ਅਕਾਲੀ ਦਲ ‘ਚ ਸ਼ਾਮਲ ਹੋਣਗੇ ਅੱਜ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ, ਚਮਕੌਰ ਸਾਹਿਬ ਤੋਂ ਲੜ ਸਕਦੈ ਹਨ ਚੋਣ

ਕੁਲਵੰਤ ਸਿੰਘ ਨਾਲ 11 ਆਜ਼ਾਦ ਐਮ.ਸੀ. ਵੀ ਹੋਣਗੇ ਅਕਾਲੀ ਦਲ ‘ਚ ਸ਼ਾਮਲ

  1. ਐਨ ਕੇ ਸ਼ਰਮਾ ਨੇ ਨਿਭਾਈ ਅਕਾਲੀ ਦਲ ‘ਚ ਸ਼ਾਮਲ ਕਰਨ ਸਬੰਧੀ ਅਹਿਮ ਭੂਮਿਕਾ

ਚੰਡੀਗੜ,  (ਅਸ਼ਵਨੀ ਚਾਵਲਾ)। ਮੁਹਾਲੀ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਆਖ਼ਰਕਾਰ ਭਲਕੇ ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨਾਲ ੇ 11 ਆਜ਼ਾਦ ਐਮ.ਸੀ. ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਸਕਦੇ ਹਨ। ਸੁਖਬੀਰ ਬਾਦਲ ਖ਼ੁਦ ਕੁਲਵੰਤ ਸਿੰਘ ਨੂੰ ਅੱਜ ਚੰਡੀਗੜ ਵਿਖੇ ਪਾਰਟੀ ਦਫ਼ਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਵਾਉਣਗੇ। ਇਥੇ ਹੀ ਦੱਸਿਆ ਜਾ ਰਿਹਾ ਹੈ ਕਿ ਕੁਲਵੰਤ ਸਿੰਘ ਨੂੰ ਚਮਕੌਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਵੀ ਬਣਾਇਆ ਜਾ ਸਕਦਾ ਹੈ ਹਾਲਾਂਕਿ ਕੁਲਵੰਤ ਸਿੰਘ ਮੁਹਾਲੀ ਤੋਂ ਚੋਣ ਲੜਨਾ ਚਾਹੁੰਦੇ ਹਨ।

ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਫਤਿਹਗੜ ਸਾਹਿਬ ਦੀ ਸੀਟ ‘ਤੇ ਲੋਕ ਸਭਾ ਦੀ ਚੋਣ ਲੜਨ ਤੋਂ ਬਾਅਦ ਕੁਲਵੰਤ ਸਿੰਘ ਨੇ ਪਿਛਲੇ ਸਾਲ ਐਮ.ਸੀ. ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਤੋੜ-ਵਿਛੋੜਾ ਕਰ ਲਿਆ ਸੀ, ਕਿਉਂਕਿ ਕੁਲਵੰਤ ਸਿੰਘ ਦੀ ਅੱਖ ਮੇਅਰ ਦੀ ਕੁਰਸੀ ‘ਤੇ ਸੀ ਅਤੇ ਉਹ ਟਿਕਟਾਂ ਦੀ ਵੰਡ ਆਪਣੇ ਹਿਸਾਬ ਨਾਲ ਕਰਵਾਉਣ ਦੇ ਨਾਲ ਹੀ ਆਪਣੇ ਖ਼ਾਸ ਲੀਡਰਾਂ ਨੂੰ ਟਿਕਟ ਦਿਵਾਉਣਾ ਚਾਹੁੰਦੇ ਸਨ ਪਰ ਮੁਹਾਲੀ ਹਲਕਾ ਇਨਚਾਰਜ ਬਲਵੰਤ ਸਿੰਘ ਰਾਮੂਵਾਲੀਆ ਨਾਲ ਉਨਾਂ ਦੇ ਸੁਰ ਨਹੀਂ ਮਿਲਣ ਦੇ ਕਾਰਨ ਕੁਲਵੰਤ ਸਿੰਘ ਨੇ ਬਾਗੀ ਹੋ ਕੇ ਵੱਖਰੇ ਤੌਰ ‘ਤੇ ਹੀ ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਸੀ। ਜਿਥੇ ਕਿ ਕੁਲਵੰਤ ਸਿੰਘ ਨੇ ਆਪਣੇ ਗੁੱਟ ਦੇ ਕਈ ਉਮੀਦਵਾਰਾਂ ਨੂੰ ਜਿਤਾ ਕੇ  ਸ਼੍ਰੋਮਣੀ ਅਕਾਲੀ ਦਲ ਦੇ ਲਗਭਗ 11 ਉਮੀਦਵਾਰ ਨੂੰ ਹਾਰ ਦਾ ਮੂੰਹ ਦਿਖਾਇਆ ਸੀ। ਕੁਲਵੰਤ ਸਿੰਘ ਨੇ ਕਾਂਗਰਸ ਦੇ 14 ਐਮ.ਸੀ. ਦੀ ਮਦਦ ਨਾਲ ਮੁਹਾਲੀ ਨਗਰ ਨਿਗਮ ‘ਤੇ ਆਪਣਾ ਕਬਜ਼ਾ ਕਰਦੇ ਹੋਏ ਮੇਅਰ ਦੀ ਕੁਰਸੀ ਹਾਸਲ ਕਰ ਲਈ ਸੀ। ਜਿਸ ਤੋਂ ਬਾਅਦ ਹੁਣ ਤੱਕ ਕੁਲਵੰਤ ਸਿੰਘ ਦਾ ਹੀ ਸਿੱਕਾ ਮੁਹਾਲੀ ਵਿਖੇ ਚਲਦਾ ਆਇਆ ਹੈ।

ਇਹ ਵੀ ਪੜ੍ਹੋ : ਲੋਕਾਂ ਦਾ ਰੁਝਾਨ ਫਿਰ ਤੋਂ ਸਰਕਾਰੀ ਸਕੂਲਾਂ ਵੱਲ ਵਧਣਾ ਸ਼ਲਾਘਾਯੋਗ

ਪਿਛਲੇ ਕਾਫ਼ੀ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਕੁਲਵੰਤ ਸਿੰਘ ਨੂੰ ਘਰ ਵਾਪਸੀ ਕਰਵਾਉਣ ਲਈ ਜੋੜ ਤੋੜ ਦੀ ਨੀਤੀ ਵਿੱਚ ਲੱਗਿਆ ਹੋਇਆ ਸੀ ਅਤੇ ਇਸ ਕੰਮ ਨੂੰ ਪਾਰ ਲਗਾਉਣ ਲਈ ਸੁਖਬੀਰ ਬਾਦਲ ਨੇ ਐਨ. ਕੇ. ਸ਼ਰਮਾ ਦੀ ਡਿਉੂਟੀ ਲਾਈ ਹੋਈ ਸੀ, ਕਿਉਂਕਿ ਐਨ.ਕੇ. ਸ਼ਰਮਾ ਦੀ ਕੁਲਵੰਤ ਸਿੰਘ ਚੰਗੀ ਦੋਸਤੀ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੁਲਵੰਤ ਸਿੰਘ ਨੂੰ ਚਮਕੌਰ ਸਾਹਿਬ ਤੋਂ ਆਪਣਾ ਉਮੀਦਵਾਰ ਬਣਾਉਣਾ ਚਾਹੁੰਦਾ ਹੈ, ਜਦੋਂ ਕਿ ਉਹ ਖ਼ੁਦ ਮੁਹਾਲੀ ਤੋਂ ਚੋਣ ਲੜਨ ਦੇ ਚਾਹਵਾਨ ਹਨ। ਦੱਸਿਆ ਜਾ ਰਿਹਾ ਹੈ ਲਗਭਗ ਸਾਰੀ ਗੱਲਬਾਤ ਸੁਖਬੀਰ ਬਾਦਲ ਨਾਲ ਗੱਲਬਾਤ ਹੋ ਗਈ ਹੈ, ਵਿਧਾਨ ਸਭਾ ਚੋਣਾਂ ਵਿੱਚ ਟਿਕਟ ਬਾਰੇ ਰਸਮੀ ਐਲਾਨ ਇਸੇ ਮਹੀਨੇ ਅਗਸਤ ਵਿੱਚ ਹੋ ਜਾਵੇਗਾ।

ਅਸੀਂ ਨਹੀਂ ਲਿਆ ਸੀ ਗਲਤ ਫੈਸਲਾ, ਸਾਨੂੰ ਕਿਹੜਾ ਪਤਾ ਸੀ ਇਹ ਭਜ ਜਾਊ : ਬਲ ਬੀਰ ਸਿੱਧੂ

ਕੁਲਵੰਤ ਸਿੰਘ ਨੂੰ ਮੁਹਾਲੀ ਦਾ ਮੇਅਰ ਬਣਾਉਣ ਲਈ ਸਾਰੀ ਰਣਨੀਤੀ ਤਿਆਰ ਕਰਨ ਅਤੇ ਕਾਂਗਰਸੀ ਨਗਰ ਕੌਂਸਲਰਾਂ ਦਾ ਸਮਰਥਨ ਦਿਵਾਉਣ ਵਾਲੇ ਕਾਂਗਰਸ ਦੇ ਵਿਧਾਇਕ ਬਲਬੀਰ ਸਿੱਧੂ ਨੇ ਕਿਹਾ ਕਿ ਅਸੀਂ ਕੁਲਵੰਤ ਨੂੰ ਮੇਅਰ ਬਣਾਉਣ ਦਾ ਫੈਸਲਾ ਗਲਤ ਨਹੀਂ ਲਿਆ ਸੀ, ਕਿਉਂਕਿ ਸਾਨੂੰ ਉਹ ਸਮੇਂ ਪਤਾ ਹੀ ਨਹੀਂ ਸੀ ਕਿ ਇਹ ਮੁੜ ਤੋਂ ਅਕਾਲੀ ਦਲ ਵਿੱਚ ਭੱਜ ਜਾਵੇਗਾ। ਉਨਾਂ ਕਿਹਾ ਕਿ ਅੱਜ ਵੀ ਅਸੀਂ ਆਪਣੇ ਗਠਜੋੜ ‘ਤੇ ਕਾਇਮ ਹਾਂ ਪਰ ਹੁਣ ਇਹ ਹੀ ਅਕਾਲੀ ਦਲ ਵਿੱਚ ਜਾ ਰਿਹਾ ਹੈ ਤਾਂ ਅਸੀਂ ਕੀ ਕਰ ਸਕਦੇ ਹਾਂ  ਅਸੀਂ ਹੁਣ ਇਸ ਦਾ ਮਨ ਤਾਂ ਬਦਲ ਨਹੀਂ ਸਕਦੇ।