ਬਰਤਨ ਸਟੋਰ ‘ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ 

ਰਜਨੀਸ਼ ਰਵੀ
ਜਲਾਲਾਬਾਦ,
ਸਥਾਨਕ ਪੁਰਾਣੀ ਟੈਲੀਫੋਨ ਐਕਸਚੈਂਜ ਵਾਲੀ ਗਲੀ ਵਿੱਚ ਬੀਤੀ ਦੇਰ ਰਾਤ ਇੱਕ ਬਰਤਨ ਸਟੋਰ ਵਿੱਚ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਪਤਾ ਬਰਤਨ ਸਟੋਰ ਦੇ ਸੰਚਾਲਕ ਦੇ ਬੇਟੇ ਕੇਸ਼ਵ ਗੁਪਤਾ ਨੇ ਦੱਸਿਆ ਕਿ ਉਹ ਆਪਣੇ ਬਰਤਨ ਸਟੋਰ ਦੇ ਉੱਪਰ ਬਣੀ ਰਿਹਾਇਸ਼ ਵਿੱਚ ਬੀਤੀ ਰਾਤ ਸੌ ਰਹੇ ਸੀ ਤਾਂ ਕਰੀਬ 3 ਵਜੇ ਜਦੋਂ ਉਹ ਪਾਣੀ ਪੀਣ ਲਈ ਉਠਿਆ ਤਾਂ ਉਸਨੇ ਪੌੜੀਆ ਵਾਲੀ ਸਾਇਡ ਤੋਂ ਧੂੰਆ ਨਿਕਲਦਾ ਵੇਖਿਆ ਉਸਨੇ ਆਪਣੇ ਨਾਲ ਰਹਿੰਦੇ ਮੁਲਾਜ਼ਮਾਂ ਨੂੰ ਦੱਸਿਆ ਅਤੇ ਉਹ ਛੱਤ ਤੋਂ ਗਲੀ ਵਾਲੇ ਪਾਸੇ ਉਤਰ ਗਏ। ਰੌਲਾ ਪਾਉਣ ‘ਤੇ ਲੋਕ ਇਕੱਠੇ ਹੋ ਗਏ ਅਤੇ ਪਟਰੋਲਿੰਗ ‘ਤੇ ਤੈਨਾਤ ਪੁਲਿਸ ਕਰਮਚਾਰੀ ਵੀ ਮੌਕੇ ‘ਤੇ ਆ ਗਏ  ਉਨ੍ਹਾਂ ਦੱਸਿਆ ਕਿ ਉਹ ਖੁਦ ਅੱਗ ‘ਤੇ ਕਾਬੂ ਪਾਉਣ ਲਈ ਜੁਟ ਗਏ ਅਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਸੂਚਨਾ ਮਿਲਣ ਦੇ ਕੁਝ ਸਮੇਂ ਬਾਅਦ ਫਾਇਰ ਬ੍ਰਿਗੇਡ ਗੱਡੀ ਵੀ ਮੌਕੇ ‘ਤੇ ਪੁੱਜ ਗਈ ਅਤੇ ਕਾਫੀ ਜੱਦੋ ਜਹਿਦ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।  ਉਨ੍ਹਾਂ ਦੱਸਿਆ ਕਿ ਅੱਗ ਦੀ ਲਪੇਟ ਵਿੱਚ ਆ ਕੇ ਇੱਕ ਐਕਟਿਵਾ ਅਤੇ ਹੋਰ ਕੀਮਤੀ ਸਮਾਨ ਸੜ ਕੇ ਸਵਾਹ ਹੋ ਗਿਆ।ਉਨ੍ਹਾਂ ਕਿਹਾ ਕਿ ਉਸਦੇ ਪਿਤਾ ਜੀ ਬਾਹਰ ਗਏ ਹੋਏ ਹਨ ਅਤੇ ਉਨ੍ਹਾਂ ਦੇ ਆਉਣ ‘ਤੇ ਹੀ ਹੋਏ ਨੁਕਸਾਨ ਬਾਰੇ ਪਤਾ ਚੱਲ ਸਕੇਗਾ ਪਰ ਮੋਟੇ ਅੰਦਾਜੇ ਅਨੁਸਾਰ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਹਾਦਸੇ ਦੌਰਾਨ ਮੌਕੇ ‘ਤੇ ਪੁੱਜੇ ਐਸ.ਐਚ.ਓ. ਤੇਜਿੰਦਰ ਪਾਲ ਸਿੰਘ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਉਹ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ ਅਤੇ ਭਾਰੀ ਮੁਸ਼ੱਕਤ ਕਰਨ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਲੋਕਾਂ ਵੱਲੋਂ ਥਾਣਾ ਸਿਟੀ ਮੁਖੀ ਤਜਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਅੱਗ ‘ਤੇ ਕਾਬੂ ਪਾਉਣ ਲਈ ਕੀਤੀ ਮੱਦਦ ਦੀ ਸ਼ਲਾਘਾ ਕੀਤੀ ਜਾ ਰਹੀ ਹੈ।