ਸ਼ਹਿਰ ‘ਚ ਫੈਲੀ ਸੋਗ ਦੀ ਲਹਿਰ
ਤਪਾ ਮੰਡੀ, (ਮਾਰਕੰਡਾ) ਸੰਗਰੀਆ (ਰਾਜਸਥਾਨ) ਨੇੜੇ ਦੇਰ ਰਾਤ ਵਾਪਰੇ ਇੱਕ ਸੜਕ ਹਾਦਸੇ ‘ਚ ਅਜ਼ਾਦ ਨਗਰ ਤਪਾ ਦੇ ਵਸਨੀਕ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਵਾਪਸ ਪਰਤਦੇ ਸਮੇਂ ਮੌਤ ਹੋ ਗਈ। ਜਿਸ ਕਾਰਨ ਸ਼ਹਿਰ ਵਿੱਚ ਸ਼ੋਕ ਦੀ ਲਹਿਰ ਫੈਲ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਸੇਵਾਮੁਕਤ ਅਧਿਆਪਕ ਪਵਨ ਕੁਮਾਰ ਧੂਰਕੋਟੀਆ ਦੇ ਪੁੱਤਰ ਗਗਨ (31) ਨੂੰਹ ਨੀਰੂ (29) ਤੇ ਇੱਕ ਸਾਲ ਦੀ ਬੇਟੀ ਸਮੇਤ ਆਪਣੇ ਸਹੁਰੇ ਪਰਿਵਾਰ ਨਾਲ ਰਾਜਸਥਾਨ ਤੋਂ ਦੇਰ ਰਾਤ ਵਾਪਸ ਘਰ (ਤਪਾ) ਪਰਤ ਰਹੇ ਸਨ। ਜਦ ਉਹ ਸੰਗਰੀਆ (ਰਾਜਸਥਾਨ) ਨਜ਼ਦੀਕ ਪੁੱਜੇ ਤਾਂ ਉਨਾਂ ਦੀ ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਵਿੱਚ ਸਵਾਰ ਉਕਤ ਤਿੰਨਾਂ ਦੀ ਮੌਕੇ ‘ਤੇ ਮੌਤ ਹੋ ਗਈ। ਜਦ ਕਿ ਗਗਨ ਦੀ ਸੱਸ, ਸਾਲਾ, ਸਾਲੇਹਾਰ ਅਤੇ ਬੇਟਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਿੰਨਾਂ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਨਾਲ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲ ਗਈ