ਕੇਜਰੀ ‘ਤੇ ਕਪਿਲ ਕਰੋਪੀ

ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ‘ਚ ਹੋ ਰਿਹੈ ਲਗਾਤਾਰ ਵਾਧਾ

ਫਰਜ਼ੀ ਕੰਪਨੀਆਂ ਰਾਹੀਂ ਪੈਸਾ ਇਕੱਠਾ ਕਰਨ ਦਾ ਲਾਇਆ ਦੋਸ਼

ਘਪਲੇ ਦਾ ਦੋਸ਼ ਲਾਉਣ ਤੋਂ ਬਾਅਦ ਮਿਸ਼ਰਾ ਹੋਏ ਬੇਹੋਸ਼

ਨਵੀਂ ਦਿੱਲੀ, (ਏਜੰਸੀ) । ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਆਪਣਿਆਂ ਵੱਲੋਂ ਹੀ ਦੋਸ਼ਾਂ ਦੀ ਕਰੋਪੀ ਜਾਰੀ ਹੈ ਕੇਜਰੀਵਾਲ ਸਰਕਾਰ ਦੇ ਸਾਬਕਾ ਜਲ ਵਸੀਲੇ ਤੇ ਸੈਰ-ਸਪਾਟਾ ਮੰਤਰੀ ਨੇ ਦੋਸ਼ ਲਾਇਆ ਕਿ ‘ਆਪ’ ਪਾਰਟੀ ਨੇ ਕਈ ਫਰਜ਼ੀ ਕੰਪਨੀਆਂ ਤੋਂ ਕਈ ਕਰੋੜ ਰੁਪਏ ਦਾ ਚੰਦਾ ਲਿਆ ਉਨ੍ਹਾਂ ਨੇ ਦਸਤਾਵੇਜ਼ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਇਹ ਸਭ ਅਰਵਿੰਦ ਕੇਜਰੀਵਾਲ ਦੇ ਧਿਆਨ ਹੇਠ ਹੋਇਆ ਇਨ੍ਹਾਂ ਫਰਜ਼ੀ ਕੰਪਨੀਆਂ ਨੇ ਜਨਵਰੀ 2014 ‘ਚ ਇੱਕ ਹੀ ਦਿਨ ਤੇ ਇੱਕ ਹੀ ਸਮੇਂ ‘ਤੇ ਆਪ ਦੇ ਬੈਂਕ ਖਾਤੇ ‘ਚ ਧਨ ਜਮ੍ਹਾਂ ਕਰਵਾਇਆ।

ਦਿੱਲੀ ਦੀ ਆਪ ਸਰਕਾਰ ‘ਚ ਕੱਢੇ ਗਏ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਵਿੱਤੀ ਬੇਨੇਮੀਆਂ ਦਾ ਦੋਸ਼ ਲਾਉਣ ਤੋਂ ਬਾਅਦ ਬੇਹੋਸ਼ ਹੋ ਗਏ ਮਿਸ਼ਰਾ ਨੂੰ ਸਿਵਿਲ ਲਾਈਨਜ਼ ਸਥਿੱਤ ਉਨ੍ਹਾਂ ਦੇ ਘਰੋਂ ਆਰਐਮਐਲ ਹਸਪਤਾਲ ਲਿਜਾਇਆ ਗਿਆ ਉਹ ਆਪਣੇ ਘਰ ‘ਤੇ ਪਿਛਲੇ ਪੰਜ ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਹਨ ਤੇ ਆਮ ਆਦਮੀ ਪਾਰਟੀ ਦੇ ਪੰਜ ਆਗੂਆਂ ਦੇ ਵਿਦੇਸ਼ੀ ਦੌਰਿਆਂ ਦਾ ਵੇਰਵਾ ਜਨਤਕ ਕਰਨ ਦੀ ਮੰਗ ਕਰ ਰਹੇ ਹਨ ਮਿਸ਼ਰਾ ਨੇ ਕੇਜਰੀਵਾਲ ਦੇ ਅਸਤੀਫ਼ੇ ਦੀ ਮੰਗ ਕੀਤੀ ਤੇ ਇਸਦੇ ਬਾਅਦ ਬੇਹੋਸ਼ ਹੋ ਗਏ ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਮਿਸ਼ਰਾ ਨੇ ਕੇਜਰੀਵਾਲ ਤੇ ਉਨ੍ਹਾਂ ਦੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ।

ਆਪ ਦੇ ਸਾਬਕਾ ਮੰਤਰੀ ਦਾ ਦਾਅਵਾ

2013-2014 ‘ਚ ਆਪ ਦੇ ਬੈਂਕ ਖਾਤੇ ‘ਚ 45 ਕਰੋੜ 74 ਲੱਖ 6 ਹਜ਼ਾਰ 911 ਸੀ, ਜਦੋਂਕਿ ਵੈੱਬਸਾਈਟ ‘ਤੇ 19 ਕਰੋੜ 82 ਲੱਖ 32 ਹਜ਼ਾਰ 800 ਰੁਪਏ ਡੋਨੇਸ਼ਨ ਦੱਸਿਆ ਗਿਆ ਆਮਦਨ ਟੈਕਸ ਵਿਭਾਗ ਨੇ ਨੋਟਿਸ ਭੇਜੇ ਤਾਂ 30 ਕਰੋੜ ਦੱਸਿਆ ਚੋਣ ਕਮਿਸ਼ਨ ਨੂੰ 9 ਕਰੋੜ 42 ਲੱਖ ਦੀ ਜਾਣਕਾਰੀ ਦਿੱਤੀ।

ਕਪਿਲ ਦੀ ਆੜ ਨਾ ਲਵੇ ਭਾਜਪਾ : ਆਪ

ਨਵੀਂ ਦਿੱਲੀ ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਸਾਬਕਾ ਮੰਤਰੀ ਕਪਿਲ ਮਿਸ਼ਰਾ ਦੀ ਆੜ ਲੈ ਕੇ ਵਾਰ ਕਰਨ ਦੀ ਬਜਾਇ ਸਾਹਮਣੇ ਆ ਕੇ ਉਸਦਾ ਮੁਕਾਬਲਾ ਕਰੇ ਆਪ ਬੁਲਾਰੇ ਸੰਜੈ ਸਿੰਘ ਨੇ ਪਾਰਟੀ ਤੋਂ ਬਰਖਾਸਤ ਮੰਤਰੀ ਮਿਸ਼ਰਾ ਦੇ ਪ੍ਰੈੱਸ ਕਾਨਫਰੰਸ ਦੇ ਤੁਰੰਤ ਬਾਅਦ ਉਨ੍ਹਾਂ ਦੋਸ਼ਾਂ ‘ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਭਾਜਪਾ ਆਪ ਦੇ ਸਾਬਕਾ ਆਗੂ ਦੀ ਆੜ ਲੈ ਕੇ ਕੇਜਰੀਵਾਲ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ ਕਰ ਰਹੀ ਹੈ।