ਸੱਤਪਾਲ/ਬਸੰਤ ਸਿੰਘ
ਫਿਰੋਜ਼ਪੁਰ/ਤਲਵੰਡੀ ਭਾਈ
ਪਿੰਡ ਕਾਲੀਏ ਵਾਲਾ ‘ਚ ਇੱਕ ਸਹੁਰੇ ਪਰਿਵਾਰ ਵੱਲੋਂ ਕਥਿਤ ਤੌਰ ‘ਤੇ ਵਿਆਹੁਤਾ ਦਾ ਗਲ ਘੁੱਟ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਨੇ ਇਸ ਮਾਮਲੇ ਵਿੱਚ ਸਹੁਰੇ ਪਰਿਵਾਰ ਦੇ ਤਿੰਨ ਮੈਂਬਰਾਂ ਖਿਲਾਫ਼ ਪਰਚਾ ਦਰਜ ਕੀਤਾ ਹੈਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸੁਖਚੈਨ ਕੌਰ ਪਤਨੀ ਮਦਨ ਸਿੰਘ ਵਾਸੀ ਪਿੰਡ ਵਾਂਦਰ ਜ਼ਿਲ੍ਹਾ ਮੋਗਾ ਨੇ ਦੱਸਿਆ ਕਿ ਉਸ ਦੀ ਲੜਕੀ ਨਵਜੀਤ ਕੌਰ (24) ਦਾ ਵਿਆਹ ਕਰੀਬ ਢਾਈ ਸਾਲ ਪਹਿਲਾਂ ਹਰਪ੍ਰੀਤ ਸਿੰਘ ਪੁੱਤਰ ਨੈਬ ਸਿੰਘ ਨਾਲ ਹੋਇਆ ਸੀ ਜੋ ਭੂਟਾਨ ਵਿੱਚ ਨੌਕਰੀ ਕਰਦਾ ਹੈ। ਹਰਪ੍ਰੀਤ ਸਿੰਘ ਉਸ ਦੀ ਲੜਕੀ ਨਵਜੀਤ ਨੂੰ ਫੋਨ ‘ਤੇ ਤਲਾਕ ਦੇਣ ਦੀਆਂ ਧਮਕੀਆਂ ਦਿੰਦਾ ਸੀ ਅਤੇ ਲੜਕੀ ਦਾ ਸਹੁਰਾ ਪਰਿਵਾਰ ਵੀ ਉਸ ਨਾਲ ਮਾੜਾ ਬੋਲਦਾ ਸੀ। ਸੁਖਚੈਨ ਕੌਰ ਨੇ ਦੱਸਿਆ ਕਿ ਉਹ ਆਪਣੀ ਲੜਕੀ ਨੂੰ ਮਿਲਣ ਲਈ ਉਸਦੇ ਸਹੁਰੇ ਪਿੰਡ ਗਈ ਤਾਂ ਉਸ ਨੇ ਉੱਥੇ ਦੇਖਿਆ ਕਿ ਬੈੱਡ ‘ਤੇ ਉਸ ਦੀ ਲੜਕੀ ਦੀ ਸੱਸ ਕੁਲਵਿੰਦਰ ਕੌਰ ਅਤੇ ਦਿਉਰ ਗੁਰਪੀ੍ਰਤ ਸਿੰਘ ਨੇ ਨਵਜੀਤ ਕੌਰ ਦੇ ਗਲ ਵਿਚ ਰੱਸੀ ਪਾਈ ਹੋਈ ਸੀ, ਤਾਂ ਦੋਵੇਂ ਮਾਂ ਪੁੱਤ ਉਸ ਨੂੰ ਦੇਖ ਕੇ ਮੌਕੇ ਤੋਂ ਭੱਜ ਗਏ ਪਰ ਉਦੋਂ ਤੱਕ ਨਵਜੀਤ ਕੌਰ ਦੀ ਗਲ ਘੁੱਟਣ ਨਾਲ ਮੌਤ ਹੋ ਚੁੱਕੀ ਸੀ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਘੱਲ ਖੁਰਦ ਦੇ ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸੁਖਚੈਨ ਕੌਰ ਦੇ ਬਿਆਨਾਂ ‘ਤੇ ਮ੍ਰਿਤਕਾ ਦੇ ਪਤੀ ਹਰਪ੍ਰੀਤ ਸਿੰਘ, ਦਿਉਰ ਗੁਰਪ੍ਰੀਤ ਸਿੰਘ ਅਤੇ ਸੱਸ ਕੁਲਵਿੰਦਰ ਕੌਰ ਖਿਲਾਫ਼ ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।