ਕਿਸਾਨਾਂ ਦਾ ਕਰਜ਼ਾ ਹਰ ਹਾਲਤ ‘ਚ ਮੁਆਫ਼ ਹੋਵੇਗਾ : ਅਮਰਿੰਦਰ

Governor of Maharashtra

ਜ਼ੀਰਕਪੁਰ (ਅਸ਼ਵਨੀ ਚਾਵਲਾ) । ਪੰਜਾਬ ਦੇ ਮੁੱਖ ਮੰਤਰੀ ਕੈਪਟਨ (Amarinder) ਅਮਰਿੰਦਰ ਸਿੰੰਘ ਨੇ ਮੁੜ ਦੁਹਰਾਇਆ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਖੇਤੀ ਸੰਕਟ ਵਿੱਚੋਂ ਕੱਢਣ ਲਈ ਖੇਤੀ ਕਰਜ਼ੇ ਮੁਆਫ਼ ਕਰਨ ਲਈ ਪੂਰੀ ਤਰ੍ਹਾਂ ਦ੍ਰਿੜ ਹੈ ਅਤੇ ਇਸ ਸਬੰਧੀ ਛੇਤੀ ਹੀ ਕੋਈ ਰਾਹ ਕੱਢ ਲਿਆ ਜਾਵੇਗਾ। ਮੁੱਖ ਮੰਤਰੀ ਅੱਜ ਜ਼ੀਰਕਪੁਰ ਵਿਖੇ ਡੀ-ਮਾਰਟ ਦੇ ਉਦਘਾਟਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਹ ਪੰਜਾਬ ਵਿੱਚ ਆਪਣੇ ਕਿਸਮ ਦਾ ਪਹਿਲਾ ਸਟੋਰ ਹੈ। ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਹਰੇਕ ਵਾਅਦੇ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਪਾਬੰਦ ਹੈ।

ਉਨ੍ਹਾਂ ਕਿਹਾ ਸੂਬਾ ਸਰਕਾਰ ਨੇ ਖੇਤੀ ਕਰਜ਼ਿਆਂ ਸਬੰਧੀ ਪਹਿਲਾਂ ਹੀ ਕੇਂਦਰ ਸਰਕਾਰ ਕੋਲ ਪਹੁੰਚ ਕੀਤੀ ਹੈ। ਜੇ ਉਨ੍ਹਾਂ ਨੂੰ ਕੇਂਦਰ ਸਰਕਾਰ ਦੀ ਮਦਦ ਨਾ ਵੀ ਮਿਲੀ ਤਾਂ ਵੀ ਸੂਬਾ ਸਰਕਾਰ ਕਰਜ਼ੇ ਦੇ ਜਾਲ ਵਿੱਚ ਫਸੇ ਕਿਸਾਨਾਂ ਨੂੰ ਬਾਹਰ ਕੱਢਣ ਲਈ ਰਾਹ ਤੈਲਾਸ਼ੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਚੋਣ ਮੈਨੀਫੈਸਟੋ ਵਿੱਚ ਕੀਤੇ ਇੱਕ-ਇੱਕ ਵਾਅਦੇ ਨੂੰ ਅਮਲੀਜਾਮਾ ਪਹਿਨਾਉਣ ਦੀ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਭਾਵੇਂ ਉਨਾਂ ਨੂੰ  ਸੂਬੇ ਦੀ ਸੱਤਾ ਸੰਭਾਲੇ ਨੂੰ ਕੇਵਲ ਕੁਝ ਹੀ ਦਿਨ ਹੋਏ ਹਨ ਪਰ ਫਿਰ ਵੀ ਉਨ੍ਹਾਂ ਨੇ ਸੂਬੇ ਦੇ ਵਾਸੀਆਂ ਦੀ ਭਲਾਈ ਲਈ ਇੱਛਾਜਨਕ ਨਤੀਜੇ ਕੱਢਣ ਲਈ ਪੂਰੀ ਸਰਕਾਰੀ  ਮਸ਼ੀਨਰੀ ਨੂੰ ਸਰਗਰਮ ਕਰ ਦਿੱਤਾ ਹੈ। ਭ੍ਰਿਸ਼ਟਾਚਾਰ ਨੂੰ ਖਤਮ ਕਰਨ ਸਬੰਧੀ ਪੁੱਛੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਭ੍ਰਿਸ਼ਟਾਚਾਰ ਨਾਲ ਨਿਪਟਣ ਲਈ ਪੂਰੀ ਤਰਾਂ ਦ੍ਰਿੜ ਹੈ ਅਤੇ ਇਸ ਸਬੰਧ ਵਿੱਚ ਕਈ ਕਦਮ ਚੁੱਕੇ ਗਏ ਹਨ। ਉਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਇੱਕ ਦਹਾਕੇ ਦੇ ਸ਼ਾਸਨ ਦੌਰਾਨ ਕੀਤੇ ਘੁਟਾਲਿਆਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਸੂਬੇ ਨੂੰ ਸਹੀ ਲੀਹ ‘ਤੇ ਲਿਆਉਣ ਲਈ ਹਰ ਸਿਰਤੋੜ ਯਤਨ ਕੀਤਾ ਜਾਵੇਗਾ।

ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਗੈਰ ਕਾਨੂੰਨੀ ਖੱਡਿਆਂ ਵਿਰੁੱਧ ਤਿੱਖੀ ਕਾਰਵਾਈ ਸ਼ੁਰੂ ਕੀਤੀ ਹੈ ਅਤੇ ਰੇਤਾ, ਬੱਜਰੀ ਦੇ ਸਬੰਧ ਵਿੱਚ ਅਕਾਲੀ-ਭਾਜਪਾ ਸਰਕਾਰ ਵੱਲੋਂ ਦਹਾਕਾ ਭਰ ਕੀਤੀ ਗੜਬੜੀ ਨੂੰ ਦਰੁਸਤ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹਨ। ਉਨਾਂ ਕਿਹਾ ਕਿ ਅਨੇਕਾਂ ਖਦਾਣਾਂ ਦੀ ਆਉਂਦੇ ਦਿਨਾਂ ਦੌਰਾਨ ਬੋਲੀ ਹੋ ਜਾਵੇਗੀ ਅਤੇ ਰੇਤਾ, ਬੱਜਰੀ ਦੇ ਭਾਅ ਹੇਠਾਂ ਆ ਜਾਣਗੇ।