ਮੰਦਸੌਰ: ਸੂਬਾ ਸਰਕਾਰ ਨੇ ਮੰਨਿਆ, ਪੁਲਿਸ ਗੋਲੀਬਾਰੀ ‘ਚ ਹੋਈ ਕਿਸਾਨਾਂ ਦੀ ਮੌਤ

ਭੋਪਾਲ। ਮੱਧ ਪ੍ਰਦੇਸ਼ ਸਰਕਾਰ ਨੇ ਆਖ਼ਰ ਮੰਨ ਲਿਆ ਕਿ ਮੰਦਸੌਰ ‘ਚ ਭੜਕੇ ਕਿਸਾਨ ਅੰਦੋਲਨ ‘ਚ ਪੰਜ ਵਿਅਕਤੀਆਂ ਦੀ ਮੌਤ ਪੁਲਿਸ ਦੀ ਗੋਲੀ ਲੱਗਣ ਕਾਰਨ ਹੋਈ ਸੀ। ਗ੍ਰਹਿ ਮੰਤਰੀ ਭੁਪੇਂਦਰ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ 5 ਕਿਸਾਨਾਂ ਦੀ ਮੌਤ ਪੁਲਿਸ ਦੀ ਗੋਲ਼ੀਬਾਰੀ ‘ਚ ਹੋਈ। ਜਾਂਚ ‘ਚ ਇਸ ਦੀ ਪੁਸ਼ਟੀ ਹੋਈ ਹੈ। ਸੂਬਾ ਸਰਕਾਰ ਵੱਲੋ. ਘਟਨਾ ਦੀ ਨਿਆਂਇਕ ਜਾਂਚ ਦੇ ਆਦੇਸ਼ ਦਿੱਤੇ ਜਾਣ ਦੇ ਨਾਲ ਹੀ ਮ੍ਰਿਤਕਾਂ ਦੇ ਪਰਿਵਾਰਾਂ ਲਈ ਇੱਕ ਕਰੋੜ ਰੁਪਏ ਸਹਾਇਤਾ ਰਾਸ਼ੀ ਤੇ ਨੌਕਰੀ ਦਾ ਐਲਾਨ ਕੀਤਾ ਗਿਆ ਹੈ।

ਮੰਦਸੌਰ ‘ਚ ਆਰਏਐਫ ਦੇ 1100 ਜਵਾਨ ਤਾਇਨਾਤ
ਹਿੰਸਾ ਪ੍ਰਭਾਵਿਤ ਮੰਦਸੌਰ ਜਿਲ੍ਹੇ ‘ਚ ਰੈਪਿਡ ਐਕਸ਼ਨ ਫੋਰਸ ਦੀਆਂ ਟੂਕੜੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਜਿਲ੍ਹੇ ‘ਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਪੁਲਿਸ ਨੇ ਕਿਹਾ ਕਿ ਮੰਦਸੌਰ ਦੇ ਪਿਪਲੀਆਮੰਡੀ ‘ਚ ਆਰਏੈਫ ਦੀਆਂ ਦੋ ਕੰਪਨੀਆਂ ਨੂੰ ਭੇਜਿਆ ਗਿਆ ਹੈ। ਇੱਕ ਕੰਪਨੀ ‘ਚ ਲਗਭਗ 100 ਜਵਾਨ ਤਾਇਨਾਤ ਹਨ।