ਚੰਡੀਗੜ੍ਹ ਦਾ ਰੇੜਕਾ

ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਦਾ ਵੱਖਰੇ ਤੌਰ ‘ਤੇ ਪ੍ਰਸ਼ਾਸਕ ਲਾਏ ਜਾਣ ਤੋਂ ਬਾਦ ਪੰਜਾਬ ਤੁਰੰਤ ਹਰਕਤ ‘ਚ ਆਇਆ ਤੇ ਇਹ ਫੈਸਲਾ ਵਾਪਸ ਲੈ ਲਿਆ ਗਿਆ ਪਿਛਲੇ 32 ਸਾਲਾਂ ਤੋਂ ਚੰਡੀਗੜ੍ਹ ਦੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਪੰਜਾਬ ਦੇ ਰਾਜਪਾਲ ਵੱਲੋਂ ਹੀ ਨਿਭਾਈ ਜਾਂਦੀ ਸੀ ਪਰ ਇਸ ਵਾਰ ਵੀਪੀ ਸਿੰਘ ਬਦਨੌਰੇ ਨੂੰ ਪੰਜਾਬ ਦਾ ਰਾਜਪਾਲ ਤਾਂ ਲਾਇਆ ਗਿਆ। ਪਰ ਚੰਡੀਗੜ੍ਹ ਦਾ ਪ੍ਰਸ਼ਾਸਕ ਕੇ. ਜੇ. ਅਲਫਾਂਸ ਨੂੰ ਲਾ ਦਿੱਤਾ ਗਿਆ ਸੀ ਆਖ਼ਰ ਪੰਜਾਬ ਦੀ ਪ੍ਰਤੀਕਿਰਿਆ ਨੂੰ ਵੇਖਦਿਆਂ ਇਹ ਫੈਸਲਾ ਵਾਪਸ ਹੋ ਗਿਆ ਭਾਵੇਂ ਵੱਖਰੇ ਪ੍ਰਸ਼ਾਸਕ ਦੀ ਨਿਯੁਕਤੀ ਸਬੰਧੀ ਹਰਿਆਣਾ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ।

ਪਰ ਜਿਸ ਤਰ੍ਹਾਂ ਪੰਜਾਬ ਦੇ ਸੱਤਾਧਾਰੀ ਅਕਾਲੀ ਦਲ ਤੇ ਵਿਰੋਧੀ ਪਾਰਟੀਆਂ ਨੇ ਸਖ਼ਤ ਸਟੈਂਡ ਲਿਆ ਉਸ ਤੋਂ ਇਹ ਗੱਲ ਸਾਫ ਜ਼ਾਹਿਰ ਹੈ ਕਿ ਚੰਡੀਗੜ੍ਹ ਸੰਵੇਦਨਸ਼ੀਲ ਮਾਮਲਾ ਹੈ ਰਾਜੀਵ ਲੌਂਗੋਵਾਲ ਸਮਝੌਤਾ ਲਾਗੂ ਨਾ ਹੋਣ ਕਾਰਨ ਚੰਡੀਗੜ੍ਹ ਪੰਜਾਬ ਨੂੰ ਤਬਦੀਲ ਹੋਣ ਤੋਂ ਰੁਕ ਗਿਆ ਸੀ ਭਾਵੇਂ ਇਹ ਮਾਮਲਾ ਠੰਢੇ ਬਸਤੇ ‘ਚ ਪਾ ਦਿੱਤਾ ਗਿਆ ਸੀ ਪਰ ਵੋਟਾਂ ਦੀ ਰਾਜਨੀਤੀ ਕਾਰਨ ਸਿਆਸੀ ਪਾਰਟੀਆਂ ਇਸ ਮੁੱਦੇ ਨੂੰ ਸੁਲਝਾਉਣ ਦੀ ਥਾਂ ‘ਤੇ ਇਸ ਨੂੰ ਵਰਤਣ ‘ਤੇ ਜ਼ਿਆਦਾ ਜ਼ੋਰ ਦਿੰਦੀਆਂ ਰਹੀਆਂ ਹਨ ।

ਚੰਡੀਗੜ੍ਹ ਕੇਂਦਰ ਸ਼ਾਸਤ ਪ੍ਰਦੇਸ਼ ਹੈ ਪਰ ਦੋ ਰਾਜਾਂ ਦੀ ਰਾਜਧਾਨੀ ਹੋਣ ਤੇ ਰਾਜਾਂ ਦੇ ਪੁਨਰਗਠਨ ਵੇਲੇ ਪੈਦਾ ਹੋਏ ਵਿਵਾਦ ਕਾਰਨ ਇਹ ਸੋਹਣਾ ਸ਼ਹਿਰ ਇੱਕ ਸਿਆਸੀ ਮੁੱਦਾ ਬਣ ਕੇ ਰਹਿ ਗਿਆ ਪੰਜਾਬ ਤੇ ਹਰਿਆਣਾ ਵੱਖਰੇ ਹੋਏ 50 ਸਾਲ ਹੋ ਗਏ ਹਨ ਚੰਡੀਗੜ੍ਹ ਦੀ ਇੱਕ ਵੱਖਰੀ ਪਛਾਣ ਹੀ ਬਣ ਗਈ ਹੈ ਫਿਰ ਵੀ ਇਸ ਮਸਲੇ ਦਾ ਹੱਲ ਆਪਸੀ ਗੱਲਬਾਤ, ਸਦਭਾਵਨਾ ਨਾਲ ਹੋਣਾ ਚਾਹੀਦਾ ਹੈ ਜਿੱਥੋਂ ਤੱਕ ਸਿਆਸੀ ਹੱਲ ਦਾ ਸਬੰਧ ਹੈ ਆਸ ਘੱਟ ਹੀ ਨਜ਼ਰ ਆ ਰਹੀ ਹੈ, ਹਾਲਾਂਕਿ ਇਹ ਸਮਾਂ ਸਭ ਤੋਂ ਢੁੱਕਵਾਂ ਸੀ ਜਦੋਂ ਕੇਂਦਰ, ਹਰਿਆਣਾ ਤੇ ਪੰਜਾਬ ਤਿੰਨੇ ਥਾਈਂ ਭਾਜਪਾ ਦੀ ਸਰਕਾਰ ਹੈ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਕਾਂਗਰਸ, ਭਾਜਪਾ ਤੇ ਅਕਾਲੀ ਦਲ ਤਿੰਨਾਂ ਦੀਆਂ ਪੰਜਾਬ ਤੇ ਹਰਿਆਣਾ ਦੀਆਂ ਪ੍ਰਦੇਸ਼ਕ ਇਕਾਈਆਂ ਆਪਣੇ-ਆਪਣੇ ਸੂਬੇ ਦੇ ਹੱਕ ‘ਚ ਡਟ ਕੇ ਖੜ੍ਹੀਆਂ ਹਨ ।

ਇਹ ਵੀ ਪੜ੍ਹੋ : ਮੇਰੀ ਕਾਰ ਜ਼ਿੰਦਾਬਾਦ

ਕਿਸੇ ਵੀ ਅੰਤਿਮ ਨਿਰਣੇ ‘ਤੇ ਪੁੱਜਣ ਲਈ ਸੰਵਿਧਾਨ ਤੇ ਪਰੰਪਰਾਵਾਂ ਅਹਿਮ ਹੁੰਦੀਆਂ ਹਨ  ਨਵੇਂ ਸੂਬੇ ਬਣਾਉਣ ਵੇਲੇ ਇਹੀ ਪਰੰਪਰਾ ਰਹੀ ਹੈ ਕਿ ਨਵੇਂ ਸੂਬੇ ਲਈ ਨਵੀਂ ਰਾਜਧਾਨੀ ਬਣਦੀ ਹੈ ਜਦੋਂਕਿ ਪੁਰਾਣੀ ਰਾਜਧਾਨੀ ਪਿੱਤਰੀ ਸੂਬੇ ਕੋਲ ਹੀ ਰਹਿੰਦੀ ਹੈ ਇਸ ਤਰ੍ਹਾਂ ਚੰਡੀਗੜ੍ਹ ‘ਤੇ ਪੰਜਾਬ ਦਾ ਦਾਅਵਾ ਮਜ਼ਬੂਤ ਨਜ਼ਰ ਆਉਂਦਾ ਹੈ ਫਿਰ ਵੀ ਹੁਣ ਸਮਾਜਿਕ, ਆਰਥਿਕ ਤੇ ਸੱਭਿਆਚਾਰ ਹਾਲਾਤ ਬਹੁਤ ਬਦਲ ਚੁੱਕੇ ਹਨ ਖੇਤਰੀ ਟਕਰਾਓ ਛੱਡ ਕੇ ਸਹਿਯੋਗ ਤੇ ਖੁਸ਼ਹਾਲੀ ਦਾ ਰਸਤਾ ਚੁਣਨ ਦੀ ਜ਼ਰੂਰਤ ਹੈ ਕੇਂਦਰ ਨੂੰ ਵੀ ਇਸ ਮਾਮਲੇ ‘ਚ ਪੂਰੀ ਗੰਭੀਰਤਾ ਨਾਲ ਕੋਈ ਹੱਲ ਕੱਢਣ ਦੀ ਜ਼ਰੂਰਤ ਹੈ ਦੋਵਾਂ ਰਾਜਾਂ ਨੂੰ ਵੀ ਇਸ ਮਾਮਲੇ ‘ਚ ਸੰਜਮ ਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਅਜ਼ਾਦ ਦੇਸ਼ ਅੰਦਰ ਤੰਗ ਸੋਚ ਦੀ ਬਜਾਇ ਖੁੱਲ੍ਹੇ ਨਜ਼ਰੀਏ ਨਾਲ ਸੋਚਣ ਦੀ ਲੋੜ ਹੈ ।