ਬੁਲੰਦਸ਼ਹਿਰ ਦੁਰਾਚਾਰ ਕਾਂਡ : ਆਜਮ ਖਾਨ ਖਿਲਾਫ਼ ਪੀੜਤ ਲੜਕੀ ਪੁੱਜੀ ਸੁਪਰੀਮ ਕੋਰਟ

ਨਵੀਂ ਦਿੱਲੀ।  ਬੁਲੰਦਸ਼ਹਿਰ ਦੁਰਾਚਾਰ ਮਾਮਲੇ ‘ਚ 14 ਵਰ੍ਹਿਆਂ ਦੀ ਪੀੜਤ ਲੜਕੀ ਨੇ ਅੱਜ ਸੁਪਰੀਮ ਕੋਰਟ ‘ਚ ਪਟੀਸ਼ਨ ਪਾਈ ਹੈ। ਇਸ ਪਟੀਸ਼ਨ ‘ਚ ਉੱਤਰ ਪ੍ਰਦੇਸ਼ ‘ਚ ਸਮਾਜਵਾਦੀ ਪਾਰਟੀ ਦੇ ਆਗੂ ਆਜਮ ਖਾਨ ‘ਤੇ ਐੱਫਆਈਆਰ ਦਰਜ ਕਰਨ ਲਈ ਕਿਹਾ ਗਿਆ ਹੈ। ਆਜਮ ਖਾਨ ਦੇ ਨਾਲ ਹੀ ਉਨ੍ਹਾਂ ਪੁਲਿਸ ਮੁਲਾਜ਼ਮਾਂ ‘ਤੇ ਵੀ ਕਾਰਵਾਈ ਕਰਨ ਨੂੰ ਕਿਹਾ ਗਿਆ ਹੈ ਜਿਨ੍ਹਾਂ ਨ ੇਪੀੜਤ ਪਰਿਵਾਰ ਦੀ ਮੱਦਦ ਨਹੀਂ ਕੀਤੀ। ਪਟੀਸ਼ਨ ‘ਚ ਕੇਸ ਨੂੰ ਦਿੱਲੀ ਟਰਾਂਸਫਰ ਕਰਨ ਦੀ ਵੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਪੀੜਤ ਲੜਕੀ ਵੀ ਚਾਹੁੰਦੀ ਹੈ ਕਿ ਅਦਾਲਤ ਉਸ ਦੇ ਪਰਿਵਾਰ ਦੀ ਸੁਰੱਖਿਆ, ਉਸ ਦੀ ਪੜ੍ਹਾਈ ਅਤੇ ਦੂਸਰੀ ਜਗ੍ਹਾ ਘਰ ਦਿਵਾਉਣ ‘ਚ ਵੀ ਮੱਦਦ ਕਰੇ ਤੇ ਜਾਂਚ ‘ਤੇ ਆਪਣੀ ਨਿਗਰਾਨੀ ਵੀ ਰੱਖੇ।
ਜ਼ਿਕਰਯੋਗ ਹੈ ਕਿ ਬੁਲੰਦ ਸ਼ਹਿਰ ‘ਚ ਇਹ ਘਟਨਾ ਹੋਣ ਤੋਂ ਬਾਅਦ ਸਪਾ ਦੇ ਆਗੂ ਆਜਮ ਖਾਨ ਨੇ ਇਸ ਮਾਮਲੇ ‘ਚ ਸਿਆਸੀ ਐਂਗਲ ਦੀ ਗੱਲ ਕਹੀ ਸੀ। ਆਜਮ ਨੇ ਕਿਹਾ ਸੀ ਕਿ ਸਾਨੂੰ ਇਸ ਗੱਲ ਦੀ ਵੀ ਜਾਂਚ ਕਰਨੀ ਚਾਹੀਦੀ  ਹੈ ਕਿ ਕਿਤੇ ਇਹ ਪੂਰਾ ਵਿਵਾਦ ਕਿਸੇ ਵਿਰੋਧੀ ਤੱਤ ਨੇ ਸਰਕਾਰ ਨੂੰ ਬਦਨਾਮ ਕਰਨ ਲਈ ਤਾਂ ਪੈਦਾ ਨਹੀਂ ਕੀਤਾ। ਜੋ ਲੋਕ ਸੱਤਾ ਹਾਸਲ ਕਰਨਾ ਚਾਹੁੰਦੇ ਹਨ ਉਹ ਸਿਆਸੀ ਫਾਇਦੇ ਲਈ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਹਨ।