ਜਾਅਲੀ ਕਰੰਸੀ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼

ਪੰਜ ਵਿਅਕਤੀ 84,500 ਰੁਪਏ ਦੀ ਜਾਅਲੀ ਕਰੰਸੀ ਸਮੇਤ ਕਾਬੂ

  • ਮੁਲਜ਼ਮਾਂ ਤੋਂ ਨੋਟ ਬਣਾਉਣ ਵਾਲਾ ਪ੍ਰਿੰਟਰ, ਇੱਕ ਮੋਟਰਸਾਈਕਲ ਤੇ ਇੱਕ ਸਕੂਟਰੀ ਬਰਾਮਦ

ਪਾਤੜਾਂ, (ਭੂਸ਼ਨ ਸਿੰਗਲਾ) ਪਟਿਆਲਾ ਪੁਲਿਸ ਨੇ ਪੰਜ ਵਿਅਕਤੀਆਂ ਨੂੰ 84,500 ਦੀ ਜਾਅਲੀ ਕਰੰਸੀ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ. ਐਸ. ਭੂਪਤੀ ਨੇ ਦੱਸਿਆ ਕਿ ਐਸ.ਆਈ. ਲਖਵਿੰਦਰ ਸਿੰਘ ਇੰਚਾਰਜ ਚੌਂਕੀ ਸਿਟੀ ਪਾਤੜਾਂ ਪੁਲਿਸ ਪਾਰਟੀ ਸਮੇਤ ਸ਼ਹਿਰ ਅੰਦਰ ਗਸ਼ਤ ਕਰ ਰਹੇ ਸਨ ਤਾਂ ਗੁਪਤ ਇਤਲਾਹ ਮਿਲੀ ਕਿ ਅਮਨ ਉਰਫ ਜੋਨੀ ਵਾਸੀ ਸੰਗਰੂਰ, ਗੁਰਲਾਲ ਸਿੰਘ ਵਾਸੀ ਅਤਾਲਾ ਤੇ ਲਖਵੀਰ ਸਿੰਘ ਉਰਫ ਲੱਖੀ  ਵਾਸੀ ਨਿਆਲ, ਪਾਤੜਾਂ ਬਜ਼ਾਰ ਵਿੱਚ ਜਾਅਲੀ ਕਰੰਸੀ ਨੂੰ ਅਸਲ ਕਰੰਸੀ ਵਜਂੋ ਵਰਤ ਕੇ ਸਮਾਨ ਖਰੀਦ ਰਹੇ ਸੀ, ਜਿਨ੍ਹਾਂ ਬਾਰੇ ਦੁਕਾਨਦਾਰਾਂ ਨੂੰ ਪਤਾ ਲੱਗਣ ‘ਤੇ ਉਹ ਆਪਣੇ ਮੋਟਰਸਾਈਕਲ ‘ਤੇ ਫਰਾਰ ਹੋ ਗਏ ਹਨ।

ਇਸ ‘ਤੇ ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਨੇ ਉਨ੍ਹਾਂ ਨੂੰ ਸ਼ੇਰੇ ਪੰਜਾਬ ਢਾਬਾ ਘੱਗਾ ਤੋਂ ਸਮੇਤ ਮੋਟਰਸਾਈਕਲ ਗ੍ਰਿਫਤਾਰ ਕਰਕੇ ਮੁਲਜ਼ਮ ਅਮਨ ਉਰਫ ਜੋਨੀ ਪਾਸਂੋ 500 ਰੁਪਏ ਦੀ ਜਾਅਲੀ ਕਰੰਸੀ ਦੇ 50 ਨੋਟ ਕੁੱਲ 25000 ਹਜਾਰ ਰੁਪਏ, ਗੁਰਲਾਲ ਸਿੰਘ ਪਾਸੋਂ 500 ਰੁਪਏ ਦੀ ਜਾਅਲੀ ਕਰੰਸੀ ਦੇ 20 ਨੋਟ ਕੁੱਲ 10000 ਹਜ਼ਾਰ ਰੁਪਏ , ਲਖਵੀਰ ਸਿੰਘ ਉਰਫ ਲੱਖੀ ਪਾਸੋਂ 500 ਰੁਪਏ ਦੀ ਜਾਅਲੀ ਕਰੰਸੀ ਦੇ 10 ਨੋਟ ਕੁੱਲ 5000 ਹਜ਼ਾਰ ਰੁਪਏ ਬਰਾਮਦ ਕੀਤੇ ।

ਉਕਤ ਮੁਲਜ਼ਮਾਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ ਗਿਰੋਹ ਦੇ ਸਰਗਨਾ ਜਸਵੀਰ ਸਿੰਘ ਉਰਫ ਜੱਸੀ ਵਾਸੀ ਹਰੀਪੁਰਾ ਬਸਤੀ ਭਵਾਨੀਗੜ੍ਹ ਜਿਸ ‘ਤੇ ਪਹਿਲਾਂ ਵੀ ਜਾਅਲੀ ਕਰੰਸੀ ਦਾ ਮੁਕੱਦਮਾ ਦਰਜ ਹੈ, ਪਾਸੋਂ ਜਾਅਲੀ ਕਰੰਸੀ ਤਿਆਰ ਕਰਨ ਵਾਲਾ ਪ੍ਰਿੰਟਰ ਸਮੇਤ ਸਮਾਨ ਸਮੇਤ 500 ਰੁਪਏ ਦੀ ਜਾਅਲੀ ਕਰੰਸੀ ਦੇ 49 ਨੋਟ ਕੱਲ 24,500  ਰੁਪਏ ਅਤੇ ਇਸ ਦੇ ਸਾਥੀ ਜੈ ਦੇਵ ਉਰਫ ਜੱਜੀ ਵਾਸੀ ਸਰਦਾਰ ਕਲੋਨੀ ਸੰਗਰੂਰ ਜਿਸ ‘ਤੇ ਪਹਿਲਾਂ ਵੀ ਜਾਅਲੀ ਕਰੰਸੀ ਦਾ ਮੁਕੱਦਮਾ ਦਰਜ ਹੈ ਪਾਸੋਂ 500 ਰੁਪਏ ਦੀ ਜਾਅਲੀ ਕਰੰਸੀ ਦੇ 40 ਨੋਟ ਕੁੱਲ 20,000 ਹਜ਼ਾਰ ਰੁਪਏ ਤੇ ਸਕੂਟਰੀ ਜੂਪੀਟਰ ਬਰਾਮਦ ਕੀਤੀ ਗਈ।

ਇਸ ਤਰ੍ਹਾਂ ਇਨ੍ਹਾਂ ਤੋਂ  ਕੁੱਲ 84,500 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਜਾਅਲੀ ਕਰੰਸੀ ਜਸਵੀਰ ਸਿੰਘ ਉਰਫ ਜੱਸੀ ਆਪਣੇ ਕੰਪਿਊਟਰ ਪ੍ਰਿੰਟਰ ਰਾਹੀਂ ਤਿਆਰ ਕਰਕੇ ਬਾਕੀ ਦੋਸ਼ੀਆਂ ਨੂੰ ਸਪਲਾਈ ਕਰਦਾ ਸੀ, ਜਿਹਨਾਂ ਪਾਸੋਂ ਹੋਰ ਪੁੱਛਗਿੱਛ ਜਾਰੀ ਹੈ।