ਰਘਬੀਰ ਸਿੰਘ
ਲੁਧਿਆਣਾ,
ਸਥਾਨਕ ਥਾਣਾ ਮੇਹਰਵਾਨ ਹੇਠ ਆਉਂਦੇ ਇਲਾਕੇ ਪਿੰਡ ਗਦਾਰਪੁਰ ਤੋਂ ਜ਼ਿਲ੍ਹਾ ਫਰੀਦਕੋਟ ਅਤੇ ਲੁਧਿਆਣਾ ਦੀ ਪੁਲਿਸ ਨੇ ਖੂਫੀਆ ਸੂਚਨਾ ਦੇ ਅਧਾਰ ‘ਤੇ ਛਾਪੇਮਾਰੀ ਕਰਕੇ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਸ ਦੇ ਕਬਜੇ ‘ਚੋਂ 12 ਬੋਰ ਇੱਕ ਸਿੰਗਲ ਬੈਰਲ ਰਾਈਫਲ ਸਮੇਤ ਕਈ ਜ਼ਿੰਦਾ ਅਤੇ ਚੱਲੇ ਹੋਏ ਕਾਰਤੂਸਾਂ ਸਮੇਤ 10 ਮੋਬਾਈਲ ਫੋਨ ਬ੍ਰਾਮਦ ਕੀਤੇ ਹਨ। ਗ੍ਰਿਫ਼ਤਾਰ ਗੈਂਗਸਟਰ ਦੀ ਪਛਾਣ ਨਵਪ੍ਰੀਤ ਸਿੰਘ ਉਰਫ ਨੋਵੀ ਵਜੋਂ ਹੋਈ ਹੈ। ਨਵਪ੍ਰੀਤ ਸਿੰਘ ਖਿਲਾਫ਼ ਪਹਿਲਾਂ ਵੀ 2 ਮੁਕੱਦਮੇ ਦਰਜ਼ ਹਨ।
ਪੱਤਰਕਾਰ ਸੰਮੇਲਨ ਦੌਰਾਨ ਅੱਜ ਡੀਸੀਪੀ ਧਰੂਮਲ ਨਿੰਬਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਮੀ ਗੈਂਗਸਟਰ ਧਰਮਿੰਦਰ ਗੁਗਨੀ ਦੇ ਸਾਥੀਆਂ ਦੀ ਮੇਹਰਵਾਨ ਵਿਖੇ ਲੁਕੇ ਹੋਣ ਦੀ ਖੂਫੀਆ ਸੂਚਨਾ ਮਿਲੀ। ਲੁਧਿਆਣਾ ਦੀ ਪੁਲਿਸ ਨੇ ਜ਼ਿਲ੍ਹਾ ਫਰੀਦਕੋਟ ਦੀ ਪੁਲਿਸ ਨਾਲ ਮਿਲ ਕੇ ਛਾਪੇਮਾਰੀ ਕੀਤੀ ਜਿੱਥੋਂ ਨਵਪ੍ਰੀਤ ਸਿੰਘ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ। ਗੁਗਨੀ ਕਤਲ ਕੇਸ ਵਿੱਚ ਨਾਭਾ ਜ਼ੇਲ੍ਹ ਵਿੱਚ ਬੰਦ ਹੈ। ਗੁਗਨੀ ਗੈਂਗ ਦੀ ਸੰਦੀਪ ਖਵਾਜਕਾ ਗੈਂਗ ਨਾਲ ਦੁਸ਼ਮਣੀ ਚੱਲ ਰਹੀ ਹੈ। ਇਹ ਦੋਵੇਂ ਗੈਂਗ ਆਪਣੇ ਨਾਲ ਅਸਲਾ ਲੈ ਕੇ ਚੱਲਦੇ ਹਨ। ਨਵਪ੍ਰੀਤ ਦੀ ਗ੍ਰਿਫ਼ਤਾਰੀ ਮੌਕੇ ਉਸ ਕੋਲੋਂ ਇੱਕ 12 ਬੋਰ ਦੀ ਸਿੰਗਲ ਬੋਰ ਰਾਈਫਲ, 29 ਜ਼ਿੰਦਾ ਕਾਰਤੂਸ 12 ਬੋਰ, ਇੱਕ ਕਾਰਤੂਸ 12 ਬੋਰ ਚੱਲਿਆ ਹੋਇਆ, 9 ਕਾਰਤੂਸ ਖੋਲ 32 ਬੋਰ, ਇੱਕ ਲੋਹੇ ਦੀ ਗੰਡਾਸੀ, ਇੱਕ ਬਰਛਾ, ਇੱਕ ਕਿਰਪਾਨ, ਅਤੇ 10 ਮੋਬਾਈਲ ਫੋਨ ਵੱਖ ਵੱਖ ਮਾਰਕੇ ਦੇ ਬ੍ਰਾਮਦ ਹੋਏ। ਉਨ੍ਹਾਂ ਦੱਸਿਆ ਕਿ ਬ੍ਰਾਮਦ ਕਾਰਤੂਸ ਗੈਂਗਸਟਰ ਕਿੱਥੋਂ ਲਿਆਉਂਦੇ ਹਨ, ਇਸ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਨਵਪ੍ਰੀਤ ਸਿੰਘ ਨੇ ਚੋਣਾਂ ਦੌਰਾਨ ਆਪਣਾ ਅਸਲਾ ਸਬੰਧਿਤ ਥਾਣੇ ਵਿੱਚ ਜਮ੍ਹਾਂ ਨਹੀਂ ਕਰਵਾਇਆ ਸੀ ਜਿਸ ਸਬੰਧੀ ਉਸ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।