‘ਇਹੋ ਜਿਹੇ’ ਕਹਿਣ ‘ਤੇ ਸਿੱਧੂ ਤੇ ਟੀਨੂੰ ‘ਚ ਬਹਿਸ

ਸਪੀਕਰ ਨੇ ਹੰਗਾਮੇ ਕਾਰਨ ਤਿੰਨ ਵਾਰ ਮੁਲਤਵੀ ਕੀਤੀ ਕਾਰਵਾਈ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ‘ਚ ਇੱਕ ਵਾਰ ਫਿਰ ਤੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਬੋਲ ਬਾਣੀ ਨੂੰ ਲੈ ਕੇ ਅੱਜ ਹੰਗਾਮਾ ਹੋ ਗਿਆ। ਨਵਜੋਤ ਸਿੰਘ ਸਿੱਧੂ ਨੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਵਿਧਾਇਕ ਪਵਨ ਟੀਨੂੰ ਨੂੰ ‘ਇਹੋ ਜਿਹੇ ਮੈਂਬਰ’ ਕਹਿ ਦਿੱਤਾ, ਜਿਸ ‘ਤੇ ਇਤਰਾਜ਼ ਜ਼ਾਹਿਰ ਕਰਦਿਆਂ ਅਕਾਲੀ ਵਿਧਾਇਕਾਂ ਨੇ ਹੰਗਾਮਾ ਕੀਤਾ ਤੇ ਕਿਹਾ ਕਿ ਇਹ ਦਲਿਤ ਵਿਰੋਧੀ ਸ਼ਬਦ ਹਨ, ਜਿਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇ। ਅਕਾਲੀ ਵਿਧਾਇਕਾਂ ਵੱਲੋਂ ਹੰਗਾਮਾ ਹੁੰਦਾ ਦੇਖ ਨਵਜੋਤ ਸਿੰਘ ਸਿੱਧੂ ਨੇ ਵੀ ਗੁੱਸੇ ‘ਚ ਕਾਫ਼ੀ ਕੁਝ ਕਹਿ ਦਿੱਤਾ ਤੇ ਦੋਵਾਂ ਧਿਰਾਂ ‘ਚ ਸਿੱਧੀ ਬਹਿਸ ਹੋ ਗਈ।

ਇਹ ਵੀ ਪੜ੍ਹੋ : ਮੈਂ ਪੱਛੜਿਆ ਹਾਂ, ਤੁਸੀਂ ਕੌਣ?

ਜਿਸ ਤੋਂ ਬਾਅਦ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਦਖ਼ਲ ਦਿੰਦਿਆਂ ਅਕਾਲੀ ਵਿਧਾਇਕਾਂ ਤੇ ਮੰਤਰੀ ਨਵਜੋਤ ਸਿੱਧੂ ਨੂੰ ਬੈਠਣ ਲਈ ਕਹਿ ਦਿੱਤਾ ਪਰ ਸਪੀਕਰ ਰਾਣਾ ਕੇ. ਪੀ. ਸਿੰਘ ਦੇ ਕਹਿਣ ‘ਤੇ ਵੀ ਨਵਜੋਤ ਸਿੰਘ ਸਿੱਧੂ ਆਪਣੀ ਸੀਟ ‘ਤੇ ਨਹੀਂ ਬੈਠੇ। ਇਸ ਹੰਗਾਮੇ ‘ਚ ਸਦਨ ਦੀ ਕਾਰਵਾਈ ਨੂੰ ਤਿੰਨ ਵਾਰ ਮੁਲਤਵੀ ਕਰਨਾ ਪਿਆ।ਹੋਇਆ ਇੰਝ ਕਿ ਵਿਧਾਨ ਸਭਾ ਦੇ ਅੰਦਰ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂੰ ਵੱਲੋਂ ਵਾਟਰ ਟਰੀਟਮੈਂਟ ਪਲਾਂਟ ਨੂੰ ਲੈ ਕੇ ਸਵਾਲ ਕੀਤਾ ਗਿਆ ਸੀ, ਜਿਸ ‘ਤੇ ਜਵਾਬ ਦੇਣ ਮੌਕੇ ਦੋ-ਤਿੰਨ ਵਾਰ ਪਵਨ ਟੀਨੂੰ ਤੇ ਨਵਜੋਤ ਸਿੱਧੂ ਦੀ ਆਪਸ ‘ਚ ਬਹਿਸ ਹੋਈ।

ਪਰ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਦਖ਼ਲ ਦਿੰਦਿਆਂ ਸਵਾਲ ਦਾ ਜਵਾਬ ਦਿਵਾਉਣਾ ਸ਼ੁਰੂ ਕਰ ਦਿੱਤਾ। ਜਦੋਂ ਨਵਜੋਤ ਸਿੱਧੂ ਜਵਾਬ ਦੇ ਰਹੇ ਸਨ ਤਾਂ ਸਿੱਧੂ ਨੇ ਪਵਨ ਟੀਨੂੰ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ‘ਇਹੋ ਜਿਹੇ ਮੈਂਬਰ’ ਸਾਹਿਬਾਨ ਦੇ ਵੀ ਵਾਟਰ ਟਰੀਟਮੈਂਟ ਪਲਾਂਟ ਚਲਾ ਕੇ ਦੇਣਗੇ। ਨਵਜੋਤ ਸਿੰਘ ਸਿੱਧੂ ਵੱਲੋਂ ‘ਇਹੋ ਜਿਹੇ ਮੈਂਬਰ’ ਕਹਿਣ ‘ਤੇ ਪਵਨ ਟੀਨੂੰ ਨੇ ਹੰਗਾਮਾ ਕਰ ਦਿੱਤਾ ਕਿ ਉਨ੍ਹਾਂ ਨੂੰ ਦਲਿਤ ਹੋਣ ਕਾਰਨ ਹੀ ਸਾਰਿਆਂ ਤੋਂ ਵੱਖਰਾ ਕਿਹਾ ਜਾ ਰਿਹਾ ਹੈ। ਗੁੱਸੇ ‘ਚ ਪਵਨ ਟੀਨੂੰ ਨੇ ਆਪਣੇ ਟੇਬਲ ‘ਤੇ ਪਈ ਇੱਕ ਕਾਗ਼ਜ਼ ਦੀ ਕਾਪੀ ਵੀ ਨਵਜੋਤ ਸਿੱਧੂ ਵੱਲ ਚੁੱਕ ਸੁੱਟੀ, ਜਿਹੜੀ ਕਿ ਉਨ੍ਹਾਂ ਤੋਂ ਪਿੱਛੇ ਵਿਧਾਨ ਸਭਾ ਦੇ ਮੁਲਾਜ਼ਮਾਂ ਕੋਲ ਜਾ ਡਿੱਗੀ।

ਇਹ ਵੀ ਪੜ੍ਹੋ : ਹਵਾਈ ਅੱਡੇ ’ਤੇ ਛੇ ਅਜ਼ਗਰ, ਇੱਕ ਕਾਲੀ ਗਾਲ੍ਹੜ ਜ਼ਬਤ

ਇੱਥੇ ਹੀ ਅਕਾਲੀ ਤੇ ਕਾਂਗਰਸੀ ਵਿਧਾਇਕਾਂ ‘ਚ ਤਿੱਖੀ ਬਹਿਸ ਹੋ ਗਈ। ਦੋਵਂੇ ਪਾਸੇ ਤੋਂ ਤਿੱਖੀ ਬਹਿਸ ਹੋਣ ਕਾਰਨ ਮਾਮਲਾ ਕਾਫ਼ੀ ਜਿਆਦਾ ਉਲਝ ਗਿਆ। ਅਕਾਲੀ ਵਿਧਾਇਕਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਸਦਨ ‘ਚੋਂ ਵਾਕ ਆਉੂਟ ਕਰਕੇ ਚਲੇ ਗਏ। ਇਸ ਤੋਂ ਬਾਅਦ ਜਦੋਂ ਮੁੜ ਕੇ ਅਕਾਲੀ ਵਿਧਾਇਕ ਆਏ ਤਾਂ ਉਨ੍ਹਾਂ ਨਾਲ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਵੀ ਆ ਗਏ ਅਕਾਲੀ ਵਿਧਾਇਕਾਂ ਨੇ ਮੁੜ ਤੋਂ ਹੰਗਾਮਾ ਕਰਦਿਆਂ ਨਵਜੋਤ ਸਿੱਧੂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰ ਦਿੱਤੀ। ਸਦਨ ‘ਚ ਹੁੰਦੇ ਹੰਗਾਮੇ ਨੂੰ ਦੇਖਦਿਆਂ ਸਪੀਕਰ ਰਾਣਾ ਕੇ. ਪੀ. ਨੇ ਪਹਿਲਾਂ 30 ਮਿੰਟ, ਦੂਜੀ ਵਾਰ 15 ਮਿੰਟ ਤੇ ਫਿਰ 23 ਮਿੰਟ ਲਈ ਸਦਨ ਦੀ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ

‘ਇਹੋ ਜਿਹਾ’ ਕਹਿਣ ਪਿੱਛੇ ਸਿੱਧੂ ਦੀ ਦਲਿਤ ਭਾਵਨਾ : ਟੀਨੂੰ

ਸਦਨ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਵਨ ਟੀਨੂੰ ਨੇ ਕਿਹਾ ਕਿ ਉਹ ਦਲਿਤ ਵਿਧਾਇਕ ਹਨ, ਇਸੇ ਕਰਕੇ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਇਹੋ ਜਿਹਾ ਮੈਂਬਰ ਕਿਹਾ ਹੈ। ਉਨ੍ਹਾਂ ਕਿਹਾ ਕਿ ਸਦਨ ‘ਚ ਕੋਈ ਵੱਖ-ਵੱਖ ਮੈਂਬਰ ਨਹੀਂ ਹੁੰਦੇ ਹਨ ਅਤੇ ਸਾਰੇ ਹੀ ਮੈਂਬਰਾਂ ਦਾ ਮਾਣ-ਸਨਮਾਨ ਇੱਕੋ ਜਿਹਾ ਹੈ ਪਰ ਸਿੱਧੂ ਦਲਿਤ ਵਿਰੋਧੀ ਹਨ, ਜਿਸ ਕਾਰਨ ਸਿੱਧੂ ਨੇ ਉਨ੍ਹਾਂ ਨੂੰ ‘ਇਹੋ ਜਿਹਾ ਮੈਂਬਰ’ ਕਿਹਾ ਹੈ। ਉਨ੍ਹਾਂ ਨੇ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਸ਼ਿਕਾਇਤ ਕਰ ਦਿੱਤੀ ਹੈ। ਜੇਕਰ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਇਸ ਮਾਮਲੇ ‘ਚ ਕਾਰਵਾਈ ਨਹੀਂ ਕੀਤੀ ਤਾਂ ਉਹ ਸਦਨ ‘ਚ ਸਿੱਧੂ ਖ਼ਿਲਾਫ਼ ਪ੍ਰਸਤਾਵ ਲੈ ਕੇ ਆਉਣਗੇ।

ਅਕਾਲੀਆਂ ਨੂੰ ਤਾਂ ਸਾਰਾ ਪੰਜਾਬ ਹੀ ਗਾਲ਼ਾਂ ਕੱਢਦਾ ਐ : ਸਿੱਧੂ

ਨਵਜੋਤ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਇਸ ਮੁੱਦੇ ‘ਤੇ ਸਫ਼ਾਈ ਦਿੰਦਿਆਂ ਕਿਹਾ ਕਿ ‘ਅਕਾਲੀ ਕਹਿੰਦੇ ਹਨ ਕਿ ਨਵਜੋਤ ਸਿੱਧੂ ਇਨ੍ਹਾਂ ਨੂੰ ਗਾਲ਼ਾਂ ਕੱਢਦਾ ਹੈ ਪਰ ਮੈਂ ਇਨ੍ਹਾਂ ਨੂੰ ਕੋਈ ਗਾਲ ਨਹੀਂ ਕੱਢੀ ਹੈ, ਜਦੋਂ ਕਿ ਅਕਾਲੀਆਂ ਨੂੰ ਤਾਂ ਸਾਰਾ ਪੰਜਾਬ ਹੀ ਗਾਲ਼ਾਂ ਕੱਢਦਾ ਹੈ।’ ਜੇਕਰ ਇਹ ਸੋਸ਼ਲ ਮੀਡੀਆ ਖੋਲ੍ਹ ਕੇ ਦੇਖ ਲੈਣ ਤਾਂ ਇਨ੍ਹਾਂ ਨੂੰ ਆਪਣੀ ਔਕਾਤ ਪਤਾ ਚੱਲ ਜਾਵੇਗੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਲੜਾਈ ਕਰਨ ਲਈ ਸਦਨ ‘ਚ ਆ ਗਿਆ ਪਰ ਮੈਂ ਜਵਾਬ ਦੇਣ ਲਈ ਪਿੰਡ ਬਾਦਲ ਆਉਣ ਲਈ ਵੀ ਤਿਆਰ ਹਾਂ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਉਹ ਇਨ੍ਹਾਂ ਤੋਂ ਡਰਨ ਵਾਲਾ ਨਹੀਂ ਹੈ। ਸਿੱਧੂ ਨੇ ਕਿਹਾ ਕਿ ‘ਪੰਜਾਬ ‘ਚ ਚਿੱਟੇ ਦਾ ਸਰਗਨਾ ਬਿਕਰਮ ਮਜੀਠੀਆ ਹੈ, ਪਹਿਲਾਂ ਵੀ ਕਹਿੰਦਾ ਸੀ ਅਤੇ ਹੁਣ ਵੀ ਕਹਿੰਦਾ ਹਾਂ, ਕਰ ਲਵੇ ਸੁਖਬੀਰ ਜਿਹੜਾ ਮੇਰਾ ਕੁਝ ਕਰਨਾ ਹੈ।’

ਇਹ ਵੀ ਪੜ੍ਹੋ : ਬੁਲੇਟ ਮੋਟਰਸਾਈਕਲ ਦੇ ਦੋ ਨਵੇਂ ਮਾਡਲ ਲਾਂਚ