ਚੁੱਕੇ ਗਏ ਹਨ।

ਸਫਾਈ ਸਬੰਧੀ ਸਾਲ 2017 ਦੇ ਸਰਵੇਖਣ ਵਿੱਚ ਅਬੋਹਰ ਹਲਕੇ ਨੂੰ ਸਫਾਈ ਦੀ ਘਾਟ ਦੀ ਰੈਂਕਿੰਗ ਵਿੱਚ ਸ਼ਾਮਲ ਕੀਤੇ ਜਾਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਦੇ ਸ਼ਹਿਰਾਂ ਨੂੰ ਵੱਸਣਜੋਗੇ ਬਣਾਉਣ ਲਈ ਇੱਕ ਵਿਆਪਕ ਨੀਤੀ ਤਿਆਰ ਕੀਤੀ ਜਾਵੇਗੀ ਅਤੇ ਉਨਾਂ ਦੀ ਤਰਜੀਹ ਸੂਬਾ ਭਰ ਵਿੱਚ ਮੁਢਲੀਆਂ ਸਹੂਲਤਾਂ ਦੇਣ ਨੂੰ ਯਕੀਨੀ ਬਣਾਉਣਾ ਹੈ।

ਸੂਬੇ ਵਿੱਚ ਰੇਤਾ ਦੀ ਘਾਟ ਬਾਰੇ ਪੁੱਛੇ ਸਵਾਲੇ ਦੇ ਜਵਾਬ ਵਿੱਚ ਸ੍ਰੀ ਜਾਖੜ ਨੇ ਆਖਿਆ ਕਿ ਨਵੀਂ ਖਣਨ ਨੀਤੀ ਦੇ ਲਾਗੂ ਹੋਣ ਦੇ ਨਾਲ ਲੋਕਾਂ ਨੂੰ ਵਾਜਿਬ ਕੀਮਤਾਂ ‘ਤੇ ਰੇਤਾ ਮਿਲਣੀ ਸ਼ੁਰੂ ਹੋ ਜਾਵੇਗੀ। ਸੂਬੇ ਦੇ ਖੇਤੀ ਸੰਕਟ ਬਾਰੇ ਸ੍ਰੀ ਜਾਖੜ ਨੇ ਆਖਿਆ ਕਿ ਅਨਾਜ ਘੁਟਾਲੇ ਵਿੱਚ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਆਖਿਆ ਕਿ ਅਕਾਲੀ ਲੀਡਰਾਂ ਦੇ ਸੰਗਤ ਦਰਸ਼ਨਾਂ ਵਿੱਚ ਲੋਕਾਂ ਦੀ ਮਾਮੂਲੀ ਹਾਜ਼ਰੀ ਹੀ ਅਕਾਲੀਆਂ ਦੀ ਨਾਕਾਮੀ ਨੂੰ ਸਿੱਧ ਕਰਦੀ ਸੀ। ਸ੍ਰੀ ਜਾਖੜ ਨੇ ਆਖਿਆ ਕਿ ਉਹ ਖੁਦ ਸਿੱਧੇ ਤੌਰ ‘ਤੇ ਪਾਰਟੀ ਵਰਕਰਾਂ ਕੋਲ ਜਾਣਗੇ ਅਤੇ ਜਿੱਥੇ ਉਹ ਸਰਕਾਰ ਤੇ ਲੋਕਾਂ ਨਾਲ ਹੋਰ ਵਿਆਪਕ ਰਿਸ਼ਤੇ ਕਾਇਮ ਕਰਨ ਪ੍ਰਤੀ ਅਗਵਾਈ ਕਰਨਗੇ।