ਸੀਵਰੇਜ਼ ਦੀ ਸਫਾਈ ਕਰਨ ਉੱਤਰੇ 2 ਵਿਅਕਤੀਆਂ ਦੀ ਮੌਤ

ਗੈਸ ਚੜ੍ਹਨ ਨਾਲ ਹੋਈ ਮੌਤ
ਸੱਚ ਕਹੂੰ ਨਿਊਜ਼
ਤਰਨਤਾਰਨ,
ਪੱਟੀ ਸ਼ਹਿਰ ਦੇ ਬੱਸ ਸਟੈਂਡ ਨੇੜੇ ਸੀਵਰੇਜ਼ ਦੀ ਸਫਾਈ ਕਰਨ ਉਤਰੇ 2 ਵਿਅਕਤੀਆਂ ਦੀ ਸੀਵਰੇਜ਼ ਵਿਚਲੀ ਗੈਸ ਚੜ੍ਹਨ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰ 8.30 ਕਰੀਬ ਅਮਨ ਕੁਮਾਰ (35) ਪੁੱਤਰ ਵਿਜੇ ਕੁਮਾਰ ਤੇ ਪ੍ਰੇਮ ਕੁਮਾਰ ਕਾਕਾ (29) ਪੁੱਤਰ ਸਾਧਾ ਸਿੰਘ ਵਾਸੀ ਪੱਟੀ ਸੀਵਰੇਜ਼ ਵਿਚ ਸਫਾਈ ਕਰਨ ਲਈ ਉੱਤਰੇ ਤਾਂ ਸੀਵਰੇਜ਼ ਵਿਚਲੀ ਗੈਸ ਚੜ੍ਹਨ ਨਾਲ ਉਨ੍ਹਾਂ ਦੀ ਹਾਲਤ ਖਰਾਬ ਹੋ ਗਈ। ਉਨ੍ਹਾਂ ਨੂੰ ਤੁਰੰਤ ਸੰਧੂ ਹਸਪਤਾਲ ਪੱਟੀ ਵਿਖੇ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਇਸ ਮੌਕੇ ਮੇਜ਼ਰ ਸਿੰਘ ਇੰਚਾਰਜ਼ ਸੀਵਰੇਜ਼, ਰਣਬੀਰ ਸੂਦ ਸੈਨੇਟਰੀ ਇੰਸਪੈਕਟਰ, ਜਗਦੀਪ ਸਿੰਘ, ਬਲਵੰਤ ਰਾਏ ਪ੍ਰਧਾਨ ਲੇਬਰ ਮਿਊਂਸੀਪਲ ਨੇ ਕਿਹਾ ਕਿ ਘਟਨਾ ਤੋਂ ਬਾਅਦ ਉਨ੍ਹਾਂ ਦੋਵੇਂ ਵਿਅਕਤੀਆਂ ਨੂੰ ਰੱਸੇ ਦੀ ਮੱਦਦ ਨਾਲ ਬਾਹਰ ਕੱਢਿਆ ਗਿਆ ਤੇ ਗੱਡੀ ਦੀ ਮੱਦਦ ਲੈ ਕੇ ਤੁਰੰਤ ਹਸਪਤਾਲ ਲਿਜਾਇਆ ਗਿਆ।
ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤਂੋ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਜਾਰੀ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਦੋਵਂੇ ਵਿਅਕਤੀ ਨਗਰ ਕੌਂਸਲ ਪੱਟੀ ਵਿਖੇ ਸੀਵਰੇਜ਼ ਵਿੰਗ ਵਿਚ ਪ੍ਰਾਈਵੇਟ ਠੇਕੇ ‘ਤੇ 10 ਸਾਲਾਂ ਤੋਂ ਕੰਮ ਕਰਦੇ ਆ ਰਹੇ ਸਨ, ਪਰ ਅੱਜ ਤੱਕ ਪੱਕੇ ਮੁਲਾਜ਼ਮ ਨਹੀਂ ਬਣ ਸਕੇ। ਦੋਵਂੇ ਵਿਅਕਤੀ ਵਿਆਹੇ ਹੋਏ ਸਨ ਤੇ ਆਪਣੇ ਪਿੱਛੇ ਪਤਨੀ ਤੇ ਬੱਚੇ ਛੱਡ ਗਏ ਹਨ।