ਮੇਵਾ ਸਿੰਘ
ਲੰਬੀ,
ਪਿੰਡ ਕੱਟਿਆਂਵਾਲੀ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਡੀਐਸਪੀ ਜਸਵੰਤ ਸਿੰਘ ਦੀ ਅਗਵਾਈ ਵਿਚ ਕੀਤੀ ਛਾਪੇਮਾਰੀ ਦੌਰਾਨ ਮਲੂਕਾ ਨਹਿਰ ਦੇ ਆਲੇ ਦੁਆਲੇ ਦੂਰ ਦੁਰਾਡੇ ਇਲਾਕੇ ਵਿਚ ਉਘੇ ਸਰਕੰਡੇ ਵਿੱਚੋਂ ਹਜ਼ਾਰਾਂ ਲੀਟਰ ਕੱਚੀ ਲਾਹਨ, ਸੈਂਕੜੇ ਬੋਤਲਾਂ ਸ਼ਰਾਬ ਤੇ ਦਰਜ਼ਨਾਂ ਚੱਲਦੀਆਂ ਭੱਠੀਆਂ ਦਾ ਸਮਾਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਅਨੁਸਾਰ ਇਸ ਛਾਪੇਮਾਰੀ ‘ਚ ਕੁੱਲ 24,000 ਲੀਟਰ ਕੱਚੀ ਲਾਹਨ, 200 ਬੋਤਲਾਂ ਸ਼ਰਾਬ ਅਤੇ ਸ਼ਰਾਬ ਤਿਆਰ ਕਰਨ ਵਾਲਾ ਸਮਾਨ ਬਰਾਮਦ ਕੀਤਾ ਹੈ। ਪਤੇ ਦੀ ਗੱਲ ਇਹ ਹੈ ਕਿ ਇਸ ਵਾਰ ਵੀ ਇਸ ਛਾਪੇਮਾਰੀ ਦੌਰਾਨ ਕੋਈ ਤਸਕਰ ਪੁਲਿਸ ਦੇ ਕਾਬੂ ਨਹੀਂ ਆ ਸਕਿਆ ਛਾਪਾਮਾਰੀ ਕਰਨ ਪਹੁੰਚੇ ਪੁਲਿਸ ਦੇ ਅਧਿਕਾਰੀ ਨੇ ਕਾਰਵਾਈ ਦੌਰਾਨ ਸਿਰਫ ਹਜ਼ਾਰਾਂ ਲੀਟਰ ਲਾਹਣ ਅਤੇ ਦੇਸੀ ਸਰਾਬ ਬਰਾਮਦ ਕਰਕੇ ਤਿੰਨ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਬਾਰੇ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਜੂਨ 2016 ਵਿਚ ਅਜਿਹੀ ਕਾਰਵਾਈ ਕਰਕੇ ਪੁਲਿਸ ਨੇ ਸੈਂਕੜੇ ਭੱਠੀਆਂ ਬਰਬਾਦ ਕੀਤੀਆਂ ਗਈਆਂ ਸਨ। ਉਸ ਤੋਂ ਬਾਅਦ 14 ਜਨਵਰੀ 2017 ਨੂੰ ਕਾਰਵਾਈ ਕਰਕੇ 26 ਹਜ਼ਾਰ ਲੀਟਰ ਲਾਹਣ ਬਰਾਮਦ ਕਰਕੇ ਲਗਭਗ 30 ਵਿਅਕਤੀਆਂ ਖਿਲਾਫ ਮੁਕੱਦਮਾ ਕਰ ਲਿਆ ਗਿਆ ਸੀ।