ਕੀਟਨਾਸ਼ਕ ਘਪਲਾ : ਮੰਗਲ ਦੀ ਮਾਇਆ ਨੇ ਡੰਗੇ ਪੁਲਿਸ ਮੁਲਾਜ਼ਮ

ਸਾਬਕਾ ਐੱਸਐੱਚਓ, ਮੁੱਖ ਮੁਨਸ਼ੀ ਤੇ ਸਿਪਾਹੀ ਖਿਲਾਫ਼ ਕੇਸ ਦਰਜ

  • ਮਾਮਲਾ ਮੰਗਲ ਸਿੰਘ ਕੋਲੋਂ ਮਿਲੇ ਖਜ਼ਾਨੇ ਨੂੰ ਖੁਰਦ-ਬੁਰਦ ਕਰਨ ਦਾ

ਬਠਿੰਡਾ, (ਅਸ਼ੋਕ ਵਰਮਾ) । ਬਠਿੰਡਾ ਪੁਲਿਸ ਨੇ ਖੇਤੀ ਵਿਭਾਗ ਦੇ ਸਾਬਕਾ ਡਾਇਰੈਕਟਰ ਮੰਗਲ ਸਿੰਘ ਕੋਲੋਂ ਬਰਾਮਦ ਹੋਏ ਖਜ਼ਾਨੇ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ਾਂ ਤਹਿਤ ਥਾਣਾ ਰਾਮਾਂ ਦੇ ਸਾਬਕਾ ਐੱਸਐੱਚਓ, ਮੁੱਖ ਮੁਨਸ਼ੀ ਤੇ ਬਰਖ਼ਾਸਤ ਸਿਪਾਹੀ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਦੇ ਮਾਲਖਾਨੇ ‘ਚੋਂ ਗਾਇਬ ਹੋਏ ਸਮਾਨ ‘ਚ 4 ਲੱਖ 11 ਹਜ਼ਾਰ 710 ਰੁਪਏ ਦੀ ਭਾਰਤੀ ਕਰੰਸੀ, 3090 ਰੁਪਏ ਦੇ ਕੈਨੇਡੀਅਨ ਡਾਲਰ, 11624 ਅਮਰੀਕਨ ਡਾਲਰ, ਕਿੱਟੀ ਸੈੱਟ ਹਾਰ, ਟਾਪਸ 45 ਗ੍ਰਾਮ, ਦੋ ਛਾਪਾਂ, ਇੱਕ ਚਾਂਦੀ ਦਾ ਕੜਾ, ਦੋ ਗਿੰਨੀਆਂ 10 ਤੇ 5 ਗ੍ਰਾਮ ਤੇ ਜਰਮਨ ਦਾ ਪਿਸਤੌਲ ਸ਼ਾਮਲ ਹੈ।

ਪੁਲਿਸ ਨੇ ਇਹ ਸਮਾਨ ਮੰਗਲ ਸਿੰਘ ਦੀ ਗ੍ਰਿਫ਼ਤਾਰੀ ਉਪਰੰਤ ਬਰਾਮਦ ਕਰਕੇ ਮਾਲਖਾਨੇ ‘ਚ ਜਮ੍ਹਾ ਕਰਵਾਇਆ ਸੀ ਪੁਲਿਸ ਨੂੰ ਇਸ ਮਾਲ ਦੇ ਖੁਰਦ-ਬੁਰਦ ਹੋਣ ਬਾਰੇ ਉਦੋਂ ਪਤਾ ਲੱਗ ਗਿਆ ਸੀ ਜਦੋਂ 26 ਦਸੰਬਰ 2016 ਨੂੰ ਐਡੀਸ਼ਨਲ ਐੱਸਐੱਚਓ ਸਬ ਇੰਸਪੈਕਟਰ ਬੁੱਧ ਸਿੰਘ ਤੇ ਮੁੱਖ ਮੁਨਸ਼ੀ ਗੁਰਜੰਟ ਸਿੰਘ ਵੱਲੋਂ ਮਾਲਖਾਨੇ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਗਈ ਸੀ ਉਸ ਵਕਤ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ‘ਚ ਲਿਆ ਦਿੱਤਾ ਗਿਆ ਸੀ ਸੂਤਰਾਂ ਅਨੁਸਾਰ ਉਸ ਵਕਤ ਸਿਆਸੀ ਦਬਾਅ ਤਹਿਤ ਮਾਮਲਾ ਦਬ ਗਿਆ ਸੀ ਪਰ ਪੁਲਿਸ ਅਧਿਕਾਰੀ ਇਸ ਬਾਰੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ ਨਵੀਂ ਸਰਕਾਰ ਦੇ ਆਉਣ ਤੋਂ ਬਾਅਦ ਹੁਣ ਜਦੋਂ ਬਠਿੰਡਾ ਦੀ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ  ਅਦਾਲਤ ‘ਚ ਇਸ ਕੇਸ ਦੀ ਸੁਣਵਾਈ ਸ਼ੁਰੂ ਹੋ ਗਈ ਹੈ ਤਾਂ ਪੁਲਿਸ ਦੀ ਅੱਖ ਖੁੱਲ੍ਹੀ ਹੈ।

ਐੱਸਐੱਸਪੀ ਵੱਲੋਂ ਰਾਮਾਂ ਪੁਲਿਸ ਦੇ ਐੱਸਐੱਚਓ ਮਨੋਜ ਕੁਮਾਰ  ਨੂੰ ਪੜਤਾਲ ਕਰਨ ਲਈ ਕਿਹਾ ਤਾਂ ਤਲਾਸ਼ੀ ਦੌਰਾਨ ਮਾਲਖਾਨੇ ‘ਚੋਂ ਮਾਲ ਗਾਇਬ ਹੋਣ ਸਬੰਧੀ ਤੱਥ ਸਾਹਮਣੇ ਆ ਗਏ ਐੱਸਐੱਸਪੀ ਦੇ ਆਦੇਸ਼ਾਂ ‘ਤੇ ਥਾਣਾ ਰਾਮਾਂ ਦੇ ਤੱਤਕਾਲੀ ਐੱਸਐੱਚਓ ਇੰਸਪੈਕਟਰ ਗੁਰਸ਼ੇਰ ਸਿੰਘ, ਉਸ ਵਕਤ ਦੇ ਮੁੱਖ ਮੁਨਸ਼ੀ ਇਕਬਾਲ ਸਿੰਘ ਤੇ ਬਰਖਾਸਤ ਸਿਪਾਹੀ ਮਨਪ੍ਰੀਤ ਸਿੰਘ ਖਿਲਾਫ ਧਾਰਾ 409 ਤੇ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨਾਂ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਰਾਮਾਂ ‘ਚ ਮੁਕੱਦਮਾ ਨੰਬਰ 100 ਦਰਜ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਇੰਸਪੈਕਟਰ ਗੁਰਸ਼ੇਰ ਸਿੰਘ ਇਸ ਵਕਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ‘ਚ ਹੈ ਅਤੇ 10 ਦਿਨ ਬਾਅਦ ਉਸ ਨੇ ਸੇਵਾਮੁਕਤ ਹੋਣਾ ਹੈ ਦੱਸਿਆ ਜਾਂਦਾ ਹੈ ਕਿ ਇਸ ਕੇਸ ‘ਚ ਜੋ ਵੀ ਸਮਾਨ ਬਰਾਮਦ ਹੋਇਆ ਹੈ ਉਹ ਪੁਲਿਸ ਵੱਲੋਂ ਅਦਾਲਤ ‘ਚ ਪੇਸ਼ ਕੀਤਾ ਜਾਣਾ ਹੈ। ਐੱਸਪੀ ਸਿਟੀ ਬਲਰਾਜ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਰਾਮਾਂ ਮੰਡੀ ‘ਚ ਮਾਲ ਖੁਰਦ-ਬੁਰਦ ਕਰਨ ਦੇ ਦੋਸ਼ਾਂ ‘ਚ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਉਨ੍ਹਾਂ ਦੱਸਿਆ ਕਿ ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਉਨ੍ਹਾਂ ਦੱਸਿਆ ਕਿ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਅਗਲੀ ਸੁਣਵਾਈ 25 ਮਈ ਨੂੰ

ਬਠਿੰਡਾ ਅਦਾਲਤ ‘ਚ ਬਹੁਚਰਚਿਤ ਕੀਟਨਾਸ਼ਕ ਘੁਟਾਲੇ ਦੀ ਸੁਣਵਾਈ 25 ਮਈ ਨੂੰ ਹੋਵੇਗੀ ਇਸ ਕੇਸ ‘ਚ ਹੁਣ ਗਵਾਹੀਆਂ ਦਰਜ ਹੋਣੀਆਂ ਸ਼ੁਰੂ ਹੋ ਗਈਆਂ ਹਨ ਖੇਤੀ ਵਿਭਾਗ ਦੇ ਅਧਿਕਾਰੀ ਸੁਰਿੰਦਰ ਕੁਮਾਰ ਦੀ ਕੁਝ ਗਵਾਹੀ ਦਰਜ ਹੋ ਗਈ ਹੈ ਤੇ ਬਾਕੀ ਗਵਾਹੀ ਉਹ 25 ਮਈ ਨੂੰ ਮੁਕੰਮਲ ਕਰਨਗੇ ਪਤਾ ਲੱਗਾ ਹੈ ਕਿ ਇਸ ਮਾਮਲੇ ‘ਚ  26 ਗਵਾਹ ਹਨ ਕਾਨੂੰਨੀ ਸੂਤਰਾਂ ਨੇ ਦੱਸਿਆ ਹੈ ਕਿ ਮਾਲ ਗਾਇਬ ਹੋਣ ਦਾ ਕੇਸ ‘ਤੇ ਬੁਰਾ ਅਸਰ ਪੈ ਸਕਦਾ ਹੈ।

ਇਹ ਹੈ ਮਾਮਲਾ

ਗੌਰਤਲਬ ਹੈ ਕਿ ਚਿੱਟੀ ਮੱਖੀ ਦੇ ਹਮਲੇ ਤੋਂ ਬਾਅਦ ਖੇਤੀ ਵਿਭਾਗ ਦੀਆਂ ਟੀਮਾਂ ਨੇ ਮੈਸਰਜ਼ ਕੋਰੋਮੰਡਲ ਕਰਾਪ ਸਾਇੰਸ ਰਾਮਾਂ ਮੰਡੀ ਦੇ ਗੁਦਾਮ ‘ਚ 2 ਸਤੰਬਰ 2015 ਨੂੰ ਛਾਪਾ ਮਾਰਿਆ ਸੀ, ਜਿੱਥੋਂ ਜਾਅਲੀ ਕੀਟਨਾਸ਼ਕਾਂ ਦੇ ਭੰਡਾਰ ਮਿਲੇ ਸਨ ਥਾਣਾ ਰਾਮਾਂ ਮੰਡੀ ਪੁਲਿਸ ਨੇ ਸ਼ੁਭਮ ਗੋਇਲ ਤੇ ਵਿਜੇ ਕੁਮਾਰ ਖਿਲਾਫ਼ ਐੱਫਆਈਆਰ 122 ਦਰਜ ਕੀਤੀ ਸੀ ਮਗਰੋਂ ਇਸ ਐੱਫਆਈਆਰ ‘ਚ ਸਾਬਕਾ ਖੇਤੀ ਡਾਇਰੈਕਟਰ ਮੰਗਲ ਸਿੰਘ ਨੂੰ ਵੀ ਨਾਮਜ਼ਦ ਕਰ ਲਿਆ ਸੀ । ਕੇਸ ਦੀ ਪੜਤਾਲ ਦੌਰਾਨ ਖੇਤੀਬਾੜੀ ਵਿਭਾਗ ਪੰਜਾਬ ਦੇ ਦੋ ਜੁਆਇੰਟ ਡਾਇਰੈਕਟਰ ਸਤਵੰਤ ਸਿੰਘ ਬਰਾੜ ਤੇ ਨਿਰੰਕਾਰ ਸਿੰਘ ਵੀ ਕੇਸ ‘ਚ ਨਾਮਜ਼ਦ ਕੀਤੇ ਸਨ ਪੁਲਿਸ ਨੇ ਮੰਗਲ ਸਿੰਘ ਨੂੰ 4 ਅਕਤੂਬਰ 2015 ਨੂੰ ਮੋਹਾਲੀ ਤੋਂ ਗ੍ਰਿਫ਼ਤਾਰ ਕਰਕੇ ਜੋ ਸਮਾਨ ਬਰਾਮਦ ਕੀਤਾ ਸੀ, ਪੁਲਿਸ ਉਸ ਨੂੰ ਗਾਇਬ ਦੱਸ ਰਹੀ ਹੈ।