ਅਗਲੇ ਹਫ਼ਤੇ ਜਾਰੀ ਹੋਵੇਗੀ ਆਮ ਆਦਮੀ ਪਾਰਟੀ ਦੀ ਦੂਜੀ ਲਿਸਟ

ਦੂਰੀ ਲਿਸਟ ਵਿੱਚ ਹੋਣਗੇ 15 ਤੋਂ 20 ਉਮੀਦਵਾਰਾਂ ਦੇ ਨਾਅ, ਕਈ ਦਿੱਗਜ਼ ਲੀਡਰਾਂ ਨੂੰ ਮਿਲੇਗੀ ਟਿਕਟ

  1. ਅਰਵਿੰਦ ਕੇਜਰੀਵਾਲ ਦੇ ਆਉਣ ਦਾ ਹੋ ਰਿਹਾ ਐ ਇੰਤਜ਼ਾਰ, ਲਿਸਟ ਲਗਭਗ ਫਾਈਨਲ
  2. ਸੰਸਦ ਮੈਂਬਰ ਭਗਵੰਤ ਮਾਨ ਦਾ ਨਾਅ ਦੂਜੀ ਲਿਸਟ ਵਿੱਚ ਵੀ ਨਹੀਂ ਐ ਸ਼ਾਮਲ

ਚੰਡੀਗੜ,  (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਦੂਜੀ ਲਿਸਟ ਵੀ ਲਗਭਗ ਤਿਆਰ ਹੋ ਗਈ ਹੈ, ਜਿਸ ਨੂੰ ਕਿ ਅਗਲੇ ਹਫ਼ਤੇ ਜਾਰੀ ਕਰ ਦਿੱਤਾ ਜਾਵੇਗਾ। ਆਮ ਆਦਮੀ ਪਾਰਟੀ ਦੇ ਲੀਡਰ ਅਰਵਿੰਦ ਕੇਜਰੀਵਾਲ ਦਾ ਧਰਮਸ਼ਾਲਾ ਤੋਂ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਨ, ਅਰਵਿੰਦ ਕੇਜਰੀਵਾਲ ਦੀ ਵਾਪਸੀ ਦੇ ਨਾਲ ਹੀ ਇਸ ਦੂਜੀ ਲਿਸਟ ਫਾਈਨਲ ਕਰਦੇ ਹੋਏ ਇਸ ਨੂੰ ਜਾਰੀ ਕਰ ਦਿੱਤਾ ਜਾਵੇਗਾ। ਇਸ ਲਿਸਟ ਵਿੱਚ ਲਗਭਗ 15 ਤੋਂ 20 ਉਮੀਦਵਾਰ ਸ਼ਾਮਲ ਹੋਣਗੇ ਅਤੇ ਇਸ ਲਿਸਟ ਵਿੱਚ ਕਈ ਦਿੱਗਜ਼ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਨਾਅ ਆਉਣ ਵਾਲਾ ਹੈ ਪਰ ਇਸ ਲਿਸਟ ਵਿੱਚ ਵੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਸ਼ਾਮਲ ਨਹੀਂ ਹੋਣਗੇ।

ਇਹ ਵੀ ਪੜ੍ਹੋ : ਆਓ! ਜਾਣੀਏ ਕੀ ਹੁੰਦੈੈ ਅਟੇਰਨ

ਜਾਣਕਾਰੀ ਅਨੁਸਾਰ ਪਿਛਲੇ ਹਫ਼ਤੇ 4 ਅਗਸਤ ਨੂੰ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ 19 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਸੀ। ਬੇਸ਼ਕ ਇਸ ਲਿਸਟ ਨੂੰ ਲੈ ਕੇ ਕਾਫ਼ੀ ਜਿਆਦਾ ਵਿਵਾਦ ਹੋਇਆ ਅਤੇ ਖ਼ੁਦ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੀ ਨਰਾਜ਼ ਹੋ ਗਏ ਪਰ ਹੁਣ ਇਸ ਨਰਾਜ਼ਗੀ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਨੇ ਆਪਣੀ ਦੂਜੀ ਉਮੀਦਵਾਰਾਂ ਦੀ ਲਿਸਟ ਤਿਆਰ ਕਰ ਲਈ ਹੈ। ਇਹ ਲਿਸਟ ਦਿੱਲੀ ਵਿਖੇ ਪੁੱਜ ਗਈ ਹੈ ਅਤੇ ਇਸ ‘ਤੇ ਫਾਈਨਲ ਮੀਟਿੰਗ ਕਰਨ ਤੋਂ ਬਾਅਦ ਖ਼ੁਦ ਅਰਵਿੰਦ ਕੇਜਰੀਵਾਲ ਮੁਹਰ ਲਗਾਉਣਗੇ।

ਇਸ ਸਮੇਂ ਅਰਵਿੰਦ ਕੇਜਰੀਵਾਲ ਧਰਮਸ਼ਾਲਾ ਵਿਖੇ ਰਾਜਨੀਤੀ ਤੋਂ ਦੂਰ ਅਰਾਮ ਫਰਮਾ ਰਹੇ ਹਨ, ਜਿਸ ਕਾਰਨ ਉਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੂਜੀ ਲਿਸਟ ਵਿੱਚ ਲਗਭਗ 15 ਤੋਂ 20 ਉਮੀਦਵਾਰ ਹੋਣਗੇ, ਜਿਨਾਂ ਵਿੱਚ ਅਮਨ ਅਰੋੜਾ, ਸੁਖਪਾਲ ਖਹਿਰਾ ਅਤੇ ਕਈ ਹੋਰ ਦਿਗਜ਼ ਆਮ ਆਦਮੀ ਪਾਰਟੀ ਦੇ ਲੀਡਰ ਦਾ ਨਾਅ ਸ਼ਾਮਲ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਲਿਸਟ ਵਿੱਚ ਸੰਸਦ ਮੈਂਬਰ ਭਗਵੰਤ ਮਾਨ ਨੂੰ ਬਾਹਰ ਰੱਖਿਆ ਜਾ ਰਿਹਾ ਹੈ, ਕਿਉਂਕਿ ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਸੰਸਦ ਵਿੱਚ ਹੀ ਰਖਣਾ ਚਾਹੁੰਦੀ ਹੈ ਤਾਂ ਕਿ ਸੰਸਦ ਵਿੱਚ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਨੁਮਾਇੰਦਗੀ ਕਰਦੇ ਰਹਿਣ।

ਸੁੱਚਾ ਸਿੰਘ ਛੋਟੇਪੁਰ ਮੰਨਣ ਨੂੰ ਤਿਆਰ ਨਹੀਂ, ਦੂਜੀ ਲਿਸਟ ਨੂੰ ਲੈ ਫਿਰ ਪੈਦਾ ਹੋ ਸਕਦੈ ਵਿਵਾਦ

‘ਆਪ’ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਪਿਛਲੇ ਇੱਕ ਹਫ਼ਤੇ ਤੋਂ ਆਪਣੀ ਹੀ ਪਾਰਟੀ ਤੋਂ ਨਰਾਜ਼ ਚਲ ਰਹੇ ਹਨ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਉਨਾਂ ਨੂੰ ਮਨਾਉਣ ਵਿੱਚ ਹੁਣ ਤੱਕ ਸਫ਼ਲ ਨਹੀਂ ਹੋ ਸਕੇ ਹਨ, ਜਿਸ ਕਾਰਨ ਦੂਜੀ ਲਿਸਟ ਨੂੰ ਲੈ ਕੇ ਵੀ ਵਿਵਾਦ ਹੋ ਸਕਦਾ ਹੈ, ਕਿਉਂਕਿ ਸੁੱਚਾ ਸਿੰਘ ਛੋਟੇਪੂਰ ਦੀ ਗੈਰ ਹਾਜ਼ਰੀ ਵਿੱਚ ਹੀ ਇਹ ਲਿਸਟ ਤਿਆਰ ਕੀਤੀ ਗਈ ਹੈ ਅਤੇ ਇਸ ਨੂੰ ਪਾਸ ਕਰਦੇ ਹੋਏ ਦਿੱਲੀ ਭੇਜਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸੁੱਚਾ ਸਿੰਘ ਛੋਟੇਪੁਰ ਅਰਵਿੰਦ ਕੇਜਰੀਵਾਲ ਦੇ ਆਉਣ ‘ਤੇ ਹੀ ਆਪਣਾ ਮਾਮਲਾ ਪਾਰਟੀ ਕੋਲ ਰੱਖਣਗੇ, ਜਿਸ ਕਾਰਨ ਜੇਕਰ ਸੁੱਚਾ ਸਿੰਘ ਛੋਟੇਪੁਰ ਨੂੰ ਮਨਾਉਣ ਤੋਂ ਪਹਿਲਾਂ ਹੀ ਲਿਸਟ ਜਾਰੀ ਹੋ ਗਈ ਤਾਂ ਪੰਜਾਬ ਵਿੱਚ ਪਾਰਟੀ ਦਾ ਅੰਦਰੂਨੀ ਵਿਵਾਦ ਹੋਰ ਜਿਆਦਾ ਭੱਖ ਸਕਦਾ ਹੈ।