ਮੁੱਖ ਮੰਤਰੀ ਵੱਲੋਂ ਖੇਤੀਬਾੜੀ ਅਧਿਕਾਰੀਆਂ ਨਾਲ ਮੀਟਿੰਗ
ਸੱਚ ਕਹੂੰ ਨਿਊਜ਼
ਚੰਡੀਗੜ੍ਹ,
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਖੇਤੀਬਾੜੀ ਮਹਿਕਮੇ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਨਰਮਾ ਕਾਸ਼ਤਕਾਰਾਂ ਨੂੰ ਨਕਲੀ ਬੀਜ ਤੇ ਕੀਟਨਾਸ਼ਕ ਵੇਚਣ ਵਾਲਿਆਂ ਖਿਲਾਫ਼ ਕਰੜੀ ਕਾਰਵਾਈ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਕਿਸਾਨਾਂ ਨੂੰ ਨਰਮੇ ਦੇ ਬੀਜਾਂ ਦੀਆਂ ਪ੍ਰਵਾਨਿਤ 33 ਕਿਸਮਾਂ ਹੀ ਮਿੱਥੇ ਭਾਅ ‘ਤੇ ਮੁਹੱਈਆ ਕਰਵਾਈਆਂ ਜਾਣ ਤਾਂ ਕਿ ਉਨ੍ਹਾਂ ਦੀ ਫਸਲ ਦਾ ਨੁਕਸਾਨ ਹੋਣ ਤੋਂ ਰੋਕਿਆ ਜਾ ਸਕੇ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹਰਿਆਣਾ ਨਾਲ ਤਾਲਮੇਲ ਕਰਕੇ ਪੂਰੇ ਖਿੱਤੇ ਵਿੱਚ ਇੱਕੋ ਜਿਹੇ ਬੀਜ ਅਤੇ ਇਸ ਦੀ ਬੀਜਾਂਦ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
ਮੁੱਖ ਮੰਤਰੀ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਉਹ ਵਸਤਾਂ ਦੀ ਕਿਸੇ ਮੌਜੂਦਾ ਐਕਸਚੇਂਜ ਨਾਲ ਸਾਂਝ ਕੀਤੇ ਜਾਣ ਜਾਂ ਆਪਣੀ ਐਕਸਚੇਂਜ ਸਥਾਪਤ ਕਰਨ ਦੀ ਸੰਭਾਵਨਾ ਨੂੰ ਘੋਖਣ ਤਾਂ ਜੋ ਆਲੂ ਤੇ ਨਰਮੇ ਵਰਗੀਆਂ ਫਸਲਾਂ ਦਾ ਭਵਿੱਖੀ ਵਪਾਰ ਯਕੀਨੀ ਬਣਾਇਆ ਜਾ ਸਕੇ ਜਿਸ ਨਾਲ ਕਿਸਾਨਾਂ ਨੂੰ ਇਨ੍ਹਾਂ ਫਸਲਾਂ ਦੀ ਨਿਸ਼ਚਤ ਵਿੱਕਰੀ ਦੇ ਨਾਲ-ਨਾਲ ਆਪਣੀਆਂ ਫਸਲਾਂ ਨੂੰ ਘੱਟ ਮੁੱਲ ‘ਤੇ ਵੇਚਣ ਤੋਂ ਰਾਹਤ ਮਿਲ ਸਕੇ।
ਅੱਜ ਇੱਥੇ ਖੇਤੀਬਾੜੀ ਮਹਿਕਮੇ ਦੀ ਜਾਇਜ਼ਾ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਹ ਛੇਤੀ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਉਨ੍ਹਾਂ ਪਾਸੋਂ ਕਿਸਾਨਾਂ ਨੂੰ ਮੱਕੀ ਦਾ ਘੱਟੋ-ਘੱਟ ਸਮਰਥਨ ਮੁੱਲ 1300 ਪ੍ਰਤੀ ਕੁਇੰਟਲ ਦੇ ਮੁਕਾਬਲੇ ਮਾਰਕਿਟ ਵਿੱਚ 1100 ਰੁਪਏ ਪ੍ਰਤੀ ਕੁਇੰਟਲ ਵਿਕਣ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਮੁਆਵਜ਼ਾ ਦੇਣ ਦੀ ਮੰਗ ਕਰਨਗੇ। ਇੱਥੇ ਇਹ ਜ਼ਿਕਰਯੋਗ ਹੈ ਕਿ ਹਾਲਾਂਕਿ ਕੇਂਦਰ ਸਰਕਾਰ ਮੱਕੀ ‘ਤੇ ਘੱਟੋ-ਘੱਟ ਸਮਰਥਨ ਮੁੱਲ ਨਿਰਧਾਰਤ ਕਰਦੀ ਹੈ ਪਰ ਉਹ ਸਿੱਧੇ ਤੌਰ ‘ਤੇ ਇਸ ਨੂੰ ਖਰੀਦਦੀ ਨਹੀਂ ਹੈ।