ਸਕੂਲ ਬੱਸ ਹਾਦਸੇ ਦੀ ਜਾਂਚ ਦੇ ਹੁਕਮ

ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਵਿਖਾਈ ਸਰਗਰਮੀ
ਸੱਚ ਕਹੂੰ ਨਿਊਜ਼
ਚੰਡੀਗੜ੍ਹ
ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਪਿੰਡ ਸਿੰਘਪੁਰ ਨੇੜੇ ਦਸੂਹਾ-ਹਾਜੀਪੁਰ ਰੋਡ, ਹੁਸ਼ਿਆਰਪੁਰ ਵਿਖੇ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਦੇ ਹਾਦਸਾਗ੍ਰਸਤ ਹੋਣ ਨਾਲ 3 ਬੱਚਿਆਂ ਅਤੇ ਇਕ ਡਰਾਈਵਰ ਸਮੇਤ 4 ਮੌਤਾਂ ਹੋਣ ‘ਤੇ ਡਿਪਟੀ ਕਮਿਸ਼ਨਰ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਸੁਕੇਸ਼ ਕਾਲੀਆ ਨੇ ਕਿਹਾ ਕਿ ਸਕੂਲੀ ਬੱਚਿਆਂ ਵਾਲੀ ਬੱਸ ਨਾਲ ਵਾਪਰਿਆ ਇਹ ਹਾਦਸਾ ਅਸਹਿ ਹੈ ਅਤੇ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਰੋਕਣ ਲਈ ਜਿੰਮੇਵਾਰ ਦੋਸ਼ੀਆਂ ਵਿੱਰੁਧ  ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ ਅਤੇ ਸੂਬਾ ਪੱਧਰ ‘ਤੇ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਜਾਵੇ।
ਕਾਲੀਆ ਨੇ ਕਿਹਾ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਹਦਾਇਤਾਂ ਦੇ ਅਨੁਸਾਰ ਜ਼ਿਲ੍ਹਾ ਪੱਧਰ ‘ਤੇ ਸਕੂਲਾਂ ਦੇ ਵਾਹਨਾਂ ਦੀ ਚੈਕਿੰਗ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਜ਼ਿਲ੍ਹਾ ਟਰਾਂਸਪੋਰਟ ਅਫਸਰਅਤੇ ਜਿਲਾ ਸਿੱਖਿਆ ਅਫਸਰ ਨੂੰ ਮੈਂਬਰ ਬਣਾਇਆ ਗਿਆ ਹੈ ।ਉਨਾਂ ਕਿਹਾ ਕਿ ਕਮਿਸ਼ਨ ਵਲੋਂ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਜਿਲਾ ਪੱਧਰੀ ਕਮੇਟੀਆਂ ਲਗਾਤਾਰ ਸਕੂਲਾਂ ਦੇ ਵਾਹਨਾਂ ਦੀ ਨਿਧਾਰਿਤ ਕੀਤੇ ਮਾਪਦੰਡਾਂ ਦੀ ਚੈਕਿੰਗ ਕਰਨਾ ਯਕੀਨੀ ਬਣਾਉਣ ਅਤੇ ਨਿਰੀਕਣ ਕਰਨ ਕਿ ਸਾਰੀਆਂ ਬੱਸਾਂ ‘ਸੇਫ਼ ਸਕੂਲ ਵਾਹਨ ਸਕੀਮ’ ਤਹਿਤ ਜਾਰੀ ਹਦਾਇਤਾਂ ਦੀ ਪਾਲਣਾ ਕਰ ਰਹੀਆਂ ਹਨ।