ਵਿਧਾਨ ਸਭਾ ਦੀ ਕਿਸੇ ਵੀ ਕਮੇਟੀ ‘ਚ ਚੇਅਰਮੈਨ ਨਾ ਬਣ ਸਕੇ ਦੋਵੇਂ ਬਾਦਲ

Election Manifesto Congres

5 ਵਾਰ ਮੁੱਖ ਮੰਤਰੀ ਰਹੇ ਪਰਕਾਸ਼ ਸਿੰਘ ਬਾਦਲ ਦੀ ਮੈਂਬਰੀ ਵਾਲੀ ਕਮੇਟੀ ਦੇ  ਚੇਅਰਮੈਨ ਹੋਣਗੇ ਪਹਿਲੀ ਵਾਰ ਵਿਧਾਇਕ ਬਣੇ ਕੰਵਰ ਸੰਧੂ
ਅਸ਼ਵਨੀ ਚਾਵਲਾ
ਚੰਡੀਗੜ੍ਹ,
ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਪਰਕਾਸ਼ ਸਿੰਘ ਬਾਦਲ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਇਸ ਸਾਲ ਲਈ ਗਠਿਤ ਕੀਤੀ ਗਈ ਕਿਸੇ ਵੀ ਕਮੇਟੀ ਦਾ ਚੇਅਰਮੈਨ ਨਹੀਂ ਬਣਾਇਆ ਗਿਆ ਹੈ, ਜਦੋਂ ਕਿ ਪਹਿਲੀ ਵਾਰ ਵਿਧਾਨ ਸਭਾ ਵਿੱਚ ਵਿਧਾਇਕ ਬਣ ਕੇ ਆਏ ਕੰਵਰ ਸੰਧੂ ਨੂੰ ਚੇਅਰਮੈਨ ਬਣਾਉਂਦੇ ਹੋਏ ਉਸ ਕਮੇਟੀ ਦੀ ਅਗਵਾਈ ਕਰਨ ਦਾ ਮੌਕਾ ਦੇ ਦਿੱਤਾ ਗਿਆ ਹੈ, ਜਿਸ ਕਮੇਟੀ ਵਿੱਚ ਪਰਕਾਸ਼ ਸਿੰਘ ਬਾਦਲ ਨੂੰ ਸਿਰਫ਼ ਮੈਂਬਰ ਨਾਮਜ਼ਦ ਕੀਤਾ ਗਿਆ ਹੈ।
ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਹੀ ਨਹੀਂ ਸਗੋਂ ਸੁਖਬੀਰ ਸਿੰਘ ਬਾਦਲ ਨੂੰ ਵੀ ਇਸੇ ਤਰਾਂ ਕਿਸੇ ਵੀ ਕਮੇਟੀ ਦਾ ਚੇਅਰਮੈਨ ਨਹੀਂ ਬਣਾਇਆ ਗਿਆ ਹੈ। ਸੁਖਬੀਰ ਸਿੰਘ ਬਾਦਲ ਵੀ ਆਪਣੇ ਪਿਤਾ ਪਰਕਾਸ਼ ਸਿੰਘ ਬਾਦਲ ਵਾਂਗ ਹੀ ਸਿਰਫ਼ ਮੈਂਬਰ ਹੀ ਬਣ ਸਕੇ। ਸੁਖਬੀਰ ਸਿੰਘ ਬਾਦਲ ਉਸ ਕਮੇਟੀ ਦੇ ਮੈਂਬਰ ਹਨ, ਜਿਸ ਕਮੇਟੀ ਦੀ ਅਗਵਾਈ ਬਤੌਰ ਚੇਅਰਮੈਨ ਸੁਖਬਿੰਦਰ ਸਿੰਘ ਸੁਖਸਰਕਾਰੀਆਂ ਕਰ ਰਹੇ ਹਨ। ਇਥੇ ਹੀ ਬਿਕਰਮ ਮਜੀਠਿਆ ਨੂੰ ਉਸ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ, ਜਿਸ ਕਮੇਟੀ ਦੇ ਸਭਾਪਤੀ ਓਮ ਪ੍ਰਕਾਸ਼ ਸੋਨੀ ਹਨ। ਓਮ ਪ੍ਰਕਾਸ਼ ਸੋਨੀ ਅਤੇ ਬਿਕਰਮ ਮਜੀਠਿਆ ਵਿਚਕਾਰ ਹਮੇਸ਼ਾ ਹੀ ਸਿਆਸੀ ਲੜਾਈ ਬਹੁਤ ਹੀ ਜਿਆਦਾ ਤੇਜ ਰਹਿੰਦੀ ਆਈ ਹੈ। ਹੁਣ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠਿਆ ਓਮ ਪ੍ਰਕਾਸ਼ ਸੋਨੀ ਦੀ ਅਗਵਾਈ ਵਿੱਚ ਸਰਕਾਰੀ ਕਾਰੋਬਾਰ ਕਮੇਟੀ ਅਧੀਨ ਕੰਮ ਕਰਨਗੇ।
ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਬੁੱਧਵਾਰ ਨੂੰ ਵਿਧਾਨ ਸਭਾ ਦੇ ਅੰਦਰ ਕੰਮ ਕਰਨ ਵਾਲੀ 12 ਵੱਖ-ਵੱਖ ਕਮੇਟੀਆਂ ਦਾ ਗਠਨ ਕਰ ਦਿੱਤਾ ਹੈ। ਇਸ ਕਮੇਟੀਆਂ ਦੇ ਗਠਨ ਵਿੱਚ ਲੋਕ ਲੇਖਾ ਕਮੇਟੀ ਦਾ ਕੰਵਰ ਸੰਧੂ ਨੂੰ ਸਭਾਪਤੀ ਬਣਾਇਆ ਗਿਆ ਹੈ ਅਤੇ ਇਸ ਵਿੱਚ ਪਰਕਾਸ਼ ਸਿੰਘ ਬਾਦਲ ਨੂੰ ਬਤੌਰ ਮੈਂਬਰ ਰੱਖਿਆ ਗਿਆ ਹੈ। ਇਸੇ ਤਰਾਂ ਅਨੁਮਾਨ ਕਮੇਟੀ ਦਾ ਸਭਾਪਤੀ ਸੁਖਬਿੰਦਰ ਸਿੰਘ ਸੁਖਸਰਕਾਰੀਆਂ ਨੂੰ ਬਣਾਇਆ ਗਿਆ ਹੈ, ਇਸ ਵਿੱਚ ਸੁਖਬੀਰ ਬਾਦਲ ਨੂੰ ਸਿਰਫ਼ ਮੈਂਬਰ ਦੇ ਤੌਰ ‘ਤੇ ਰੱਖਿਆ ਗਿਆ ਹੈ।