ਸਰਕਾਰ ਪਲਟਦਿਆਂ ਪਲਟੀ ਪੀਏਯੂ ਦੀ ਕਿਸਮਤ, ਛੇ ਟਿਊਬਵੈੱਲ ਕੁਨੈਕਸ਼ਨ ਜਾਰੀ

ਅਸ਼ਵਨੀ ਚਾਵਲਾ
ਚੰਡੀਗੜ੍ਹ,
ਪੰਜਾਬ ਦੀ ਕਿਸਾਨੀ ਨੂੰ ਘਾਟੇ ਦੇ ਸੌਦੇ ਤੋਂ ਬਾਹਰ ਲੈ ਕੇ ਆਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਫਸਲਾਂ ‘ਤੇ ਰਿਸਰਚ ਕਰਨ ਵਾਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀ ਪਿਛਲੀ ਅਕਾਲੀ-ਭਾਜਪਾ ਸਰਕਾਰ ਕੋਲ ਗੇੜੇ ਤੇ ਗੇੜਾ ਮਾਰਕੇ ਸਿਰਫ਼ 6 ਟਿਊਬਵੈਲ ਕੁਨੈਕਸ਼ਨ ਲੈਣ ਲਈ ਹੱਥ ਅੱਡਦੀ ਰਹਿ ਗਈ, ਜਦੋਂ ਕਿ ਅਕਾਲੀਆਂ ਨੇ ਆਪਣੇ ਵਰਕਰਾਂ ਨੂੰ 65 ਹਜ਼ਾਰ ਤੋਂ ਜ਼ਿਆਦਾ ਟਿਊਬਵੈਲ ਕੁਨੈਕਸ਼ਨ ਰੁੰਗੇ ‘ਚ ਹੀ ਵੰਡ ਦਿੱਤੇ। ਇਹ ਮਾਮਲਾ ਕਾਂਗਰਸ ਸਰਕਾਰ ਦੇ ਧਿਆਨ ਵਿੱਚ ਆਉਣ ਤੋਂ ਤੁਰੰਤ ਬਾਅਦ ਹੀ ਸਰਕਾਰ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ 6 ਕੂਨੈਕਸ਼ਨ ਜਾਰੀ ਕਰ ਦਿੱਤੇ ਹਨ।
ਜਾਣਕਾਰੀ ਅਨੁਸਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲੁਧਿਆਣਾ ਤੋਂ ਇਲਾਵਾ ਬਠਿੰਡਾ ਅਤੇ ਫਰੀਦਕੋਟ ‘ਚ ਵੀ ਆਪਣਾ ਖੋਜ ਕੇਂਦਰ ਬਣਾਇਆ ਹੋਇਆ ਹੈ ਇਨ੍ਹਾਂ ਖੋਜ ਕੇਂਦਰਾਂ ‘ਚ ਵੱਖ-ਵੱਖ ਫਸਲਾਂ ਲਈ ਵੱਖ-ਵੱਖ ਤਰ੍ਹਾਂ ਦੀਆਂ ਖੋਜਾਂ ਕਰਕੇ ਮੌਜੂਦਾ ਫਸਲਾਂ ਨੂੰ ਜ਼ਿਆਦਾ ਫਾਇਦੇਮੰਦ ਬਣਾਉਣ ਅਤੇ ਨਵੀਂ ਫਸਲਾਂ ਤਿਆਰ ਕਰਨ ਦਾ ਕੰਮ ਖੇਤੀਬਾੜੀ ਮਾਹਿਰਾਂ ਵੱਲੋਂ ਕੀਤਾ ਜਾਂਦਾ ਹੈ। ਯੂਨੀਵਰਸਿਟੀ ਨੂੰ ਖੋਜ ਲਈ ਪਾਣੀ ਦੀ ਘਾਟ ਆਉਣ ਕਾਰਨ ਅਧਿਕਾਰੀਆਂ ਨੇ ਪਿਛਲੇ ਡੇਢ ਸਾਲ ਤੋਂ 6 ਟਿਊਬਵੈਲ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਸੀ। ਇਸ ਸਬੰਧੀ ‘ਵਰਸਿਟੀ ਅਧਿਕਾਰੀ ਤੇ ਖੁਦ ਵਾਈਸ ਚਾਂਸਲਰ ਵੱਲੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ, ਬਿਜਲੀ ਵਿਭਾਗ ਦੇ ਅਧਿਕਾਰੀਆਂ ਸਮੇਤ ਉਸ ਵੇਲੇ ਦੇ  ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੱਕ ਪਹੁੰਚ ਕੀਤੀ ਗਈ ਸੀ, ਪਰੰਤੂ ਕੋਈ ਹੱਲ ਨਾਂ ਹੋਇਆ
ਪਿਛਲੇ ਹਫ਼ਤੇ ਹੀ ਯੂਨੀਵਰਸਿਟੀ ਦੇ  ਵਾਈਸ ਚਾਂਸਲਰ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਮਿਲੇ ਸਨ। ਆਖਰਕਾਰ ‘ਵਰਸਿਟੀ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ ਤੇ ਸਰਕਾਰ ਨੇ 6 ਟਿਊਬਵੈਲ ਜਾਰੀ ਕਰਨ ਦੇ ਆਦੇਸ਼ ਦੇ ਦਿੱਤੇ