ਪਰਾਲੀ ਵਾਹੁਣ ਨਾਲ ਹੋਈ ਕਣਕ ਦੀ ਭਰਪੂਰ ਫਸਲ

ਕਣਕ ਦੀ ਬਿਜਾਈ ਦਾ ਖਰਚਾ ਵੀ ਘਟਿਆ
ਵਿਜੈ ਸਿੰਗਲਾ
ਭਵਾਨੀਗੜ੍ਹ
ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਥਾਂ ਖੇਤਾਂ ਵਿੱਚ ਹੀ ਵਾਹਕੇ ਸਿੱਧੀ ਬੀਜੀ ਗਈ ਕਣਕ ਦੀ ਫਸਲ ਸਫਲਤਾਪੂਰਵਕ ਨੇਪਰੇ ਚੜ੍ਹੀ ਹੈ।ਇੱਥੋਂ ਨੇੜਲੇ ਪਿੰਡ ਘਰਾਚੋਂ ਦੇ ਕੋਠੇ ਚੜਿੱਕ ਵਾਲੇ ਦੇ ਵਸਨੀਕ ਕਿਸਾਨ ਸੁਖਦੇਵ ਸਿੰਘ ਚੜਿੱਕ ਨੇ ਦੱਸਿਆ ਕਿ ਵਾਤਾਵਰਨ ਅੰਦਰ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਦੇ ਉਪਰਾਲੇ ਵਜੋਂ ਉਸਨੇ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਅਤੇ ਕਣਕ ਦੇ ਕਰਚਿਆਂ ਨੂੰ ਅੱਗ ਨਾ ਲਾਉਣ ਦਾ ਫ਼ੈਸਲਾ ਕੀਤਾ ਸੀ।
ਇਸ ਫ਼ੈਸਲੇ ਦੌਰਾਨ ਉਸਨੇ ਆਪਣੇ 15 ਏਕੜ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਈ ਸਗੋਂ ਉਸਨੇ ਨਵੀਂ ਤਕਨੀਕ ਨਾਲ ਬਣੇ ਪੈਡੀਸਟਾਰ ਚੌਪਰ ਨਾਲ ਝੋਨੇ ਦੀ ਪਰਾਲੀ ਦਾ ਬਰੀਕ ਟੋਕਾ ਕਰਕੇ ਖੇਤਾਂ ਵਿੱਚ ਹੀ ਖਿਲਾਰ ਦਿੱਤਾ ਤੇ ਬਾਅਦ ਵਿੱਚ ਰੋਟਾਵੇਟਰ ਨਾਲ ਪਰਾਲੀ ਦੇ ਟੋਕੇ ਨੂੰ ਖੇਤਾਂ ਵਿੱਚ ਵਾਹਕੇ ਕਣਕ ਦੀ ਸਿੱਧੀ ਬਿਜਾਈ ਕਰ ਦਿੱਤੀ। ਅਗਾਂਹਵਧੂ ਕਿਸਾਨ ਨੇ ਦੱਸਿਆ ਕਿ ਇਸ ਢੰਗ ਨਾਲ ਕਣਕ ਦੀ ਬਿਜਾਈ ਕਾਰਨ ਉਸਦਾ ਖਰਚਾ ਘੱਟ ਆਇਆ ਹੈ ਅਤੇ ਵਾਤਾਵਰਨ ਵਿੱਚ ਪ੍ਰਦੂਸ਼ਣ ਵੀ ਨਹੀਂ ਫੈਲਿਆ। ਕਣਕ ਵਿੱਚ ਨਦੀਨ ਘੱਟ ਪੈਦਾ ਹੋਏ, ਜਿਸ ਕਾਰਨ ਨਦੀਨ ਮਾਰਨ ਵਾਲੀ ਦਵਾਈ ਦੀ ਵੀ ਘੱਟ ਵਰਤੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਮੀਂਹ ਅਤੇ ਝੱਖੜ ਦੇ ਬਾਵਜੂਦ ਕਣਕ ਬਿਲਕੁਲ
ਡਿੱਗੀ ਨਹੀਂ ਅਤੇ ਝਾੜ ਵੀ ਵਧੇਰੇ ਨਿਕਲਣ ਦੀ ਆਸ ਹੈ।