ਕੁਲਵੰਤ ਕੋਟਲੀ
ਮੋਹਾਲੀ,
ਰੰਗਮੰਚ ਦੇ ਲੇਖੇ ਆਪਣੀ ਸਾਰੀ ਜ਼ਿੰਦਗੀ ਲਗਾਉਣ ਵਾਲੇ ਤੇ ਸਥਾਨਕ ਫੋਰਟਿਸ ਹਸਪਤਾਲ ‘ਚ ਜ਼ੇਰੇ ਇਲਾਜ ਕੈਂਸਰ ਦੀ ਬਿਮਾਰੀ ਨਾਲ ਪੀੜਤ ਉੱਘੇ ਨਾਟਕਕਾਰ ਅਜਮੇਰ ਸਿੰਘ ਔਲਖ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋ ਲੱਖ ਰੁਪਏ ਦੀ ਮੱਦਦ ਦੇਣ ਦਾ ਐਲਾਨ ਕੀਤਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪ੍ਰਮੁੱਖ ਸਕੱਤਰ ਨੂੰ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਇਹ ਰਾਸ਼ੀ ਤੁਰੰਤ ਜਾਰੀ ਕਰਨ ਲਈ ਆਖਿਆ। ਇਸ ਦੌਰਾਨ ਮੁੱਖ ਮੰਤਰੀ ਨੇ ਸ੍ਰੀ ਔਲਖ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ।
ਇਸ ਸਬੰਧੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਤੇ ਪੰਜਾਬ ਐਕਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਰਸਾ ਨੇ ਪੰਜਾਬ ਸਰਕਾਰ ਵੱਲੋਂ ਦੋ ਲੱਖ ਰੁਪਏ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਸਰਕਾਰ ਅਜਮੇਰ ਸਿੰਘ ਔਲਖ ਦੀ ਬਿਮਾਰੀ ‘ਤੇ ਆ ਰਹੇ ਸਾਰੇ ਖਰਚੇ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਉਠਾਏ। ਦੂਜੇ ਪਾਸੇ ਵੱਡੀ ਗਿਣਤੀ ‘ਚ ਸਾਹਿਤ ਪ੍ਰੇਮੀ, ਜਨਤਕ ਜਥੇਬੰਦੀਆਂ ਦੇ ਆਗੂ ਤੇ ਰੰਗ ਕਰਮੀ ਅਜਮੇਰ ਸਿੰਘ ਦਾ ਪਤਾ ਲੈਣ ਲਈ ਹਸਪਤਾਲ ਪਹੁੰਚੇ ਇਸ ਸਬੰਧੀ ਅਜਮੇਰ ਔਲਖ ਦੀ ਪਤਨੀ ਮਨਜੀਤ ਕੌਰ ਨੇ ਕਿਹਾ ਕਿ ਪੰਜਾਬ ‘ਚੋਂ ਅਜਮੇਰ ਅਲੌਖ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕਰਨ ਲਈ ਵੱਡੀ ਗਿਣਤੀ ‘ਚ ਫੋਨ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਔਲਖ ਸਾਹਿਬ ਦਾ ਇਲਾਜ ਕਰਵਾਇਆ ਜਾ ਰਿਹਾ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆ ਰਹੀ। ਜ਼ਿਕਰਯੋਗ ਹੈ ਕਿ ਰੰਗਮੰਚ ਦੀ ਉੱਘੀ ਹਸਤੀ ਅਜਮੇਰ ਸਿੰਘ ਔਲਖ ਨੇ ਆਪਣਾ ਸਮੁੱਚਾ ਜੀਵਨ ਸਮਾਜ ਦੇ ਦੱਬੇ-ਕੁਚਲੇ ਵਰਗਾਂ ਨੂੰ ਦਰਪੇਸ਼ ਸਮੱਸਿਆਵਾਂ ਤੇ ਔਕੜਾਂ ਭਰੇ ਹਾਲਾਤ ਨੂੰ ਨਾਟਕਾਂ ਰਾਹੀਂ ਉਭਾਰਦਿਆਂ ਸਮਰਪਿਤ
ਕਰ ਦਿੱਤਾ।