ਮੋਹਾਲੀ,(ਸੱਚ ਕਹੂੰ ਨਿਊਜ਼) ਦੇਸ਼ ਦੀਆਂ ਸਰਹੱਦਾਂ ‘ਤੇ ਦੇਸ਼ ਦੀ ਰਾਖੀ ਦੇ ਲਈ ਕੁਰਬਾਨ ਹੋਏ ਫੋਜੀਆਂ ਦੀਆਂ ਵਿਧਾਵਾਂ ਨਾਲ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਪੂਰੇ ਨਾ ਕਰਨ ‘ਤੇ ਉਨਾਂ ਦੇ ਪਤੀਆਂ ਨੂੰ ਮਿਲੇ ਬਹਾਦਰੀ ਦੇ ਤਗਮੇ ਅਤੇ ਸਨਮਾਨ ਚਿੰਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਭਲਕੇ 9 ਅਗਸਤ ਨੂੰ ਉਨਾਂ ਦੀ ਰਿਹਾਇਸ਼ ‘ਤੇ ਵਾਪਸ ਕੀਤੇ ਜਾਣਗੇ।
ਸਾਬਕਾ ਫੌਜੀਆਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਉਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕਿ ਕਈ ਵਾਰ ਮੁੱਖ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਅਪੀਲ ਕੀਤੀ ਗਈ ਪਰ ਉਨਾਂ ਦੀਆਂ ਆਸ਼ਾਂ ਨੂੰ ਬੂਰ ਨਹੀਂ ਪਿਆ। ਉਨਾਂ ਕਿਹਾ ਸਰਕਾਰ ਨੇ ਉਨਾਂ ਨਾਲ ਵਾਅਦਾ ਕਰਕੇ ਵੀ ਪੂਰੇ ਨਹੀਂ ਕੀਤੇ। ਸ਼ਹੀਦਾਂ ਦੇ ਪਰਿਵਾਰ ਹੁਣ ਰੋਟੀ ਰੋਜ਼ੀ ਤੋਂ ਵੀ ਮੁਥਾਜ ਹਨ। ਇਸ ਲਈ ਸਰਕਾਰ ਨੂੰ ਆਪਣਾ ਰੋਸ ਪ੍ਰਗਟ ਕਰਦੇ ਹੋਏ ਸ਼ਹੀਦਾਂ ਦਿੱਤੇ ਗਏ ਪੁਰਸਕਾਰ ਵਾਪਸ ਕੀਤੇ ਜਾਣਗੇ। ਸਾਬਕਾ ਸੈਨਿਕਾ ਦੀ ਸੰਸਥਾ ਦੇ ਅਹੁਦੇਦਾਰ ਕਰਨੈਲ ਸਿੰਘ ਬੈਦਵਾਨ ਨੇ ਕਿਹਾ ਕਿ ਪੰਜਾਬ ਭਰ ਦੇ ਸ਼ਹੀਦ ਸੈਨਿਕਾਂ ਦੇ ਪਰਿਵਾਰ ਪ੍ਰਾਪਤ ਕੀਤੇ ਸਨਮਾਨ ਚਿੰਨ ਅਤੇ ਤਗਮੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਨਾਂ ਦੀ ਰਿਹਾਇਸ਼ ‘ਤੇ ਜਾ ਕੇ ਵਾਪਸ ਕਰਨਗੇ।
ਉਨਾਂ ਕਿਹਾ ਕਿ ਉਨਾਂ ਦੀ ਸੰਸਥਾਂ ਵੱਲੋਂ ਸਾਰੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਸਰਕਾਰ ਨੇ ਮਸਲੇ ਹੱਲ ਨਹੀਂ ਕੀਤੇ ਅਤੇ ਸ਼ਹੀਦਾਂ ਦੀ ਮੌਤ ਤੋਂ ਬਾਅਦ ਐਲਾਨ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ ਇਸ ਲਈ ਇਹ ਫੈਸਲਾ ਕੀਤਾ ਗਿਆ ਹੈ।